ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਪਾਵਨ ਦਿਹਾੜੇ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਅਨੀ ਹਰਨਾਮ ਸਿੰਘ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਤ ਨੂੰ ਕਵੀ ਸੰਤੋਖ ਸਿੰਘ ਜੀ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ 1604 ਈ ’ਚ ਅਜ ਦੇ ਦਿਨ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਾਏ ਗਏ ਪਹਿਲੇ ਪ੍ਰਕਾਸ਼ ਨਾਲ ਸੰਬੰਧਿਤ ਕਥਾ ਸ੍ਰਵਣ ਕਰਾਇਆ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੀ ਮੌਜੂਦਗੀ ’ਚ ਦਮਦਮੀ ਟਕਸਾਲ ਮੁਖੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਇਕ ਮਨ ਇਕ ਚਿਤ ਹੋ ਮੰਤਰ ਮੁਕਤ ਤੇ ਅਡੋਲ ਰਹਿ ਕੇ ਪੂਰੇ ਅਦਬ ਸਤਿਕਾਰ ’ਚ ਕਥਾ ਸਰਵਣ ਕਰਨ ਵਾਲੀਆਂ ਸੰਗਤਾਂ ’ਚ ਗੁਰੂ ਪ੍ਰਤੀ ਵੈਰਾਗ ਦੇਖਿਆ ਗਿਆ। ਜੋ ਕਿ ਸਚਖੰਡ ਦਾ ਸਰੂਪ ਅਲੌਗਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬਾਣੀ ਗੁਰੂ ਦਾ ਹਿਰਦਾ ਹੈ। ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਅਕਾਲ ਪੁਰਖ ਦਾ ਸਰੂਪ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰੇਮ ਵਸ ਮਨ ਭਿਜਦਾ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰ ਲੈਦਾ ਹੈ। ਉਹਨਾਂ ਕਿਹਾ ਕਿ ਅਜ ਕਲ ਪ੍ਰਚਾਰ ਦੇ ਨਾਮ ’ਤੇ ਗੁਰਬਾਣੀ, ਸਿਧਾਂਤ, ਗੁਰੂ ਪ੍ਰਤੀ ਭਰੋਸਾ ਅਤੇ ਸ਼ਰਧਾ ਪ੍ਰਤੀ ਕਿੰਤੂ ਪ੍ਰੰਤੂ ਹੋ ਰਿਹਾ ਹੈ, ਗੁਰੂ ਨਾਲੋਂ ਤੋੜਣ ਵਾਲੇ ਅਜਿਹੇ ਲੋਕਾਂ ਤੋ ਸੁਚੇਤ ਰਹਿਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਜੋ ਵੀ ਗੁਰੂ ਗੰ੍ਰਥ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਨਾਲ ਚਿਤ ਜੋੜ ਕੇ ਰਖਣਗੇ ਜਹਾਜ ਦੇ ਨਿਆਈ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੈ ਜਾਣ ਦੀ ਤਿੰਨ ਕਾਲਾਂ ’ਚ ਸਦਾ ਹੀ ਯੋਗਦਾ ਰਖਦੇ ਹਨ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ, ਸ੍ਰੀ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠ ਮਰਿਆਦਾ ਅਤੇ ਰਵਾਇਤਾਂ ਤੋਂ ਜਾਣੂ ਕਰਾਇਆ। ਉਹਨਾਂ ਘਰਾਂ ਵਿਚ ਸਰੂਪ ਰਖਣ ਵਾਲਿਆਂ ਨੂੰ ਮਰਿਆਦਾ ਦਾ ਪੂਰਾ ਖਿਆਲ ਰਖਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਜੋ ਵੀ ਕਾਮਨਾ ਕਰ ਕੇ ਪੂਜਾ ਕਰੇਗਾ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹਨਾਂ ਗੁਰਬੁਣੀ ’ਚ ਵਾਧਾ ਘਾਟਾ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਣੀ ’ਚ ਕੋਈ ਵੀ ਅਖਰ ਲਗਾਂ ਮਾਤਰਾ ਆਦਿ ਦੀ ਤਬਦੀਲੀ ਨਹੀਂ ਹੋ ਸਕਦੀ, ਅਜਿਹਾ ਕਰਨਾ ਬੇਅਦਬੀ ਹੋਵੇਗਾ। ਉਹਨਾਂ ਕਿਹਾ ਕਿ ਕੋਠਾ ਸਾਹਿਬ ਅੰਦਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸੁਖਆਸਨ ਵਾਲੀ ਪਲੰਘ ਦੇ ਇਕ ਪਾਸੇ ਹੇਠ ਵਿਛਾਈ ਜਾਂਦਾ ਚਿੱਟੀ ਚਾਰਦ ਸਤਿਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਲਈ ਪ੍ਰੇਰਣਾ ਸਰੋਤ ਹਨ। ਇਸ ਤੌਂ ਪਹਿਲਾਂ ਉਹਨਾਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁਖਵਾਕ ਦੀ ਕਥਾ ਸੰਗਤ ਨੂੰ ਸਰਵਣ ਕਰਾਇਆ। ਦਮਦਮੀ ਟਕਸਾਲ ਮੁਖੀ ਨੇ ਸੰਗਤ ਨੂੰ ਅਮ੍ਰਿਤਧਾਰੀ ਹੋਵਨ, ਕੇਸ ਰਖਣ ਅਤੇ ਨਸ਼ਿਆਂ ਆਦਿ ਤੋਂ ਦੂਰ ਰਹਿਣ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ, ਸ੍ਰੀ ਅਕਾਲ ਤਖਤ ਸਾਹਿਬ ’ਤੇ ਹਾਜਰੀ ਦੀ ਸਦਾ ਤਾਂਘ ਰਖਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਭਾਈ ਮਨਜੀਤ ਸਿੰਘ, ਅਜਾਇਬ ਸਿੰਘ ਅਭਿਆਸੀ, ਜਸਪਾਲ ਸਿੰਘ ਸਿਧੂ ਮੰਬਈ, ਭਾਈ ਸਰਚਾਂਦ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਜਸਵਿਦਰ ਸਿੰਘ ਦੀਨਪੁਰ, ਸਮੇਤ ਭਾਰੀ ਸੰਢਿਆ ’ਚ ਸੰਗਤਾਂ ਅਤੇ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਮੌਜੂਦ ਸਨ।