ਨਵੀਂ ਦਿੱਲੀ – ਬੀਜੇਪੀ ਦੇ ਹੀ ਸਾਬਕਾ ਮੰਤਰੀ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੌਰੀ ਦੇ ਨਾਲ ਹੀ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੇਂਦਰ ਵਿੱਚ ਮੌਜੂਦਾ ਬੀਜੇਪੀ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਰਾਫੇਲ ਸੌਦੇ ਵਿੱਚੋਂ ਆਪਣੇ ਆਪ ਨੂੰ ਬਚਾਉਣ ਲਈ ਮੋਦੀ ਸਰਕਾਰ ਸੈਨਾ ਦਾ ਸਹਾਰਾ ਲੈ ਰਹੀ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਮੋਦੀ ਵਿਅਕਤੀਗਤ ਤੌਰ ਤੇ ਇਸ ਘੋਟਾਲੇ ਵਿੱਚ ਗੁਨਾਹਗਾਰ ਹਨ। ਹਾਲ ਹੀ ਵਿੱਚ ਹਵਾਈ ਸੈਨਾ ਚੀਫ਼ ਧਨੋਆ ਨੇ ਇਨ੍ਹਾਂ ਜਹਾਜ਼ਾਂ ਨੂੰ ਹਵਾਈ ਸਰਹੱਦਾਂ ਦੇ ਲਈ ਅਹਿਮ ਦੱਸਿਆ ਹੈ।
ਇਨ੍ਹਾਂ ਨੇਤਾਵਾਂ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਪ੍ਰਧਾਨਮੰਤਰੀ ਮੋਦੀ ਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਸਮਝੌਤਾ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ 126 ਜਹਾਜ਼ਾਂ ਦੇ ਖ੍ਰੀਦ ਪ੍ਰਸਤਾਵ ਨੂੰ ਘੱਟ ਕਰਕੇ 36 ਕਰ ਦਿੱਤਾ ਗਿਆ ਹੈ। ਏਅਰ ਮਾਰਸ਼ਲ ਐਸਬੀ ਦਿਓ ਦੀ ਰਾਫੇਲ ਸਬੰਧੀ ਕੀਤੀ ਗਈ ਟਿਪਣੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੂਰੀ ਤਰ੍ਹਾਂ ਨਾਲ ਉਜਾਗਰ ਹੋਣ ਦੇ ਬਾਅਦ ਸਰਕਾਰ ਹੁਣ ਇਸ ਸੌਦੇ ਤੋਂ ਬਚਾਅ ਵਿੱਚ ਸੈਨਾ ਦੇ ਉਚ ਅਧਿਕਾਰੀਆਂ ਦਾ ਆਸਰਾ ਲੈ ਰਹੀ ਹੈ। ਇਸ ਦੌਰਾਨ ਅਨਿਲ ਅੰਬਾਨੀ ਦੇ ਰਿਲਾਇੰਸ ਤੇ ਵੀ ਸਵਾਲ ਉਠਾਏ ਗਏ।
ਕਾਂਗਰਸ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ਤੇ ਤਕੜੇ ਹਮਲੇ ਕਰ ਰਹੀ ਹੈ। ਕਾਂਗਰਸ ਦਾ ਆਰੋਪ ਹੈ ਕਿ ਇਸ ਸੌਦੇ ਵਿੱਚ ਵੱਡੇ ਪੱਧਰ ਤੇ ਗੜਬੜ ਹੋਈ ਹੈ। ਕਾਂਗਰਸ ਦਾਅਵੇ ਨਾਲ ਕਹਿ ਰਹੀ ਹੈ ਕਿ ਯੂਪੀਏ ਸਰਕਾਰ ਦੇ ਸਮੇਂ ਕੀਮਤ 526 ਕਰੋੜ ਰੁਪੈ ਤੈਅ ਕੀਤੀ ਗਈ ਸੀ, ਜਦੋਂ ਕਿ ਹੁਣ ਬੀਜੇਪੀ ਸਰਕਾਰ ਉਹੋ ਹੀ ਪਲੇਨ 1600 ਕਰੋੜ ਰੁਪੈ ਦੀ ਲਾਗਤ ਨਾਲ ਖ੍ਰੀਦ ਰਹੀ ਹੈ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਕਿਹਾ ਕਿ ਇਸ ਸੌਦੇ ਵਿੱਚ ਮੋਦੀ ਨੇ ਮੇਕ ਇੰਡੀਆ ਨੂੰ ਕਿਨਾਰੇ ਕਰ ਦਿੱਤਾ ਹੈ। ਹਿੰਦੋਸਤਾਨ ਐਰੋਨਾਟਿਕਸ ਲਿਮਟਿਡ (ਐਚੱਏਐਲ) ਦੇਸ਼ ਵਿੱਚ ਹੀ ਇਸ ਪਲੇਨ ਦਾ ਨਿਰਮਾਣ ਕਰਵਾ ਸਕਦੀ ਸੀ।