ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਬੀਤੇ ਦਿਨੀਂ ਯੂਬਾ ਸਿਟੀ ਵਿਖੇ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਦੀ ਗ੍ਰਿਫਤਾਰੀ ’ਤੇ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਫਾਰ ਜਸਟਿਸ, ਕਾਂਗਰਸ ਪਾਰਟੀ ਅਤੇ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੇ ਵਿਚਾਲੇ ਜੁੜ ਰਹੀਆਂ ਤਾਰਾਂ ਦਾ ਹਵਾਲਾ ਦਿੱਤਾ। ਜੀ.ਕੇ. ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਗਗਨਦੀਪ ਸਿੰਘ ਸਿੱਖ ਫਾਰ ਜਸਟਿਸ ਦੇ ਸਰਗਰਮ ਕਾਰਕੁਨ ਹਨ। ਜਸਬੀਰ ਆਪਣੇ ਦੇਸ਼ ਤੋਂ ਇੱਕ ਮਾਮਲੇ ’ਚ ਭਗੌੜਾ ਹੈ। ਕਤਲੇਆਮ ਦੀ ਗਵਾਹ ਬੀਬੀ ਦਰਸ਼ਨ ਕੌਰ ਦੀ ਗਵਾਹੀ ਵਿਕਵਾਉਣ ਦਾ ਦੋਸ਼ ਜਸਬੀਰ ’ਤੇ ਹੈ। ਇਕ ਪਾਸੇ ਜਦੋਂ ਮੈਂ ਟਾਈਟਲਰ ਦੇ ਖਿਲਾਫ ਖੁਲਾਸੇ ਕਰਦਾ ਹਾਂ ਤਾਂ ਉਹ ਮੈਨੂੰ ਚੁੱਪ ਕਰਾਉਣ ਲਈ ਕਾਨੂੰਨੀ ਨੋਟਿਸ ਭੇਜਦਾ ਹੈ ਅਤੇ ਦੂਜੇ ਪਾਸੇ ਸਿੱਖ ਫਾਰ ਜਸਟਿਸ ਦਾ ਮੁੱਖੀ ਗੁਰਪਤਵੰਤ ਸਿੰਘ ਪੰਨੂੰ ਮੈਨੂੰ ਡਰਾਉਣ ਅਤੇ ਚੁੱਪ ਕਰਾਉਣ ਲਈ ਕਾਨੂੰਨੀ ਤਿਕੜਮਾਂ ਅਤੇ ਮਾਰਕੁੱਟ ਦਾ ਸਹਾਰਾ ਲੈਂਦਾ ਹੈ।
ਜੀ।ਕੇ। ਨੇ ਕਿਹਾ ਕਿ ਸਿੱਖ ਫਾਰ ਜਸਟਿਸ ਸਿੱਧੇ ਤੌਰ ’ਤੇ ਆਈ.ਐਸ.ਆਈ. ਤੋਂ ਪੈਸਾ ਲੈਣ ਦੀ ਦੋਸ਼ੀ ਹੈ। ਨਾਲ ਹੀ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਜਿਸ ਕਰਕੇ ਟਾਈਟਲਰ, ਪੰਨੂੰ ਅਤੇ ਆਈ।ਐਸ।ਆਈ। ਵਿਚਾਲੇ ਰਿਸ਼ਤਿਆਂ ਦੀ ਜਾਂਚ ਜਰੂਰੀ ਹੈ। ਜਸਬੀਰ ਨੇ ਝੂਠਾ ਹਲਫਨਾਮਾ ਦੇ ਕੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਕਿਉਂਕਿ ਉਸਨੇ ਆਪਣੇ ਹਲਫਨਾਮਾ ’ਚ ਇਹ ਦਾਅਵਾ ਕੀਤਾ ਹੈ ਕਿ ਉਸਦੇ ਖਿਲਾਫ ਕੋਈ ਮੁਕਦਮਾ ਕਿਸੇ ਦੇਸ਼ ’ਚ ਨਹੀਂ ਹੈ। ਜਦਕਿ ਜਸਬੀਰ ਸਿੰਘ ਦਰਸ਼ਨ ਕੌਰ ਦੇ ਮਾਮਲੇ ਵਿਚ ਜੇਲ ਕੱਟਣ ਦੇ ਬਾਅਦ ਭਗੌੜਾ ਹੈ। ਇਸ ਲਈ ਭਾਰਤ ਸਰਕਾਰ ਨੂੰ ਜਸਬੀਰ ਸਿੰਘ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ.ਕੇ. ਨੇ ਦਾਅਵਾ ਕੀਤਾ ਕਿ ਮੇਰੇ ਉਪਰ ਹਮਲਾ ਕਰਨ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਸਮਰਥਕ ਪਹਿਲੀ ਵਾਰੀ ਕਾਨੂੰਨੀ ਸ਼ਿਕੰਜੇ ’ਚ ਫਸ ਗਏ ਹਨ। ਜਿਸ ਕਰਕੇ ਦੋਨਾਂ ਨੂੰ 20 ਹਜਾਰ ਡਾਲਰ ਦੀ ਜਮਾਨਤ ਦੇਣੀ ਪਈ ਹੈ।