ਵਾਸ਼ਿੰਗਟਨ – ਅਮਰੀਕਾ ਦੀ ਨਾਰਥ ਕੈਰੋਲੀਨਾ ਸਟੇਟ ਵਿੱਚ ਫਲੋਰੇਂਸ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਸੰਖਿਆ 13 ਤੱਕ ਪਹੁੰਚ ਗਈ ਹੈ। ਸ਼ਨਿਚਰਵਾਰ ਨੂੰ ਨੇਵੀ, ਕੋਸਟਗਾਰਡ ਵਲੰਟੀਅਰਾਂ ਨੇ ਹੈਲੀਕਾਪਟਰ ਅਤੇ ਕਿਸ਼ਤੀਆਂ ਦੁਆਰਾ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਥੇ ਇਸ ਸਮੇਂ ਹਵਾ ਦੀ ਰਫ਼ਤਾਰ 145 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਵਾਰ ਦੀ ਵਰਖਾ ਨੇ ਪਿੱਛਲੇ 20 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਤੂਫ਼ਾਨ ਕਰਕੇ ਕੈਰੋਲੀਨਾ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਕੈਰੋਲਿਨਾ ਵਿੱਚ ਸ਼ੁਕਰਵਾਰ ਨੂੰ ਆਏ ਤੂਫ਼ਾਨ ਨੇ ਰਾਜ ਵਿੱਚ ਬਹੁਤ ਤਬਾਹੀ ਮਚਾਈ ਹੋਈ ਹੈ।ਸਟੇਟ ਦੇ ਕੁਝ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜ ਦੇ ਪ੍ਰਸ਼ਾਸਨ ਅਧਿਕਾਰੀਆਂ ਨੇ ਵਰਖਾਂ ਜਾਰੀ ਰਹਿਣ ਅਤੇ ਹੜ੍ਹ ਦੀ ਸਥਿਤੀ ਬਣੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ 9 ਲੋਕਾਂ ਦੀ ਮੌਤ ਸ਼ੁਰਵਾਰ ਰਾਤ ਨੂੰ ਹੀ ਹੋ ਗਈ ਸੀ ਅਤੇ 4 ਲੋਕ ਸ਼ਨਿਚਰਵਾਰ ਨੂੰ ਮਾਰੇ ਗਏ।
ਨਾਰਥ ਕੈਰੋਲਿਨਾ ਦੇ ਗਵਰਨਰ ਰਾਅ ਕੂਪਰ ਨੇ ਕਿਹਾ, ‘ ਹੜ੍ਹਾਂ ਨਾਲ ਖਤਰੇ ਦੀ ਸਥਿਤੀ ਇਸ ਦੇ 24 ਘੰਟੇ ਪਹਿਲਾਂ ਆਉਣ ਤੋਂ ਵੀ ਕਿਤੇ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਤੱਟਾਂ, ਨਦੀਆਂ, ਖੇਤਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਹਰ ਜਗ੍ਹਾ ਪਾਣੀ ਹੀ ਪਾਣੀ ਹੈ। ਨਾਰਥ ਅਤੇ ਸਾਊਥ ਕੈਰੋਲਿਨਾ, ਵਰਜੀਨੀਆ, ਜਾਰਜੀਆ ਅਤੇ ਮੈਰੀਲੈਂਡ ਸਮੇਤ ਕਈ ਸਟੇਟਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।