ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲਣ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਦਿਤੇ ਬਿਆਨ ਦਾ ਭਰਪੂਰ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਵੀ ਉਕਤ ਸੰਬੰਧੀ ਤੁਰੰਤ ਹਰਕਤ ਵਿਚ ਆਉਣ ਲਈ ਅਪੀਲ ਕੀਤੀ ਹੈ।
ਉਹਨਾਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਖਬਰ ਨਾਲ ਸਿਖ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਲਾਂਘਾ ਖੁਲ ਜਾਂਦਾ ਹੈ ਤਾਂ ਸਿਖ ਭਾਈਚਾਰਾ ਅਤੇ ਨਾਨਕ ਨਾਮ ਲੇਵੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਉਹ ਬਿਨਾ ਵੀਜਾ ਗੁ: ਕਰਤਾਰ ਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ। ਉਹਨਾਂ ਭਾਰਤ ਅਤੇ ਪਾਕਿ ਸਰਕਾਰਾਂ ਨੂੰ ਸਿਖ ਭਾਵਨਾਵਾਂ ਅਤੇ ਦੋਹਾਂ ਦੇਸ਼ਾਂ ਵਿਚ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਨੂੰ ਮੁਖ ਰਖਦਿਆਂ ਲਾਂਘੇ ਪ੍ਰਤੀ ਸੰਜੀਦਗੀ ਦਿਖਾਉਣ ਨੂੰ ਕਿਹਾ ਹੈ।