ਚੰਡੀਗੜ੍ਹ – ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਸਰਕਾਰ ਨੇ ਰਾਜ ਵਿੱਚ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਰੈਡ ਅਲਰੱਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੈਨਾ ਅਤੇ ਐਨਡੀਆਰਐਫ਼ ਨੂੰ ਮੱਦਦ ਦੇ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈ। ਰਾਜ ਵਿੱਚ ਵਰਖਾ ਕਾਰਣ ਹੋਏ ਹਾਦਸਿਆਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਲੋਕ ਜਖਮੀ ਹੋ ਗਏ ਹਨ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 24 ਘੰਟਿਆਂ ਵਿੱਚ ਜਿਆਦਾ ਜਰੂਰੀ ਹੋਣ ਤੇ ਹੀ ਘਰਾਂ ਤੋਂ ਬਾਹਰ ਨਿਕਲਣ।
ਪੰਜਾਬ ਵਿੱਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਕੁਝ ਖੇਤਰਾਂ ਵਿੱਚ ਸੜਕਾਂ ਅਤੇ ਘਰਾਂ ਵਿੱਚ ਬਹੁਤ ਪਾਣੀ ਆ ਗਿਆ ਹੈ। ਸਾਰੇ ਪਾਸੇ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। 25 ਸਤੰਬਰ ਨੂੰ ਸਕੂ਼ ਅਤੇ ਕਾਲਿਜ ਵੀ ਬੰਦ ਕਰ ਦਿੱਤੇ ਗਏ ਹਨ। ਭਾਰੀ ਬਾਰਿਸ਼ ਕਰਕੇ ਚੰਡੀਗੜ੍ਹ-ਸਿ਼ਮਲਾ ਮਾਰਗ ਬੰਦ ਕਰ ਦਿੱਤਾ ਗਿਆ ਹੈ। ਕਾਲਕਾ-ਸਿ਼ਮਲਾ ਰੇਲ ਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਭਾਖੜਾ ਡੈਮ ਦੇ ਕੋਲ ਧਰਤੀ ਫਟਣ ਕਰਕੇ ਭਾਖੜਾ-ਨੈਨਾ ਦੇਵੀ ਮਾਰਗ ਤੇ ਵੀ ਆਵਾਜਾਈ ਠੱਪ ਹੋ ਗਈ ਹੈ। ਹੁਣ ਤੱਕ 200 ਮਿਲੀ ਮੀਟਰ ਵਰਖਾ ਹੋ ਚੁੱਕੀ ਹੈ।
ਪਿੱਛਲੇ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਣ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਝੋਨੇ ਦੀ ਫਸਲ ਦੇ ਵੱਧ ਨੁਕਸਾਨ ਹੋਣ ਦੀ ਸੂਚਨਾ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਜੇ ਕਿਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਉਸਦੇ ਮੁਲਾਂਕਣ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗਿਆ ਹੈ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹੰਗਾਮੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿਠਣ ਲਈ ਲੋਕਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਖਾਣੇ ਦੇ ਪੈਕਟ ਅਤੇ ਜਾਨਵਰਾਂ ਲਈ ਚਾਰੇ ਦਾ ਇੰਤਜਾਮ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਵਿੱਤ ਵਿਭਾਗ ਵੱਲੋਂ ਇਸ ਸਥਿਤੀ ਨਾਲ ਨਜਿਠਣ ਲਈ 7.40 ਕਰੋੜ ਦੀ ਧੰਨ ਰਾਸ਼ੀ ਜਾਰੀ ਕਰ ਦਿੱਤੀ ਹੈ।