ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਦੀ ਪੱਤੀ ਖੁਰਮਪੁਰ ਦੇ ਇੱਕ ਵਿਅਕਤੀ ਦੇ ਅਨਪੜ੍ਹ ਹੋਣ ਦਾ ਫਾਇਦਾ ਚੁੱਕਦਿਆਂ ਜ਼ਮੀਨ ਵੇਚਣ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧ ਪੁਲਿਸ ਵੱਲੋਂ ਡੀਡ ਰਾਈਟਰ ਸਮੇਤ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤੀ ਗਿਆ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਨੇ ਆਪਣੇ ਪਿੰਡ ਦੇ ਜਾਣਕਾਰ ਜਗਦੀਸ਼ ਸਿੰਘ ਪੁੱਤਰ ਆਸਾ ਸਿੰਘ ਨਾਲ ਜ਼ਮੀਨ ਵੇਚਣ ਬਾਰੇ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਜਗਦੀਸ਼ ਸਿੰਘ ਨੇ ਸੁਰਿੰਦਰ ਕੌਰ ਪਤਨੀ ਜਗੀਰ ਸਿੰਘ ਵਾਸੀ ਪਿੰਡ ਅਮਰਜੀਤਪੁਰ (ਸੁਲਤਾਨਪੁਰ ਲੋਧੀ) ਨੂੰ ਸੁਖਵਿੰਦਰ ਸਿੰਘ ਦੀ ਜ਼ਮੀਨ ਰਕਬਾ ਇੱਕ ਕਨਾਲ 13 ਮਰਲੇ ਅਤੇ 14 ਕਨਾਲ 15 ਮਰਲੇ ਦੀ ਰਜਿਸਟਰੀ ਕਰਵਾ ਦਿੱਤੀ। ਸੁਖਵਿੰਦਰ ਸਿੰਘ ਨੇ ਜਦੋਂ ਸੁਰਿੰਦਰ ਕੌਰ ਕੋਲੋਂ ਆਪਣੀ ਵੇਚੀ ਹੋਈ ਜ਼ਮੀਨ ਦੀ ਬਣਦੀ ਰਕਮ ਦੀ ਮੰਗ ਕੀਤੀ ਤਾਂ ਸੁਰਿੰਦਰ ਕੌਰ ਨੇ ਕਿਹਾ ਕਿ ਮੈਂ ਇਸ ਜ਼ਮੀਨ ਦੀ ਜੋ ਵੀ ਬਣਦੀ ਰਕਮ ਜਗਦੀਸ਼ ਸਿੰਘ ਦੇ ਨਾਮ ’ਤੇ ਉਸ ਵੇਲੇ ਚੈਕ ਰਾਹੀਂ ਅਦਾ ਕਰ ਦਿੱਤੀ ਸੀ ਤੇ ਹੁਣ ਉਸ ਪਾਸੋਂ ਕੋਈ ਵੀ ਬਕਾਇਆ ਲੈਣਾ ਨਹੀਂ ਰਹਿੰਦਾ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਅਨਪੜਤਾ ਦਾ ਜਗਦੀਸ਼ ਸਿੰਘ, ਸੁਰਿੰਦਰ ਕੌਰ ਅਤੇ ਉਨਾਂ ਦੇ ਸਾਥੀਆਂ ਨੇ ਫਾਇਦਾ ਉਠਾਉਦੇ ਹੋਏ ਜ਼ਮੀਨ ਧੋਖੇ ਨਾਲ ਵੇਚ ਦਿੱਤੀ ਅਤੇ ਉਸਦੀ ਕੋਈ ਵੀ ਬਣਦੀ ਰਕਮ ਨਹੀਂ ਦਿੱਤੀ ਗਈ। ਜਦੋਂ ਚੈਕ ਕੱਟੇ ਸਨ, ਉਸ ਸਮੇਂ ਇੰਨਾਂ ਨੇ ਮੈਨੂੰ ਘਰ ਭੇਜ ਦਿੱਤਾ ਅਤੇ ਕਿਹਾ ਕਿ ਤੇਰੀ ਬਣਦੀ ਰਕਮ ਤੈਨੂੰ ਘਰ ਆ ਕੇ ਦੇ ਦੇਣਗੇ। ਜਗਦੀਸ਼ ਸਿੰਘ ਨੇ ਵੇਚੀ ਹੋਈ ਜ਼ਮੀਨ ਦੇ ਸਾਰੇ ਪੈਸੇ ਧੋਖੇ ਨਾਲ ਸੁਰਿੰਦਰ ਕੌਰ ਦੇ ਨਾਲ ਮਿਲ ਕੇ ਆਪ ਰੱਖ ਲਏ ਹਨ ਅਤੇ ਸੁਖਵਿੰਦਰ ਸਿੰਘ ਨੂੰ ਉਸ ਵਿੱਚੋਂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਮਾਡਲ ਥਾਣਾ ਸ਼ਾਹਕੋਟ ਦੇ ਜਾਂਚ ਅਧਿਕਾਰੀ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਮਾਣਯੋਗ ਅਦਾਲਤ ਦੇ ਹੁਕਮਾ ਅਨੁਸਾਰ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇਸ ਸਬੰਧੀ ਜਗਦੀਸ਼ ਸਿੰਘ ਪੁੱਤਰ ਪੁੱਤਰ ਆਸਾ ਸਿੰਘ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਅਤੇ ਮੁਨੀਸ਼ ਗੁਪਤਾ ਡੀਡ ਰਾਈਟਰ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੁਖਵਿੰਦਰ ਸਿੰਘ ਦੀ ਮਾਲਕੀ 2 ਕਿਲੇ 8 ਮਰਲੇ ਸੀ, ਜੋ ਕਿ ਜਗਦੀਸ਼ ਸਿੰਘ ਨੇ ਅੱਗੇ ਸੁਰਿੰਦਰ ਕੌਰ ਨੂੰ ਵਿਕਾ ਕੇ ਉਸ ਕੋਲੋਂ 4 ਚੈੱਕ ਕਰੀਬ 22/23 ਲੱਖ ਦੇ ਬਣਦੇ ਹਨ, ਉਹ ਚਾਰੇ ਚੈੱਕ ਜਗਦੀਸ਼ ਸਿੰਘ ਨੇ ਆਪਣੇ ਨਾਮ ’ਤੇ ਲੈ ਕੇ ਗਲਤ ਕੰਮ ਕੀਤਾ ਹੈ ਕਿਉਕਿ ਮਾਲਕ ਜ਼ਮੀਨ ਦਾ ਸੁਖਵਿੰਦਰ ਸਿੰਘ ਸੀ ਤੇ ਸੁਖਵਿੰਦਰ ਸਿੰਘ ਨੇ ਜ਼ਮੀਨ ਵੇਚੀ ਹੈ, ਜਿਸਦੀ ਰਕਮ ਜਗਦੀਸ਼ ਸਿੰਘ ਲੈ ਰਿਹਾ ਹੈ। ਇਸ ਮਾਮਲੇ ਵਿੱਚ ਗੜਬੜ ਇਹ ਵੀ ਸਾਹਮਣੇ ਆਈ ਕਿ ਮੁਨੀਸ਼ ਗੁਪਤਾ ਡੀਡ ਰਾਈਟਰ ਦੀ ਮਿਲੀ ਭੁਗਤ ਕਾਰਨ ਇਹ ਸਾਰਾ ਕੰਮ ਜ਼ਮੀਨ ਦੇ ਮਾਲਕ ਸੁਖਵਿੰਦਰ ਸਿੰਘ ਨੂੰ ਹਨੇਰੇ ਵਿੱਚ ਰੱਖ ਕੇ ਕੀਤਾ ਗਿਆ ਹੈ। ਸੁਰਿੰਦਰ ਕੌਰ ਨੇ ਜ਼ਮੀਨ ਖਰੀਦੀ ਹੈ ਤੇ ਉਸਨੇ ਜ਼ਮੀਨ ਮੁਤਾਬਕ ਉਸਦੀ ਅਦਾਇਗੀ ਰਕਮ ਚੈੱਕ ਰਾਹੀਂ ਦਿੱਤੀ ਹੈ, ਪਰ ਚੈੱਕ ਜਗਦੀਸ਼ ਦੇ ਨਾਮ ’ਤੇ ਦਿੱਤੇ ਹਨ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਗਦੀਸ਼ ਸਿੰਘ ਨੇ ਡੀਡ ਰਾਈਟਰ ਨਾਲ ਮਿਲ ਕੇ ਕੁੱਝ ਨਾ ਕੁੱਝ ਹੇਰਾ-ਫੇਰੀ ਜ਼ਰੂਰ ਕੀਤੀ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਅਜੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹਨ, ਜਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਡੂੰਘਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ।