ਚੰਡੀਗੜ੍ਹ – “ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਕਿ ਕਈ ਸਾਲਾ ਤੋਂ ਸਿੱਖ ਕੌਮ ਆਪਣੇ ਇਤਿਹਾਸਿਕ ਕੌਮੀ ਅਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੀ ਹੈ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਦੋਵਾਂ ਪਾਕਿਸਤਾਨ ਅਤੇ ਇੰਡੀਆ ਦੀ ਹਕੂਮਤ ਵੱਲੋਂ ਕਾਰਵਾਈ ਕਰਕੇ ਕਰਤਾਰਪੁਰ ਲਾਂਘੇ ਨੂੰ ਪੂਰਨ ਕਰਨ ਲਈ ਉਦਮ ਕਰਦੀ ਆ ਰਹੀ ਹੈ । ਇਸ ਤੋਂ ਇਲਾਵਾ ਸਦੀਆ ਤੋਂ ਸਿੱਖ ਕੌਮ ਆਪਣੀ ਦੋਵੇ ਸਮੇਂ ਦੀ ਅਰਦਾਸ ਵਿਚ ਸਿੱਖ ਕੌਮ ਤੋਂ ਵਿਛੜ ਚੁੱਕੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਗੱਲ ਵੀ ਕਰਦੀ ਆ ਰਹੀ ਹੈ । ਪਰ ਕਿਸੇ ਵੀ ਹਿੰਦੂਤਵ ਹਕੂਮਤ ਪੰਜਾਬ ਸੂਬੇ ਉਤੇ ਰਾਜ ਕਰਨ ਵਾਲੀਆ ਪਾਰਟੀਆਂ ਅਤੇ ਮੁੱਖ ਮੰਤਰੀਆ ਨੇ ਕਦੀ ਵੀ ਸੁਹਿਰਦਤਾ ਭਰੇ ਉਦਮ ਨਹੀਂ ਕੀਤੇ । ਕਿਉਂਕਿ ਇਹ ਪੰਜਾਬ ਦੇ ਹੁਕਮਰਾਨ ਸੈਂਟਰ ਹਕੂਮਤਾਂ ਦੇ ਹਮੇਸ਼ਾਂ ਹੀ ਗੁਲਾਮ ਬਣਕੇ ਚੱਲਦੇ ਆ ਰਹੇ ਹਨ ਅਤੇ ਸੈਂਟਰ ਦੀਆਂ ਹਿੰਦੂਤਵ ਹਕੂਮਤਾਂ ਤਾਂ ਦਿਲ ਜੋੜਨ ਦੀ ਬਜਾਇ ਦਿਲ ਤੋੜਨ ਵਾਲੀ ਮਨੁੱਖਤਾ ਵਿਰੋਧੀ ਸੋਚ ਤੇ ਅਮਲ ਕਰਦੀਆ ਆ ਰਹੀਆ ਹਨ । ਇਸੇ ਸੋਚ ਅਧੀਨ ਹਿੰਦ-ਪਾਕਿ ਸਰਹੱਦਾਂ ਨੂੰ ਖੋਲ੍ਹਣ ਦੀ ਸਾਡੀ ਮੰਗ ਨੂੰ ਨਜ਼ਰ ਅੰਦਾਜ ਕਰਕੇ ਉਥੇ ਕੰਡਿਆਲੀ ਤਾਰਾ ਤੇ ਹੋਰ ਰੋਕਾ ਲਗਾਕੇ ਨਫ਼ਰਤ ਨੂੰ ਵਧਾਉਣ ਵਿਚ ਹੀ ਭੂਮਿਕਾ ਨਿਭਾਅ ਰਹੀਆ ਹਨ । ਜਦੋਂਕਿ ਪਾਕਿਸਤਾਨ ਪੰਜਾਬ ਸਾਡੇ ਇਤਿਹਾਸ ਨਾਲ ਸੰਬੰਧਤ ਪੁਰਾਤਨ ਭੂਮੀ ਹੈ ਅਤੇ ਉਥੇ ਵੱਸਣ ਵਾਲੇ ਸਿੱਧੂ, ਬਾਜਵੇ, ਮਾਨ, ਟਿਵਾਣੇ ਆਦਿ ਗੋਤਾਂ ਨਾਲ ਸੰਬੰਧਤ ਨਿਵਾਸੀ ਸਾਡੇ ਪੁਰਾਤਨ ਪਰਿਵਾਰਾਂ ਵਿਚੋ ਹਨ ਤੇ ਸਾਡਾ ਉਨ੍ਹਾਂ ਨਾਲ ਅਟੁੱਟ ਸੰਬੰਧ ਹੈ । ਭਾਵੇਕਿ ਹਿੰਦੂਤਵ ਹੁਕਮਰਾਨ ਇਸ ਨੂੰ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਗਰਦਾਨਦੇ ਹਨ । ਪਰ ਅਸਲੀਅਤ ਵਿਚ ਇਹ ਹਿੰਦੂ ਅਤੇ ਮੁਸਲਿਮ ਕੌਮ ਦੀ ਪੁਰਾਤਨ ਦੁਸ਼ਮਣੀ ਦਾ ਨਤੀਜਾ ਹੈ । ਸ. ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਸਤ ਸ੍ਰੀ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਦੇ ਸੌਹ ਚੁੱਕ ਸਮਾਗਮ ਤੇ ਜਾ ਕੇ ਕਿਸੇ ਤਰ੍ਹਾਂ ਦੀ ਵੀ ਨਾ ਤਾਂ ਕੋਈ ਇਨਸਾਨੀ, ਸਮਾਜਿਕ ਤੇ ਨਾ ਹੀ ਕੋਈ ਕਾਨੂੰਨੀ ਅਵੱਗਿਆ ਕੀਤੀ ਹੈ । ਬਲਕਿ ਆਪਣੇ ਇਸ ਦੋਸਤਾਨਾ ਸੰਬੰਧਾਂ ਨੂੰ ਹੋਰ ਪੀੜਾ ਕਰਦੇ ਹੋਏ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ‘ਸ੍ਰੀ ਕਰਤਾਰਪੁਰ ਸਾਹਿਬ’ ਦੇ ਲਾਂਘੇ ਨੂੰ ਦਿਵਾਉਣ ਲਈ ਸਭ ਕਾਨੂੰਨੀ ਹਕੂਮਤੀ ਚਾਰਜੋਈ ਕਰਕੇ ਆਪਣੇ ਇਨਸਾਨੀ ਤੇ ਕੌਮੀ ਫਰਜਾ ਦੀ ਪੂਰਤੀ ਕੀਤੀ ਹੈ । ਜੋ ਲੋਕ ਸ੍ਰੀ ਸਿੱਧੂ ਦੇ ਉਦਮ ਦੀ ਗੈਰ-ਦਲੀਲ ਢੰਗ ਨਾਲ ਕੇਵਲ ਵਿਰੋਧਤਾ ਨੂੰ ਮੁੱਖ ਰੱਖਕੇ ਵਿਰੋਧਤਾ ਕਰ ਰਹੇ ਹਨ, ਉਹ ਆਪਣੀ ਹੀ ਅਕਲ ਦਾ ਜਨਾਜਾ ਕੱਢ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸਿੱਧੂ ਵੱਲੋਂ ਕੀਤੇ ਗਏ ਇਨਸਾਨੀ ਤੇ ਕੌਮੀ ਉਦਮ ਦੀ ਧੜੇ, ਪਾਰਟੀਬਾਜੀ ਤੋਂ ਉਪਰ ਉੱਠਕੇ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ, ਸਿੱਧੂ, ਬਾਜਵਿਆ, ਮਾਨਾ, ਟਿਵਾਣਿਆ ਆਦਿ ਗੋਤਾਂ ਦੀਆਂ ਪੁਰਾਤਨ ਸਾਂਝਾ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬਾਦਲ ਦਲੀਆ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਸੰਗਠਨਾਂ ਵੱਲੋਂ ਪਾਕਿਸਤਾਨ ਦੀ ਆਰਮੀ ਦੇ ਮੁੱਖੀ ਜਰਨਲ ਸ੍ਰੀ ਕਮਰ ਜਾਵੇਦ ਬਾਜਵਾ ਨਾਲ ਸੱਭਿਅਕ ਅਤੇ ਸਹਿਜ ਤਰੀਕੇ, ਤਹਿਜੀਬ ਅਤੇ ਸਲੀਕੇ ਨੂੰ ਮੁੱਖ ਰੱਖਦੇ ਹੋਏ ਜੋ ਸੁਭਾਵਿਕ ਜੱਫ਼ੀ ਪਾਈ ਗਈ ਹੈ, ਉਸ ਨੂੰ ਤੁੱਲ ਦੇਣ ਵਾਲੇ ਉਪਰੋਕਤ ਸਿਆਸਤਦਾਨ ਆਪਣੀਆ ਸੈਂਟਰ ਵਿਚ ਹਕੂਮਤਾਂ ਸਮੇਂ ਅਤੇ ਪੰਜਾਬ ਵਿਚ ਹਕੂਮਤਾਂ ਸਮੇਂ ‘ਕਰਤਾਰਪੁਰ’ ਲਾਂਘੇ ਦੀ ਗੱਲ ਨੂੰ ਤਾਂ ਕਦੀ ਪੂਰਨ ਨਹੀਂ ਕਰਵਾ ਸਕੇ । ਲੇਕਿਨ ਜੇਕਰ ਸ੍ਰੀ ਸਿੱਧੂ ਨੇ ਇਸ ਨੇਕ ਉਦਮ ਵਿਚ ਮੁੱਖ ਭੂਮਿਕਾ ਨਿਭਾਅਕੇ ਇਸ ਕਰਤਾਰਪੁਰ ਲਾਂਘੇ ਦੀ ਗੱਲ ਪੂਰਨ ਕਰਨ ਲਈ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਅ ਦਿੱਤੀ ਹੈ ਤਾਂ ਇਹ ਆਗੂ ਐਨੇ ਵੱਡੇ ਉਦਮ ਦੀ ਇਕ ਚੰਗੇ ਖਿਡਾਰੀ ਦੀ ਤਰ੍ਹਾਂ ਪ੍ਰਸ਼ੰਸ਼ਾਂ ਕਰਨ ਦੀ ਬਜਾਇ ਵਿਰੋਧਤਾ ਕਰਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਬਲਿਊ ਸਟਾਰ ਆਪ੍ਰੇਸ਼ਨ ਦੀ ਤਰ੍ਹਾਂ ਹੋਰ ਡੂੰਘੇ ਜਖ਼ਮ ਦੇਣ ਦੀ ਦੁੱਖਦਾਇਕ ਕਾਰਵਾਈ ਕਰ ਰਹੇ ਹਨ । ਜਿਸ ਲਈ ਸਿੱਖ ਕੌਮ ਨੂੰ ਅਜਿਹੇ ਦੋ ਮੂੰਹੀ ਸੱਪਾਂ ਵਾਲੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਨੂੰ ਕਤਈ ਮੁਆਫ਼ ਨਹੀਂ ਕਰਨਾ ਚਾਹੀਦਾ । ਸਾਡਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਇਥੇ ਬਾਦਲ-ਬੀਜੇਪੀ ਦੀ ਹਕੂਮਤ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਜਾਂ ਕਿਸੇ ਹੋਰ ਦੀ । ਇਹ ਸਭ ਸੈਂਟਰ ਦੇ ਦਲਾਲਾ ਵੱਜੋ ਹੀ ਵਿਚਰਦੇ ਆ ਰਹੇ ਹਨ । ਜੋ ਅੱਜ ਗਵਰਨਰ ਪੰਜਾਬ ਨੂੰ ਯਾਦ-ਪੱਤਰ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਨਫ਼ੀ ਹੋ ਚੁੱਕੀ ਆਪਣੀ ਸਾਂਖ ਨੂੰ ਫਿਰ ਬਹਾਲ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ ।
ਸ. ਮਾਨ ਨੇ ਇੰਡੀਆ ਦੀ ਰੱਖਿਆ ਵਜ਼ੀਰ ਬੀਬੀ ਸੀਤਾਰਮਨ, ਹਰਿਆਣੇ ਦੇ ਸਿਹਤ ਵਜ਼ੀਰ ਅਨਿਲ ਵਿੱਜ ਅਤੇ ਹੋਰ ਫਿਰਕੂ ਸਿਆਸਤਦਾਨਾਂ ਵੱਲੋਂ ਸ੍ਰੀ ਕਰਤਾਰਪੁਰ ਲਾਂਘੇ ਦੀ ਸਿੱਖ ਮਨਾਂ ਤੇ ਆਤਮਾਵਾਂ ਨਾਲ ਜੁੜੇ ਸੰਜੀਦਾ ਮੁੱਦੇ ਨੂੰ ਗੰਦੀ ਸਿਆਸਤ ਦਾ ਖੇਡ ਮੈਦਾਨ ਬਣਾਉਣ ਦੇ ਅਮਲਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮੁਤੱਸਵੀ ਅਤੇ ਫਿਰਕੂ ਆਗੂ ਆਪਣੀਆ ਅਜਿਹੀਆ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਦੀ ਬਦੌਲਤ ਇੰਡੀਆ, ਪੰਜਾਬ ਅਤੇ ਕਸ਼ਮੀਰ ਵਰਗੇ ਸਰਹੱਦੀ ਸੂਬਿਆ ਵਿਚ ਅਮਨ ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਬਹਾਲ ਕਰਨ ਦੀ ਯੋਗਤਾ ਹੀ ਨਹੀਂ ਰੱਖਦੇ, ਬਲਕਿ ਨਫ਼ਰਤ ਭਰੀਆ ਕਾਰਵਾਈਆ ਕਰਕੇ ਇਥੋਂ ਦੇ ਮਾਹੌਲ ਨੂੰ ਗੰਦੀ ਵੋਟ ਸਿਆਸਤ ਅਧੀਨ ਵਿਸਫੋਟਕ ਬਣਾਉਣ ਤੇ ਲੱਗੇ ਹੋਏ ਹਨ । ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰੇ ਵਰਗੇ ਬਾਦਲ ਦਲੀਏ ਸਿੱਖ ਵਿਰੋਧੀ ਜਮਾਤ ਬੀਜੇਪੀ ਅਤੇ ਆਰ.ਐਸ.ਐਸ.ਦੇ ਹੱਥਠੋਕੇ ਬਣਕੇ ਅਜੇ ਵੀ ਅਜਿਹੀਆ ਕਾਰਵਾਈਆ ਵਿਚ ਮਸਰੂਫ ਹਨ ਜਿਸ ਨਾਲ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਅਮਨ-ਚੈਨ ਨੂੰ ਸੱਟ ਵੱਜੇ । ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਪਣੇ ਪਿੱਛਲੇ ਕਿਰਦਾਰ ਤੇ ਝਾਂਤ ਮਾਰ ਲੈਣੀ ਚਾਹੀਦੀ ਹੈ ਜਦੋਂ ਇਨ੍ਹਾਂ ਨੇ 1984 ਦੇ ਬਲਿਊ ਸਟਾਰ ਦੇ ਹਮਲੇ ਤੋਂ ਪਹਿਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿਚ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ, ਗ੍ਰਹਿ ਵਜ਼ੀਰ ਨਰਸਿਮਾ ਰਾਓ, ਸ੍ਰੀ ਪ੍ਰਣਾਬ ਮੁਖਰਜੀ, ਗ੍ਰਹਿ ਸਕੱਤਰ ਸ੍ਰੀ ਆਰ.ਡੀ. ਪ੍ਰਧਾਨ, ਮੰਤਰੀ ਦੇ ਮੁੱਖ ਸਕੱਤਰ ਸ੍ਰੀ ਅਲੈਗਜੈਡਰ ਨਾਲ ਫ਼ੌਜੀ ਹਮਲੇ ਨੂੰ ਆਖਰੀ ਰੂਪ ਦੇਣ ਲਈ ਮੁਲਾਕਾਤਾਂ ਕੀਤੀਆ ਜਿਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਅਤੇ ਰਣਧੀਰ ਸਿੰਘ ਚੀਮਾਂ ਸਨ । ਇਹ ਫ਼ੌਜੀ ਹਮਲਾ ਹੋਣ ਤੋਂ ਪਹਿਲੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸ੍ਰੀ ਬੀ.ਡੀ. ਪਾਂਡੇ ਨਾਲ ਗਵਰਨਰ ਹਾਊਂਸ ਪੰਜਾਬ, ਚੰਡੀਗੜ੍ਹ ਵਿਖੇ ਇਨ੍ਹਾਂ ਨੇ ਇਸ ਸਾਜਿ਼ਸ ਨੂੰ ਨੇਪਰੇ ਚਾੜ੍ਹਨ ਲਈ ਮੁਲਾਕਾਤਾਂ ਕੀਤੀਆ ਅਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਖੁਦ ਹਾਮੀ ਭਰੀ । ਇਹ ਸਾਰਾ ਸੱਚ 15 ਦਸੰਬਰ 1994 ਨੂੰ ਸ. ਰਣਧੀਰ ਸਿੰਘ ਚੀਮਾ ਸਾਬਕਾ ਵਜ਼ੀਰ ਪੰਜਾਬ ਵੱਲੋਂ ਜਨਤਕ ਤੌਰ ਤੇ ਕੱਢੇ ਗਏ ਇਕ ਪੈਫਲਿਟ ਰਾਹੀ ਜਾਣਕਾਰੀ ਦਿੱਤੀ ਗਈ ਕਿਉਂਕਿ ਉਹ ਇਨ੍ਹਾਂ ਮੀਟਿੰਗਾਂ ਵਿਚ ਚਸਮਦੀਦ ਗਵਾਹ ਹਨ । ਇਸ ਪੈਫਲਿਟ ਦੀ ਕਾਪੀ ਪ੍ਰੈਸ ਦੀ ਜਾਣਕਾਰੀ ਹਿੱਤ ਨੱਥੀ ਕੀਤੀ ਜਾਂਦੀ ਹੈ ।