ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ ’84 ਦੇ ਘਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਸਮੇ ਦੀ ਹਕੂਮਤ ਨਾਲ ਲੋਹਾ ਲੈਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੇ ਅਸਥਾਨ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਪਿਛਲੇ ਢਾਈ ਸਾਲ ਤੋਂ ਸ਼ਹੀਦਾਂ ਦੇ ਨਾਮ ’ਤੇ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਅਜ ਭੋਗ ਪਾਇਆ ਗਿਆ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹੀ ਕੌਮਾਂ ਚੜਦੀਕਲਾ ’ਚ ਵਿਚਰਦੀਆਂ ਹਨ ਜੋ ਸ਼ਹੀਦਾਂ ਨੂੰ ਯਾਦ ਰਖਦੀਆਂ ਹਨ। ਉਹਨਾਂ ਕਿਹਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਨੇ ਖੂਨ ਦਾ ਕਤਰਾ ਕਤਰਾ ਵਹਾ ਕੇ ਅਨਿਆਂ ਦਾ ਟਾਕਰਾ ਕੀਤਾ ਅਤੇ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਵਰੋਸਾਈ ਜਥੇਬੰਦੀ ਹੈ ਜਿਸ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਗੁਰਧਾਮਾਂ ਦੀ ਰਾਖੀ ਲਈ ਸਦਾ ਹੀ ਖੰਡਾ ਖੜਕਾਉਣਾ ਕੀਤਾ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਦੀ ਉਸਾਰੀ ’ਚ ਜਿਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਮਹਾਨ ਯੋਗਦਾਨ ਰਿਹਾ ਉਥੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਵਲੋਂ ਆਪਣੇ ਸਿਰ ’ਤੇ ਟੋਕਰੀਆਂ ਚੁਕਣ ਅਤੇ ਹੱਥੀ ਰੋੜੀ ਕੁਟ ਕੇ ਦਿਨ ਰਾਤ ਸੇਵਾ ’ਚ ਜ਼ੁਟੇ ਰਹਿਣ ਪ੍ਰਤੀ ਸੰਗਤ ਨੂੰ ਜਾਣੂ ਕਰਾਇਆ। ਉੲਨਾ ਕਿਹਾ ਯਾਦਗਾਰ ਤੋਂ ਆਉਣ ਵਾਲੀਆਂ ਪੀੜੀਆਂ ਕੋਮੀ ਕਾਜ ਲਈ ਸਦਾ ਸੇਧ ਲੈਣਗੀਆਂ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਤੋਂ ਗੁਰਬਾਣੀ ਉਚਾਰਨ ਦੀ ਜੋ ਸ਼ੁਧ ਸੰਥਿਆ ਮਿਲਦੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਸੰਸਥਾ ਤੋਂ ਮਿਲੇ। ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ਼ਹੀਦਾਂ ਦੀ ਪਦਵੀ ਨੂੰ ਮਹਾਨ ਦਸਦਿਆਂ ਕਿਹਾ ਕਿ ਉਹ ਸ਼ਹੀਦਾਂ ਦੇ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਨੂੰ ਸੌਪਣ ਲਈ ਸ੍ਰੋਮਣੀ ਕਮੇਟੀ ਅਤੇ ਪੰਥ ਦਾ ਸਦਾ ਰਿਣੀ ਰਹੇਗਾ। ਉਨਾਂ ਸਮੁਚੀਆਂ ਜਥੇਬੰਦੀਆਂ ਨੁੰ ਉਸਾਰੀ ਅਧੀਨ ਸ਼ਹੀਦੀ ਗੈਲਰੀ ਨੂੰ ਜਲਦ ਮੁਕੰਮਲ ਕਰਨ ’ਚ ਸਹਿਯੌਗ ਦੇਣ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਦਮਦਮੀ ਟਕਸਾਲ ਜਾਂ ਸ੍ਰੋਮਣੀ ਕਮੇਟੀ ਕੋਲ ਤੁਰੰਤ ਪਹੁੰਚਾਉਣ ਦੀ ਅਪੀਲ ਕੀਤੀ। ਉਹਨਾਂ ’84 ਦੇ ਹਮਲੇ ਦੌਰਾਨ ਸਿਘਾਂ ਤੋਂ ਇਲਾਵਾ ਹਿੰਦੂ ਪਰਿਵਾਰ ਦੇ ਨੁਮਾਇੰਦਿਆਂ ਵਲੋਂ ਦਿਤੀਆਂ ਗਈਆਂ ਸ਼ਹਾਦਤਾਂ ਬਾਰੇ ਵੀ ਦਸਿਆ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੀਮਤੀ ਜਾਨਾਂ ਕੁਰਬਾਨ ਕਰਨ ਦੇ ਇਲਾਵਾ ਸਿਖ ਪੰਥ ਨੂੰ ਅਜ ਤਕ ਇਨਸਾਫ ਅਤੇ ਹੱਕ ਸਚ ਹਾਸਲ ਨਹੀਂ ਹੋਇਆ। ਉਹਨਾਂ ਕਿਹਾ ਕਿ ਜਿਨਾ ਚਿਰ ਸਿਖ ਕੌਮ ਨੂੰ ਇਨਸਾਫ ਅਤੇ ਹੱਕ ਸਚ ਨਹੀਂ ਮਿਲਦਾ ਸਿਖ ਕੌਮ ਦੀਆਂ ਭਾਵਨਾਵਾਂ ਦਾ ਦਮਨ ਨਹੀਂ ਕੀਤਾ ਜਾ ਸਕੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹਿੰਦ ਹਕੂਮਤ ਦੀ ਸ਼ਾਜ਼ਿਸ਼ ਦਾ ਨਤੀਜਾ ਸੀ। ਉਹਨਾਂ ਕਿਹਾ ਕਿ ਕੇਦਰੀ ਕਾਂਗਰਸੀ ਆਗੂਆਂ ਵਲੋਂ ਗੈਰ ਜਿਮੇਵਾਰਾਨਾ ਬਿਆਨਾਂ ਰਾਹੀਂ ਹਮਲੇ ਦੀ ਤਿਆਰੀ ਵਲ ਸੇਧਿਤ ਹੁਦਿਆਂ ਉਕਸਾਹਟ ਭਰੇ ਹਾਲਾਤ ਪੈਦਾ ਕੀਤੇ ਗਏ। ਉਹਨਾਂ ਦਸਿਆ ਕਿ ਸਤਾ ਦੇ ਨਸ਼ੇ ’ਚ ਚੂਰ ਹਿੰਦ ਹਕੂਮਤ ਸਿਖ ਹੱਕਾਂ ਹਿਤਾਂ ਨੂੰ ਦਬਾਉਦਿਆਂ ਸਿਖੀ ਨੂੰ ਮਲੀਆਮੇਟ ਕਰਨ ’ਤੇ ਤੁਲੀ ਹੋਈ ਸੀ। ਧਰਮ ਯੁਧ ਮੋਰਚਾ ਸ਼ਾਂਤਮਈ ਚਲ ਰਿਹਾ ਸੀ ਜਿਸ ਨੇ ਵਿਸ਼ਵ ਭਰਦੇ ਇਨਸਾਫ ਪਸੰਦ ਨਾਗਰਿਕ ਅਤੇ ਹਕੂਮਤਾਂ ਨੂੰ ਆਪਣੇ ਵਲ ਆਕਰਸ਼ਿਤ ਕੀਤਾ, ਵਿਸ਼ਵ ਜਾਣ ਚੁਕੀ ਸੀ ਕਿ ਭਾਰਤੀ ਹਕੂਮਤ ਸਿਖਾਂ ਨੂੰ ਅਜਾਦੀ ਦੇ ਸਮੇਂ ਕੀਤੇ ਵਾਅਦਿਆਂ ਤੋਂ ਭੱਜ ਚੁਕੀ ਹੈ, ਪੰਜਾਬ ਨੂੰ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਆਪਣੇ ਕੁਦਰਤੀ ਸਰੋਤਾਂ ਦੇ ਅਧਿਕਾਰਾਂ ਤੋਂ ਵੀ ਵੰਝਿਆ ਕਰਦਿਤਾ ਗਿਆ। ਜਿਸ ਲਈ ਵਿਸ਼ਵ ਨੂੰ ਜਵਾਬ ਦੇਣਾ ਭਾਰਤੀ ਹਕੂਮਤ ਲਈ ਔਖਾ ਹੋਚੁਕਿਆ ਸੀ। ਸੋ ਸਿਖੀ ਨੂੰ ਮਿਟਾਉਣ ਦਾ ਉਹਨਾਂ ਰਾਹ ਅਪਨਾਇਆ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾਵਰ ਹੋਏ। ਜਿਨਾਂ ਨੂੰ ਸਿੰਘਾਂ ਨੇ ਲੋਹੇ ਦੇ ਚਨੇ ਚਬਣ ਲਈ ਮਜਬੂਰ ਕੀਤਾ। ਇਸ ਮੌਕੇ ਆਏ ਹੋਏ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗੰ੍ਰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਭਾਈ ਰਾਜਦੀਪ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ, ਬਾਬਾ ਮੇਜਰ ਸਿੰਘ ਵਾਂ, ਬਾਬਾ ਮਹਿੰਦਰ ਸਿੰਘ, ਬਲਵਿੰਦਰ ਸਿੰਘ , ਜਥੇ: ਅਜੀਤ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਭਾਈ ਕੁਲਦੀਪ ਸਿੰਘ ਰੋਡੇ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਲਖਬੀਰ ਸਿੰਘ ਅਡੀ: ਮੈਨੇਜਰ, ਪ੍ਰੋ: ਸਰਚਾਂਦ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਪ੍ਰਭਦੀਪ ਸਿੰਘ , ਭਾਈ ਹਰਸ਼ਦੀਪ ਸਿੰਘ ਮਹਿਤਾ ਸਮੇਤ ਭਾਰੀ ਗਿਣਤੀ ’ਚ ਸ਼ਹੀਦ ਪਰਿਵਾਰ ਆਦਿ ਮੌਜੂਦ ਸਨ ।