ਅਮੇਠੀ – ਰਾਫ਼ੇਲ ਸੌਦੇ ਦੇ ਮੁੱਦੇ ਤੇ ਘਿਰੀ ਬੀਜੇਪੀ ਸਰਕਾਰ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੋਦੀ ਤੇ ਰਾਫ਼ੇਲ ਡੀਲ ਵਿੱਚ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਉਣ ਦਾ ਆਰੋਪ ਲਗਾਇਆ ਹੈ। ਰਾਹੁਲ ਨੇ ਮੋਦੀ ਤੇ ਵਿਅੰਗ ਕਸਦੇ ਹੋਏ ਕਿਹਾ, ‘ਇੱਥੇ ਤਾਂ ਦੇਸ਼ ਦਾ ਚੌਂਕੀਦਾਰ ਹੀ ਚੋਰੀ ਕਰ ਗਿਆ।’ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਤਰਕਤਾ ਅਯੋਗ (ਸੀਵੀਸੀ) ਰਾਫ਼ੇਲ ਸੌਦੇ ਦੀ ਜਾਂਚ ਕਰੇ ਅਤੇ ਜਾਂਚ ਦੇ ਲਈ ਐਫ਼ਆਈਆਰ ਦਰਜ ਕਰਵਾਈ ਜਾਵੇ।
ਅਮੇਠੀ ਦੇ ਜਾਇਸ ਵਿੱਚ ਰਾਹੁਲ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਪੀਐਮ ਮੋਦੀ ਆਪਣੇ ਆਪ ਨੂੰ ਚੌਂਕੀਦਾਰ ਦੱਸਦੇ ਹਨ ਅਤੇ ਰਾਫ਼ੇਲ ਦੇ ਸੌਦੇ ਤੇ ਚੁੱਪੀ ਸਾਧ ਲੈਂਦੇ ਹਨ। ਇੱਥੇ ਤਾਂ ਦੇਸ਼ ਦਾ ਚੌਂਕੀਦਾਰ ਹੀ ਚੋਰੀ ਕਰ ਗਿਆ।’ ਉਨ੍ਹਾਂ ਨੇ ਇਹ ਵੀ ਕਿਹਾ, ‘ਇਨ੍ਹਾਂ ਦੀ ਸਰਕਾਰ ਨੇ ਮਾਲਿਆ ਨੂੰ 9 ਹਜ਼ਾਰ ਕਰੋੜ ਰੁਪੈ ਲੈ ਕੇ ਭੱਜਣ ਦਿੱਤਾ। ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੂੰ ਦੇਸ਼ ਵਿੱਚੋਂ ਜਾਣ ਦਿੱਤਾ। ਇੱਕ ਪਾਸੇ ਰੱਖਿਆ ਮੰਤਰੀ ਜਹਾਜ਼ ਦੀ ਕੀਮਤ ਦੱਸਣ ਤੋਂ ਇਨਕਾਰ ਕਰ ਰਹੇ ਹਨ ਅਤੇ ਪ੍ਰਧਾਨਮੰਤਰੀ ਨੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਾਨਟਰੈਕਟ ਸੌਂਪ ਦਿੱਤਾ।’
ਰਾਹੁਲ ਨੇ ਕਿਹਾ, ‘ਐਨਡੀਏ ਨੇ ਅਨਿਲ ਅੰਬਾਨੀ ਨੂੰ 20 ਹਜ਼ਾਰ ਕਰੋੜ ਰੁਪੈ ਦਾ ਲਾਭ ਪਹੁੰਚਾਇਆ ਹੈ। ‘ਪੀਐਮ ਜਨਤਾ ਦਾ ਪੈਸਾ ਲੁੱਟ ਕੇ ਅੰਬਾਨੀ ਨੂੰ ਦੇ ਰਹੇ ਹਨ ਅਤੇ ਪੁੱਛਣ ਤੇ ਜਵਾਬ ਵੀ ਨਹੀਂ ਦਿੰਦੇ।’ ਉਨ੍ਹਾਂ ਨੇ ਕਿਹਾ, ‘ ਮੋਦੀ ਨੇ ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਕਿਸਾਨਾਂ ਨੂੰ ਕਿਹਾ ਸੀ, ਸਹੀ ਮੁੱਲ ਮਿਲੇਗਾ,ਇਹ ਵੀ ਕਿਹਾ ਸੀ ਕਿ 15 ਲੱਖ ਰੁਪੈ ਦੇਵਾਂਗੇ। ਉਨ੍ਹਾਂ ਦਾ ਹੀ ਇੱਕ ਮੰਤਰੀ ਕਹਿੰਦਾ ਹੈ ਕਿ ਹਰ 24 ਘੰਟੇ ਵਿੱਚ 450 ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ, ਜਨਤਾ ਦੱਸੇ ਕਿ ਕੀ ਇਹ ਮਿਲਦਾ ਹੈ?’