ਟਰੈਕਟਰ ਦੀ ਅਵਾਜ਼ ਸੁਣ ਇੰਦਰ ਸਿੰਘ ਜੋ ਆਪਣੇ ਪੋਤੇ ਪੋਤੀਆਂ ਨਾਲ ਬੈਠਕ ਵਿਚ ਪੱਖੇ ਹੇਠਾਂ ਬੈਠਾ ਸੀ, ਬੋਲਿਆ, “ਲੱਗਦਾ ਤੁਹਾਡਾ ਡੈਡੀ ਆ ਗਿਆ। ਸੋਨੀ ਜਾਹ ਰੂਹ ਅਫਜਾ ਘੋਲ੍ਹ ਲਿਆ ਧੁੱਪ ਵਿਚੋਂ ਆਏ ਨੇ।”
ਦੀਪੀ ਤਾਂ ਆਪਣੇ ਕਮਰੇ ਵੱਲ ਚਲੀ ਗਈ, ਬਾਕੀ ਟੱਬਰ ਬੈਠਕ ਵਿਚ ਆ ਗਿਆ।
“ਫਿਰ ਕਿੱਦਾਂ ਰਿਹਾ?” ਇੰਦਰ ਸਿੰਘ ਨੇ ਪੁੱਛਿਆ ਜੋ ਮੁੰਡੇ ਅਤੇ ਪ੍ਰੀਵਾਰ ਦੀ ਜਾਣਕਾਰੀ ਲੈਣ ਲਈ ਬਹੁਤ ਹੀ ਕਾਹਲ੍ਹਾ ਸੀ।
“ਮੁੰਡਾ ਤਾਂ ਬਹੁਤ ਹੀ ਸੁਹਣਾ ਆ।” ਹਰਨਾਮ ਕੌਰ ਨੇ ਦੱਸਿਆ, “ਟੱਬਰ ਤਾਂ ਸਾਰਾ ਹੀ ਸੁਹਣਾ ਆ।”
“ਸੁਹਣੇ ਤਾਂ ਹੋਣਗੇ।” ਇੰਦਰ ਸਿੰਘ ਨੇ ਕਿਹਾ, “ਮੈ ਪੁੱਛਦਾ ਆਂ ਕਿ ੳਦਾਂ ਖਰੇ ਆ।”
“ਮਿੰਦੀ ਦਾ ਜੇਠ ਵੀ, ਆਪਣੇ ਭਰਾ ਵਰਗਾ ਆ।” ਮੁਖਤਿਆਰ ਨੇ ਦੱਸਿਆ, “ਜਿਹੜੀ ਵੀ ਗੱਲ ਕੀਤੀ ਸਿੱਧੀ ਤੇ ਸਪੱਸ਼ਟ।”
ਇਸ ਤਰ੍ਹਾਂ ਸਾਰਾ ਪ੍ਰੀਵਾਰ ਨਵੇ ਬਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰ ਕਰ ਖੁਸ਼ ਹੋ ਰਿਹਾ ਸੀ। ਦੀਪੀ ਕੋਲੋਂ ਤਾਂ ਆਪਣੀ ਖੁਸ਼ੀ ਸਾਂਭੀ ਹੀ ਨਹੀ ਸੀ ਜਾ ਰਹੀ। ਆਪਣੇ ਆਪ ਵਿਚ ਮੁਸਕ੍ਰਾਂਉਦੀ, ਸੋਚਾਂ ਦੇ ਸੁਪਨੇ ਬਣਾਉਂਦੀ ਅੰਗੀਠੀ ਤੇ ਪਿਆ ਪ੍ਰੀਤਲੜੀ ਰਸਾਲਾ ਚੁੱਕ ਕੇ ਮੰਜੇ ਤੇ ਪੈ ਗਈ। ਗੁਰਬਖਸ਼ ਸਿੰਘ ਦਾ ਲਿਖਿਆ ਲੇਖ ‘ ਪਿਆਰ ਕਬਜਾ ਨਹੀ ਪਹਿਚਾਨ ਹੈ’ ਪੜ੍ਹਦੀ ਸੌਂ ਗਈ।