ਫ਼ਤਹਿਗੜ੍ਹ ਸਾਹਿਬ – “ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਅਜਿਹਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੀ, ਜਿਸ ਨਾਲ ਹਿੰਦੂ ਜ਼ਜਬਾਤਾਂ ਦਾ ਅਛੋਪਲੇ ਢੰਗ ਨਾਲ ਸੋ਼ਸ਼ਨ ਕਰਕੇ, ਉਨ੍ਹਾਂ ਨੂੰ ਪਾਕਿਸਤਾਨ ਵਰਗੇ ਗੁਆਂਢੀ ਮੁਲਕ ਅਤੇ ਮੁਸਲਿਮ ਕੌਮ ਵਿਰੁੱਧ ਭੜਕਾ ਕੇ ਹਿੰਦੂ ਵੋਟ ਨੂੰ ਆਪਣੇ ਹੱਕ ਵਿਚ ਜੋੜ ਸਕੇ । ਹੁਣ ਮੋਦੀ ਹਕੂਮਤ ਨੇ ਯੂਨੀਵਰਸਿਟੀ ਗ੍ਰਾਟਸ ਕਮਿਸ਼ਨ ਦੀ ਦੁਰਵਰਤੋਂ ਕਰਕੇ ਇੰਡੀਆਂ ਦੀਆਂ ਸਮੁੱਚੀਆ ਯੂਨੀਵਰਸਿਟੀਆਂ ਵਿਚ 29 ਸਤੰਬਰ ਨੂੰ ਜਿਸ ਦਿਨ ਇੰਡੀਆਂ ਦੀ ਆਰਮੀ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਇਕ ਕੀਤਾ ਸੀ, ਉਸੇ ਦਿਨ ਨੂੰ ਸਰਜੀਕਲ ਸਟ੍ਰਾਇਕ ਡੇਅ ਮਨਾਉਣ ਦੇ ਹਿਟਲਰੀ ਹੁਕਮ ਕਰ ਦਿੱਤੇ ਹਨ । ਜਿਸ ਨਾਲ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਵੱਲੋਂ ਜੋ ਇੰਡੀਆਂ ਤੇ ਪਾਕਿਸਤਾਨ ਵਿਚਕਾਰ ਦੋਸਤਾਨਾਂ ਸੰਬੰਧ ਕਾਇਮ ਕਰਨ ਅਤੇ ਦੋਵਾਂ ਮੁਲਕਾਂ ਦੇ ਵਪਾਰ ਅਤੇ ਤਰੱਕੀ ਨੂੰ ਬੁਲੰਦੀਆਂ ਵੱਲ ਪਹੁੰਚਾਉਣ ਦੀ ਇੱਛਾ ਪ੍ਰਗਟਾਈ ਹੈ, ਉਨ੍ਹਾਂ ਵਿਚਾਰਾਂ ਤੇ ਅਮਲਾਂ ਨੂੰ ਖੂਹ-ਖਾਤੇ ਵਿਚ ਪਾਉਣ ਦੀ ਸਾਜਿ਼ਸ ਕੀਤੀ ਜਾ ਰਹੀ ਹੈ । ਦੂਸਰਾ ਇਹ ਵੀ ਪ੍ਰਤੱਖ ਹੈ ਕਿ ਇੰਡੀਆਂ ਅਤੇ ਪਾਕਿਸਤਾਨ ਦੀ ਦੁਸ਼ਮਣੀ ਨਹੀਂ, ਦੁਸ਼ਮਣੀ ਤਾਂ ਬੀਤੇ 1200 ਸਾਲਾ ਤੋਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਹੈ, ਲੇਕਿਨ ਹਿੰਦੂਤਵ ਹੁਕਮਰਾਨ ਆਪਣੀ ਪੁਰਾਤਨ ਦੁਸ਼ਮਣੀ ਨੂੰ ਇੰਡੀਆਂ ਤੇ ਪਾਕਿਸਤਾਨ ਦੀ ਦੁਸ਼ਮਣੀ ਦੱਸਕੇ ਅਤੇ ਪਾਕਿਸਤਾਨ ਗੁਆਂਢੀ ਮੁਲਕ ਉਤੇ ਗੈਰ-ਦਲੀਲ ਢੰਗਾਂ ਰਾਹੀ ਦੋਸ਼ ਲਗਾਕੇ ਇਕ ਤਾਂ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਕੋਸਿ਼ਸ਼ ਵਿਚ ਹਨ, ਦੂਸਰਾ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਸੰਬੰਧਤ ਜੋ ਸ੍ਰੀ ਸਿੱਧੂ ਦੇ ਯਤਨਾਂ ਸਦਕਾ ਸ੍ਰੀ ਕਰਤਾਰਪੁਰ ਲਾਂਘੇ ਦੀ ਗੱਲ ਟੀਸੀ ਤੇ ਪਹੁੰਚ ਚੁੱਕੀ ਹੈ, ਉਸ ਨੂੰ ਵੀ ਇਹ ਹੁਕਮਰਾਨ ਭੰਬਲਭੂਸੇ ਵਿਚ ਪਾਉਣ ਦੀ ਤਾਂਕ ਵਿਚ ਹਨ । ਯੂਨੀਵਰਸਿਟੀਆਂ ਵਿਚ ਪਾਕਿਸਤਾਨ ਨੂੰ ਚਿੜਾਉਣ ਵਾਲੇ ਹੋਣ ਜਾ ਰਹੇ ਅਮਲਾਂ ਦੀ ਬਦੌਲਤ ਪਾਕਿਸਤਾਨ ਵੱਲੋਂ ਫਿਰ ਤੋਂ ਇੰਡੀਆਂ ਵਿਰੁੱਧ ਸਟ੍ਰਾਇਕ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਦੋਵੇ ਮੁਲਕ ਪ੍ਰਮਾਣੂ ਸ਼ਕਤੀ ਦੇ ਮਾਲਕ ਹਨ । ਅਜਿਹੀ ਕਾਰਵਾਈ ਦੀ ਬਦੌਲਤ ਇੰਡੀਆਂ-ਪਾਕਿਸਤਾਨ ਦੀ ਜੰਗ ਵੀ ਲੱਗ ਸਕਦੀ ਹੈ । ਜਿਸ ਨਾਲ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਮੈਦਾਨ-ਏ-ਜੰਗ ਬਣ ਜਾਣਗੇ । ਅਜਿਹੀ ਸੂਰਤ ਵਿਚ ਪੰਜਾਬ ਸਰਹੱਦੀ ਸੂਬੇ ਅਤੇ ਸਿੱਖ ਕੌਮ ਹੀ ਨਿਸ਼ਾਨਾਂ ਬਣੇਗੀ । ਜਦੋਂਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਮੁਲਕ, ਧਰਮ ਆਦਿ ਨਾਲ ਕੋਈ ਰਤੀਭਰ ਵੀ ਦੁਸ਼ਮਣੀ ਨਹੀਂ ਅਤੇ ਬਿਨ੍ਹਾਂ ਵਜਹ ਸਿੱਖ ਕੌਮ ਦਾ ਖੂਨ ਅਜਾਈ ਵਹੇਗਾ । ਜਿਸਦੇ ਨਤੀਜੇ ਕਤਈ ਵੀ ਦੋਵਾਂ ਮੁਲਕਾਂ ਦੇ ਅਮਨ-ਚੈਨ ਅਤੇ ਜਮਹੂਰੀਅਤ ਲਈ ਸਾਰਥਿਕ ਨਹੀਂ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਜੀ.ਸੀ. ਵੱਲੋਂ 29 ਸਤੰਬਰ ਨੂੰ ਸਮੁੱਚੀਆਂ ਯੂਨੀਵਰਸਿਟੀਆਂ ਵਿਚ ‘ਸਰਜੀਕਲ ਸਟ੍ਰਾਇਕ ਡੇਅ’ ਮਨਾਉਣ ਦੇ ਕੀਤੇ ਗਏ ਨਫ਼ਰਤ ਪੈਦਾ ਕਰਨ ਵਾਲੇ ਹਿਟਲਰੀ ਹੁਕਮਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਪਾਕਿਸਤਾਨ-ਇੰਡੀਆਂ ਦੇ ਦੋਸਤਾਨਾਂ ਸੰਬੰਧਾਂ ਵਿਚ ਪ੍ਰਗਤੀ ਹੋਣ ਦੀ ਵੱਡੀ ਗੱਲ ਨੂੰ ਸੱਟ ਮਾਰਨ ਦੀ ਸਾਜਿ਼ਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਇਕ ਡੇਅ ਵਰਗੇ ਮਨੁੱਖਤਾ ਮਾਰੂ ਹਮਲਿਆ ਨੂੰ ਕੌਮਾਂਤਰੀ ਕਾਨੂੰਨ ਤੇ ਨਿਯਮ ਵੀ ਮਨਾਉਣ ਦੀ ਇਜ਼ਾਜਤ ਨਹੀਂ ਦਿੰਦੇ । ਕਿਉਂਕਿ ਅਜਿਹੇ ਅਮਲਾਂ ਨਾਲ ਵੱਖ-ਵੱਖ ਮੁਲਕਾਂ ਵਿਚ ਸਮੇਂ-ਸਮੇਂ ਤੇ ਇਕ-ਦੂਸਰੇ ਤੇ ਹੋਏ ਹਮਲਿਆ ਦੇ ਦਿਨ ਮਨਾਉਣ ਨਾਲ ਤਾਂ ਸਮੁੱਚੇ ਸੰਸਾਰ ਵਿਚ ਅਫ਼ਰਾ-ਤਫਰੀ ਅਤੇ ਨਫ਼ਰਤ ਫੈਲ ਜਾਵੇਗੀ, ਜੋ ਕਿ ਸੰਸਾਰਿਕ ਅਮਨ-ਚੈਨ ਲਈ ਵੱਡੀ ਖ਼ਤਰੇ ਵਾਲੀ ਗੱਲ ਹੋਵੇਗੀ । ਸ. ਮਾਨ ਨੇ ਕਿਹਾ ਕਿ ਇੰਡੀਆਂ ਅਜਿਹੀਆ ਕਾਰਵਾਈਆ ਕਰਕੇ ਅਸਲੀਅਤ ਵਿਚ ਸਿੱਖ ਕੌਮ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਜਾਇਜ ਮੰਗ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਪੂਰਨ ਰੂਪ ਵਿਚ ਦੋਵਾਂ ਮੁਲਕਾਂ ਦੀ ਆਵਾਜਾਈ ਖੁੱਲ੍ਹੇ, ਉਸ ਨੂੰ ਮੰਦਭਾਵਨਾ ਅਧੀਨ ਪੂਰਨ ਨਹੀਂ ਹੋਣ ਦੇਣਾ ਚਾਹੁੰਦਾ । ਜਦੋਂਕਿ ਅੱਧੇ ਤੋਂ ਵੱਧ ਸਿੱਖ ਕੌਮ ਦੇ ਇਤਿਹਾਸਿਕ ਸਥਾਂਨ ਤਾਂ ਪਾਕਿਸਤਾਨ ਵਿਚ ਹਨ । ਜਿਨ੍ਹਾਂ ਦੇ ਖੁੱਲ੍ਹੇ-ਦਰਸ਼ਨ ਦੀਦਾਰਿਆ ਲਈ ਸਿੱਖ ਦੋਵੇ ਸਮੇਂ ਆਪਣੀ ਅਰਦਾਸ ਵਿਚ ਨਿਰੰਤਰ ਅਰਦਾਸ ਕਰਦੇ ਆ ਰਹੇ ਹਨ । ਜੇਕਰ ਸ੍ਰੀ ਇਮਰਾਨ ਖਾਨ ਅਤੇ ਸ੍ਰੀ ਸਿੱਧੂ ਦੀ ਦੋਸਤੀ ਰਾਹੀ ਪਾਕਿਸਤਾਨ ਦੀਆਂ ਸਰਹੱਦਾਂ ਤੇ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹ ਜਾਵੇ ਤਾਂ ਸ੍ਰੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਆਦਿ ਫਿਰਕੂ ਸੰਗਠਨਾਂ ਨੂੰ ਪੀੜਾ ਕਿਉਂ ਪੈਣੀਆ ਸੁਰੂ ਹੋ ਜਾਂਦੀਆ ਹਨ ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ 1200 ਸਾਲਾ ਤੋਂ ਚੱਲਦੀ ਆ ਰਹੀ ਪੁਰਾਣੀ ਦੁਸ਼ਮਣੀ ਨੂੰ ਖ਼ਤਮ ਕਰਨ ਹਿੱਤ, ਪਾਕਿਸਤਾਨ ਤੇ ਇੰਡੀਆਂ ਤੇ ਦੱਖਣੀ ਏਸੀਆ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਹਿੱਤ ਇਹ ਜ਼ਰੂਰੀ ਹੈ ਕਿ ਇੰਡੀਆਂ ਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਖੋਲ੍ਹਕੇ ਦੋਵਾਂ ਮੁਲਕਾਂ ਦੇ ਹਰ ਤਰ੍ਹਾਂ ਦੇ ਵਪਾਰ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸਾਹਿਤ ਕੀਤਾ ਜਾਵੇ ਜਿਸ ਨਾਲ ਦੋਵਾਂ ਮੁਲਕਾਂ ਦੀ ਜਿਥੇ ਮਾਲੀ ਹਾਲਤ ਨੂੰ ਵੱਡਾ ਹੰਭਲਾ ਵੱਜੇਗਾ, ਉਥੇ ਦੋਵਾਂ ਮੁਲਕਾਂ ਦੀ ਬੇਰੁਜਗਾਰੀ ਦੀ ਸਮੱਸਿਆ ਨੂੰ ਖ਼ਤਮ ਕਰਨ ਵਿਚ ਵੀ ਮਦਦ ਮਿਲੇਗੀ । ਅਸੀਂ ਮੋਦੀ ਹਕੂਮਤ ਤੇ ਉਸਦੀ ਸਰਕਾਰ ਵਿਚ ਬੈਠੇ ਮੁਤੱਸਵੀਆਂ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਖ਼ਬਰਦਾਰ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਜੇਕਰ ਜਨਾਬ ਇਮਰਾਨ ਖਾਨ ਅਤੇ ਜਨਾਬ ਕਮਰ ਜਾਵੇਦ ਬਾਜਵਾ ਮੁੱਖੀ ਪਾਕਿਸਤਾਨ ਆਰਮੀ ਚੀਫ਼ ਵੱਲੋ ਸ੍ਰੀ ਕਰਤਾਰਪੁਰ ਲਾਂਘੇ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਦੋਸਤੀ ਲਈ ਵਧਾਏ ਹੱਥ ਨੂੰ ਸੁਹਿਰਦਤਾ ਨਾਲ ਅਤੇ ਸਹਿਜਤਾ ਨਾਲ ਨਾ ਫੜਿਆ ਗਿਆ ਤਾਂ ਇੰਡੀਆ ਤੇ ਪਾਕਿਸਤਾਨ ਵਿਚ ਪੈਦਾ ਹੋਣ ਵਾਲੀ ਅਸਥਿਰਤਾ, ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਵੱਧਦੇ ਖ਼ਤਰੇ ਅਤੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਮੋਦੀ ਹਕੂਮਤ, ਮੁਤੱਸਵੀ ਸੰਗਠਨ ਅਤੇ ਉਨ੍ਹਾਂ ਨਾਲ ਪਤੀ-ਪਤਨੀ ਦਾ ਸਵਾਰਥੀ ਰਿਸਤਾ ਰੱਖਣ ਵਾਲੇ ਬਾਦਲ ਦਲੀਏ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ । ਇਸ ਲਈ ਜਨਾਬ ਇਮਰਾਨ ਖਾਨ ਅਤੇ ਕਮਰ ਜਾਵੇਦ ਬਾਜਵਾ ਮੁੱਖੀ ਪਾਕਿਸਤਾਨ ਆਰਮੀ ਚੀਫ਼ ਵੱਲੋਂ ਪ੍ਰਗਟਾਏ ਨੇਕ ਨੀਤੀ ਵਾਲੇ ਵਿਚਾਰਾਂ ਤੇ ਅਮਲ ਕਰਕੇ ਜੇਕਰ ਸ੍ਰੀ ਮੋਦੀ ਹਕੂਮਤ ਸ੍ਰੀ ਕਰਤਾਰਪੁਰ ਲਾਂਘਾ ਅਤੇ ਸਰਹੱਦੀ ਰੋਕਾਂ ਨੂੰ ਖ਼ਤਮ ਕਰਨ ਦੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਅ ਸਕੇ ਤਾਂ ਸਮੁੱਚੇ ਏਸੀਆ ਖਿੱਤੇ ਵਿਚ ਹਰ ਪੱਖੋ ਕ੍ਰਾਂਤੀਕਾਰੀ ਨਤੀਜੇ ਸਾਹਮਣੇ ਆਉਣਗੇ । ਵਰਨਾ ਹਾਲਾਤਾਂ ਨੂੰ ਅਤਿ ਬਦਤਰ ਬਣਾਉਣ ਦੀ ਜਿੰਮੇਵਾਰੀ ਤੋਂ ਬਚ ਨਹੀਂ ਸਕਣਗੇ ।
ਸ. ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਹੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੁਤੱਸਵੀ ਮੋਦੀ ਹਕੂਮਤ ਦੇ ‘ਸਰਜੀਕਲ ਸਟ੍ਰਾਇਕ ਡੇਅ’ ਮਨਾਉਣ ਦੇ ਤਾਨਾਸ਼ਾਹੀ ਹੁਕਮਾਂ ਨੂੰ ਪ੍ਰਵਾਨ ਨਾ ਕਰਕੇ ਜੰਗੀ ਮਾਹੌਲ ਬਣਨ ਤੋਂ ਰੋਕਣ ਤਾਂ ਕਿ ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਅਮਨ-ਚੈਨ ਅਤੇ ਆਜ਼ਾਦੀ ਨਾਲ ਜੀ ਸਕਣ ਅਤੇ ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ ਸਾਜਿ਼ਸਾਂ ਨੂੰ ਅਸਫਲ ਬਣਾਇਆ ਜਾਵੇ ।