ਅਗਲੇ ਦਿਨ ਕਾਲਜ ਜਾਣ ਲਈ ਪਹਿਲਾਂ ਹੀ ਸਿਮਰੀ ਦੇ ਘਰ ਵੱਲ ਨੂੰ ਚੱਲ ਪਈ। ਸਿਮਰੀ ਨੂੰ ਆਉਂਦੀ ਦੇਖ ਕੇ ਮੁਸਕ੍ਰਾ ਪਈ। ਦੋਨੋ ਸਾਈਕਲਾਂ ਤੇ ਚੜ੍ਹ ਕਾਲਜ ਨੂੰ ਤੁਰ ਪਈਆਂ। ਦੀਪੀ ਨੂੰ ਖੁਸ਼ ਦੇਖ ਕੇ ਸਿਮਰੀ ਨੂੰ ਹੈਰਾਨੀ ਹੋਈ ਕਿਉਂਕਿ ਉਹ ਤਾਂ ਸੋਚਦੀ ਸੀ ਪਤਾ ਨਹੀ ਦੀਪੀ ਤੇ ਕੀ ਗੁਜ਼ਰੀ ਹੋਊ ਜਦੋਂ ਉਸ ਨੇ ਰਿਸ਼ਤੇ ਨੂੰ ਨਾਹ ਕੀਤੀ ਹੋਵੇਗੀ। ਆਪਣਾ ਅੰਦਾਜ਼ਾ ਲਾਉਂਦੀ ਬੋਲੀ, “ਤੇਰੀ ਮੁਸਕ੍ਰਾਟ ਤੋਂ ਪਤਾ ਲੱਗਦਾ ਹੈ ਕਿ ਤੂੰ ਮੋਰਚਾ ਜਿੱਤ ਲਿਆ।”
“ਮੋਰਚਾ ਜਿੱਤਿਆ ਹੀ ਨਹੀਂ ਸਗੋਂ ਕਬਜ਼ਾ ਵੀ ਮਿਲ ਗਿਆ।”
“ਸਿੱਧੀ ਤਰ੍ਹਾਂ ਦੱਸ ਫਿਰ ਕੀ ਹੋਇਆ, ਮੇਰੇ ਨਾਲ ਬੁਝਾਰਤਾਂ ਨਾਂ ਪਾ।”
“ਜੋ ਹੋਇਆ ਉਹ ਤਾਂ ਮੈਂ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।”
“ਐਸਾ ਵੀ ਕੀ ਹੋ ਗਿਆ? ਜਿਸ ਦੇ ਨਾਲ ਤੇਰੇ ਅੰਗਾਂ ਵਿਚੋਂ ਹਾਸਿਆਂ ਦੇ ਫੁਆਰੇ ਫੁੱਟਣ ਲੱਗ ਪਏ।”
“ਸੁਣੇ ਗੀ ਤਾਂ ਹੈਰਾਨ ਰਹਿ ਜਾਵੇਂਗੀ।”
“ਕੁੱਝ ਦੱਸੇਂਗੀ ਵੀ।”
“ਜਿਹੜਾ ਮੁੰਡਾ ਮੈਨੂੰ ਦੇਖਣ ਆਇਆ ਤੈਨੂੰ ਪਤਾ ਉੁਹ ਕੌਣ ਸੀ?”
“ਨਾਂ ਮੈਂ ਵਿਚੋਲਣ ਆਂ, ਜਿਹੜਾ ਮੈਨੂੰ ਪਤਾ ਹੋਵੇ ਕਿ ਮੁੰਡਾ ਕੌਣ ਆ।”
“ਉਹ ਦਿਲਪ੍ਰੀਤ ਸੀ।”
ਇਹ ਸੁਣ ਕੇ ਸਿਮਰੀ ਨੇ ਇੱਕਦਮ ਸਾਈਕਲ ਤੋਂ ਛਾਲ ਮਾਰੀ ਅਤੇ ਹੈਰਾਨ ਹੋਈ ਉ¤ਥੇ ਹੀ ਖਲੋ ਗਈ। ਉਹਦੇ ਮੂੰਹ ਵਿਚੋਂ ਇਨਾ ਹੀ ਨਿਕਲਿਆ, “ਹੈਂ।”
ਦੀਪੀ ਨੇ ਉਸ ਨੂੰ ਸਾਰੀ ਗੱਲ ਦੱਸੀ। ਸਿਮਰੀ ਸੁਣ ਕੇ ਹੈਰਾਨ ਹੁੰਦੀ ਹੋਈ ਖੁਸ਼ ਵੀ ਹੋਈ।
“ਅੱਗੇ ਤਾਂ ਕਦੀ ਚੱਕਰ ਮਾਰਦਾ ਸੀ।” ਸਿਮਰੀ ਨੇ ਕਿਹਾ, “ਦੇਖੀ ਹੁਣ ਤਾਂ ਰੋਜ਼ ਆਇਆ ਖੜ੍ਹਾ।”
“ਨਹੀ, ਉਹ ਇਸ ਤਰ੍ਹਾਂ ਨਹੀਂ ਕਰੇਗਾ।”
“ਦੀਪੀ, ਤੂੰ ਕਿੰਨੀ ਲੱਕੀ ਨਿਕਲੀ, ਮੁਹੱਬਤ ਅਸਾਨੀ ਨਾਲ ਤੇਰੀ ਝੋਲੀ ਵਿਚ ਪੈ ਗਈ।”
“ਮੈ ਤਾਂ ਆਪ ਸੋਚਦੀ ਸਾਂ ਕਿ ਗੁਰੂ ਜੀ ਦੀ ਮਿਹਰ ਸਦਕਾ ਹੀ ਇਹ ਸਭ ਹੋਇਆ।”
“ਤੇਰੀ ਮੰਮੀ ਨੂੰ ਪਤਾ ਹੈ ਕਿ ਤੂੰ ਦਿਲਪ੍ਰੀਤ ਨੂੰ ਪਹਿਲਾ ਹੀ ਜਾਣਦੀ ਸੀ।”
“ਨਹੀ, ਮੈਂ ਤਾਂ ਜਾਹਰ ਵੀ ਨਹੀ ਹੋਣ ਦਿੱਤਾ।”
“ਚੰਗਾ ਕੀਤਾ, ਨਹੀ ਕਈ ਵਾਰੀ ਘਰ ਦੇ ਕੁੜੀ ਦੀ ਮਰਜ਼ੀ ਨਾਲ ਸਹਿਮਤ ਵੀ ਨਹੀ ਹੁੰਦੇ।”
“ਖੈਰ, ਮੇਰੀ ਮੰਮੀ ਤਾਂ ਇਸ ਤਰ੍ਹਾਂ ਦੀ ਨਹੀਂ, ਪਰ ਫਿਰ ਵੀ ਮੈਂ ਇਹ ਗੱਲ ਨੂੰ ਲੁਕਾਣ ਵਿਚ ਹੀ ਚੰਗਾ ਸਮਝਿਆ।”
“ਅੱਜ ਦਿਲਪ੍ਰੀਤ ਆਵੇਗਾ?”
“ਪਤਾ ਨਹੀਂ, ਸ਼ਾਇਦ।”
ਦੋਨੋ ਸਹੇਲੀਆਂ ਗੱਲਾਂ ਕਰਦੀਆਂ ਕਾਲਜ ਪਹੁੰਚ ਗਈਆਂ।