ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸਾਰੇ ਮੋਰਚਿਆਂ ਤੇ ਅਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗੜੇ ਆਰਥਿਕ ਹਾਲਾਤ, ਖੇਤੀ ਸੰਕਟ ਅਤੇ ਗਵਾਂਢੀ ਦੇਸ਼ਾਂ ਦੇ ਨਾਲ ਸਬੰਧਾਂ ਦੇ ਹਿਸਾਬ ਨਾਲ ਵੀ ਮੋਦੀ ਸਰਕਾਰ ਫੇਲ੍ਹ ਸਾਬਿਤ ਹੋਈ ਹੈ।
ਕਾਂਗਰਸ ਦੇ ਉਚ ਨੇਤਾ ਕਪਿਲ ਸਿੱਬਲ ਦੀ ਕਿਤਾਬ ‘ਸ਼ੇਡਸ ਆਫ ਟਰੁਥ’ ਦੇ ਰਿਲੀਜ਼ ਸਮਾਗਮ ਦੌਰਾਨ ਸਾਬਕਾਪ੍ਰਧਾਨ ਮੰਤਰੀ ਨੇ ਮੌਜੂਦਾ ਮੋਦੀ ਸਰਕਾਰ ਦੀਆਂ ਅਯੋਗਤਾਵਾਂ ਦੇ ਕੱਚੇ ਚਿੱਠੇ ਖੋਲ੍ਹੇ। ਉਨ੍ਹਾਂ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੇ ਨਾਲ ਕਪਿਲ ਸਿੱਬਲ ਦੀ ਕਿਤਾਬ ਰਿਲੀਜ਼ ਕੀਤੀ। ਸਾਬਕਾ ਪੀਐਮ ਨੇ ਪੁਸਤਕ ਦੀ ਤਾਰੀਫ਼ ਕਰਦੇ ਹੋਏ ਕਿਹਾ, ਇਹ ਕਿਤਾਬ ਚੰਗੀ ਤਰ੍ਹਾਂ ਖੋਜ ਕਰਨ ਦੇ ਬਾਅਦ ਲਿਖੀ ਗਈ ਹੈ। ਇਸ ਵਿੱਚ ਮੋਦੀ ਸਰਕਾਰ ਦਾ ਪੂਰਾ ਚਿੱਠਾ ਹੈ। ਇਸ ਵਿੱਚ ਸਰਕਾਰ ਦੀਆਂ ਨਾਕਾਮਯਾਬੀਆਂ ਦਾ ਵਰਨਣ ਹੈ। ਇਹ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਜ਼ਾਹਿਰ ਕਰਦੀ ਹੈ। ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਇਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਚਾਰ ਸਾਲ ਵਿੱਚ ਪੂਰੇ ਨਹੀਂ ਕੀਤੇ ਗਏ।’
ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਦੇਸ਼ ਵਿੱਚ ਖੇਤੀ ਸੰਕਟ ਹੈ। ਕਿਸਾਨ ਪਰੇਸ਼ਾਨ ਹਨ ਅਤੇ ਅੰਦੋਲਨ ਕਰ ਰਹੇ ਹਨ। ਨੌਜਵਾਨ 2 ਕਰੋੜ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਹਨ।’ ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਉਤਪਾਦਨ ਅਤੇ ਵਿਕਾਸ ਦੀ ਰਫ਼ਤਾਰ ਰੁਕ ਗਈ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ, ‘ ਨੋਟਬੰਦੀ ਅਤੇ ਗੱਲਤ ਢੰਗ ਨਾਲ ਲਾਗੂ ਕੀਤੀ ਗਈ ਜੀਐਸਟੀ ਦੀ ਵਜ੍ਹਾ ਨਾਲ ਕਾਰੋਬਾਰ ਤੇ ਪ੍ਰਭਾਵ ਪਿਆ ਹੈ। ਕਥਿਤ ਤੌਰ ਤੇ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧੰਨ ਨੂੰ ਲਿਆਉਣ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ। ਦਲਿਤ ਅਤੇ ਘੱਟਗਿਣਤੀ ਡਰੇ ਹੋਏ ਹਨ।’
ਉਨ੍ਹਾਂ ਨੇ ਮੋਦੀ ਸਰਕਾਰ ਤੇ ਵਿਦੇਸ਼ ਨੀਤੀ ਦੇ ਮੋਰਚੇ ਤੇ ਵੀ ਅਸਫ਼ਲ ਰਹਿਣ ਦੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪਿੱਛਲੇ 4 ਸਾਲਾਂ ਵਿੱਚ ਗਵਾਂਢੀ ਦੇਸ਼ਾਂ ਨਾਲ ਸਾਡੇ ਸਬੰਧ ਖਰਾਬ ਹੋਏ ਹਨ। ਉਨ੍ਹਾਂ ਅਨੁਸਾਰ ਸਿਖਿਅਕ ਅਦਾਰਿਆਂ ਤੇ ਵੀ ਪ੍ਰਤੀਬੰਧ ਲਗਾਏ ਜਾ ਰਹੇ ਹਨ, ਜਿਸ ਨਾਲ ਉਥੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ।