ਇਸਲਾਮਾਬਾਦ – ਪਾਕਿਸਤਾਨ ਬਹੁਤ ਜਲਦੀ ਹੀ ਦੇ ਸਕਦਾ ਹੈ ਸਿੱਖ ਸ਼ਰਧਾਲੂਆਂ ਨੂੰ ਬਹੁਤ ਵੱਡਾ ਤੋਹਫ਼ਾ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਐਲਾਨ ਕੀਤਾ ਹੈ ਕਿ ਇਸ ਇਤਿਹਾਸਿਕ ਗੁਰਦੁਆਰੇ ਵਿੱਚ ਦਰਸ਼ਨਾਂ ਦੇ ਲਈ ਆਉਣ ਵਾਲੇ ਭਾਰਤ ਦੇ ਸਿੱਖਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ। ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਸਮੇਂ ਜਨਰਲ ਬਾਜਵਾ ਨਾਲ ਇਸ ਸਬੰਧੀ ਕੀਤੀ ਗੱਲਬਾਤ ਵੀ ਕਰਤਾਰਪੁਰ ਕਾਰੀਡੋਰ ਦਾ ਮੁੱਦਾ ਕਾਫ਼ੀ ਸੁਰਖੀਆਂ ਵਿੱਚ ਰਿਹਾ ਸੀ। ਭਾਰਤ ਵਿੱਚ ਇਸ ਮਸਲੇ ਤੇ ਸਿੱਧੂ ਦੀ ਬਹੁਤ ਸਖਤ ਆਲੋਚਨਾ ਹੋਈ ਸੀ।
ਸੂਚਨਾ ਮੰਤਰੀ ਨੇ ਬੀਬੀਸੀ ਉਰਦੂ ਨੂੰ ਦਿੱਤੇ ਗਏ ਇੱਕ ਇੰਟਰਵਿਯੂ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਹੈ। ਇਹ ਧਾਰਮਿਕ ਅਤੇ ਇਤਿਹਾਸਿਕ ਗੁਰਦੁਆਰਾ ਭਾਰਤ ਵਿੱਚਲੇ ਪੰਜਾਬ ਦੀ ਸੀਮਾ ਦੇ ਕਰੀਬ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਵਿੱਚ ਸਥਿਤ ਹੈ। ਇਹ ਧਾਰਮਿਕ ਸਥਾਨ ਸਿੱਖਾਂ ਲਈ ਬਹੁਤ ਮਹੱਤਵਪੂਰਣ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਇੱਥੇ ਹੀ ਬਤੀਤ ਕੀਤਾ ਸੀ। ਹੁਣ ਪਾਕਿ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰਨ ਵਾਲੇ ਸਿੱਖਾਂ ਦੇ ਲਈ ਇੱਕ ਸਿਸਟਮ ਤਿਆਰ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਤੇ ਅਮਲ ਕੀਤਾ ਜਾਵੇਗਾ।
ਫਵਾਦ ਚੌਧਰੀ ਨੇ ਭਾਰਤ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਭਾਰਤ ਦੇ ਨਾਲ ਸ਼ਾਂਤੀ ਵਾਰਤਾ ਨੂੰ ਲੈ ਕੇ ਪਾਕਿਸਤਾਨ ਆਰਮੀ ਅਤੇ ਸਰਕਾਰ ਦੀ ਰਾਇ ਇੱਕ ਹੀ ਹੈ ਪਰ ਭਾਰਤ ਸਰਕਾਰ ਨੇ ਹੀ ਇਸ ਮਾਮਲੇ ਤੇ ਕੋਈ ਸਕਾਰਤਮਕ ਸੰਕੇਤ ਨਹੀਂ ਦਿੱਤਾ ਹੈ।’