ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਬੀਜੇਪੀ ਵੱਲੋਂ ਕੀਤੇ ਗਏ ਰਾਫੇਲ ਸੌਦੇ ਨੂੰ ‘ਬੋਫਰਸ ਦਾ ਵੀ ਬਾਪ’ ਦੱਸਦੇ ਹੋਏ ਕਿਹਾ ਕਿ ਇਸ ਸੌਦੇ ਦੀ ਪੋਲ ਖੋਲ੍ਹਣ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਰਾਹੁਲ ਗਾਂਧੀ ਦਾ ਮਹੱਤਵ ਵਧਿਆ ਹੈ। ਰਾਊਤ ਨੇ ਪਾਰਟੀ ਦੇ ਪੇਪਰ ਸਾਮਨਾ ਵਿੱਚ ਕਿਹਾ ਹੈ ਕਿ ਬੋਫਰਸ ਸੌਦੇ ਵਿੱਚ ਜਿੰਨ੍ਹਾਂ ਲੋਕਾਂ ਨੇ 65 ਕਰੋੜ ਦੀ ਰਿਸ਼ਵਤ ਲੈਣ ਦਾ ਆਰੋਪ ਲਗਾਇਆ ਸੀ, ਉਹੋ ਹੀ ਹੁਣ ਪਾਵਰ ਵਿੱਚ ਹਨ। ਅੱਜ ਉਨ੍ਹਾਂ ਹੀ ਲੋਕਾਂ ਤੇ ਰਾਫੇਲ ਸੌਦੇ ਵਿੱਚ 700 ਕਰੋੜ ਰਿਸ਼ਵਤ ਲੈਣ ਦਾ ਆਰੋਪ ਹੈ।
ਰਾਫੇਲ ਸੌਦੇ ਦੀ ਆਲੋਚਨਾ ਕਰਦੇ ਹੋਏ ਸੰਜੇ ਰਾਊਤ ਨੇ ਕਿਹਾ, ‘ਸਵਾਲ ਇਹ ਨਹੀਂ ਹੈ ਕਿ ਅਨਿਲ ਅੰਬਾਨੀ ਨੂੰ ਲੜਾਕੂ ਜਹਾਜ਼ ਬਣਾਉਣ ਦਾ ਠੇਕਾ ਦਿੱਤਾ ਗਿਆ, ਬਲਿਕ ਹਰ ਇੱਕ ਜਹਾਜ਼ ਦੇ ਲਈ 527 ਕਰੋੜ ਰੁਪੈ ਦੇ ਮੁੱਲ ਦੇ ਬਜਾਏ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਇਹ ਸੌਦਾ 1570 ਕਰੋੜ ਰੁਪੈ ਵਿੱਚ ਕੀਤਾ ਗਿਆ। ਇਸ ਦਾ ਮੱਤਲਬ ਇਹ ਹੈ ਕਿ ਵਿਚੋਲੇ ਨੂੰ ਪ੍ਰਤੀ ਜਹਾਜ਼ ਦੇ ਬਦਲੇ ਇੱਕ 1,000 ਕਰੋੜ ਰੁਪੈ ਦੀ ਦਲਾਲੀ ਮਿਲੀ।’ ਉਨ੍ਹਾਂ ਨੇ ਰਾਹੁਲ ਦੁਆਰਾ ਕੀਤੀ ਜਾ ਰਹੀ ਆਲੋਚਨਾ ਨੂੰ ਬੀਜੇਪੀ ਵੱਲੋਂ ਪਾਕਿਸਤਾਨ ਦੀ ਭਾਸ਼ਾ ਬੋਲਣ ਅਤੇ ਉਸ ਦੀ ਮੱਦਦ ਕਰਨ ਨੂੰ ਹਾਸੋਹੀਣਾ ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ, ‘ਇਹੋ ਆਰੋਪ 1980 ਵਿੱਚ ਬੋਫਰਸ ਸੌਦੇ ਦੇ ਦੌਰਾਨ ਕਾਂਗਰਸ ਦੇ ਖਿਲਾਫ਼ ਲਗਾਏ ਗਏ ਸਨ। ਕੀ ਉਸ ਸਮੇਂ ਪਾਕਿਸਤਾਨ ਦੀ ਮੱਦਦ ਨਹੀਂ ਸੀ ਹੋ ਰਹੀ?’ ਜੋ ਪਾਵਰ ਵਿੱਚ ਹਨ ਅਤੇ ਉਹ ਬੋਫਰਸ ਨੂੰ ਇੱਕ ਘੋਟਾਲਾ ਮੰਨਦੇ ਹਨ….ਹਾਲਾਂ ਕਿ ਉਹ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਰਾਫੇਲ ਵੀ ਇੱਕ ਘੋਟਾਲਾ ਹੈ।’ ਸੰਜੇ ਨੇ ਕਿਹਾ, ‘’ਦੇਸ਼ ਵਿੱਚ ਸਿਰਫ਼ ਰਾਹੁਲ ਗਾਂਧੀ ਰਾਫੇਲ ਸਮਝੌਤੇ ਦੇ ਖਿਲਾਫ਼ ਬੋਲ ਰਹੇ ਹਨ, ਜਦੋਂ ਕਿ ਬਾਕੀ ਸਾਰੇ ਰਾਜਨੀਤਕ ਦਲ ਖਾਮੋਸ਼ ਹਨ। ਇਸ ਲਈ ਰਾਹੁਲ ਹੁਣ ਦੇਸ਼ ਦੀ ਰਾਜਨੀਤੀ ਵਿੱਚ ਜਿਆਦਾ ਪ੍ਰਭਾਵਸ਼ਾਲੀ ਹੋ ਰਹੇ ਹਨ।’