ਨਵੀਂ ਦਿੱਲੀ : ਸਿੱਖਾਂ ਨੇ ਹਮੇਸ਼ਾ ਧਰਮ ਨੂੰ ਸੇਵਾ ਦੇ ਸੰਕਲਪ ਨਾਲ ਜੋੜ ਕੇ ਕਾਰਜ ਕੀਤਾ ਹੈ ਅਤੇ ਹਮੇਸ਼ਾ ਬਿਨਾ ਸਰਕਾਰੀ ਮਦਦ ਦੇ ਆਪਣੇ ਧਰਮ ਦੀ ਚੜ੍ਹਦੀਕਲਾ ਕਾਇਮ ਕਰਵਾਈ ਹੈ। ਪਰ ਦੂਜੇ ਪਾਸੇ ਇਸਾਈ ਧਰਮ ਦੇ ਪ੍ਰਚਾਰਕਾਂ ਨੇ ਹਮੇਸ਼ਾ ਸਰਕਾਰੀ ਮਦਦ ਦੇ ਸਹਾਰੇ ਧਰਮ ਦੀ ਓਟ ’ਚ ਕਾਰਜ ਕਰਕੇ ਲੋਕਾਂ ਨੂੰ ਧਰਮ ਬਦਲਣ ਲਈ ਮੋਟੇ ਲਾਲਚ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਧਰਮ ਬਦਲਣ ਬਾਰੇ ਉਕਤ ਸਖਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭਾਈ ਘਨ੍ਹਈਆ ਜੀ ਦੇ 300 ਸਾਲਾਂ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਕੀਤਾ।
ਜੀ.ਕੇ. ਨੇ ਕਿਹਾ ਕਿ ਇਸਾਈ ਧਰਮ ਦੇ ਪ੍ਰਚਾਰਕ ਕਿਸੇ ਦਾ ਸਹਿਯੋਗ ਕਰਨ ਵੇਲੇ ਪਹਿਲਾ ਉਸਨੂੰ ਧਰਮ ਬਦਲਣ ਦਾ ਦਬਾਵ ਬਣਾਉਂਦੇ ਹਨ। ਇਸ ਉਪਰੰਤ ਉਸਨੂੰ ਮਾਇਆ, ਨੌਕਰੀ, ਵੀਜ਼ਾ ਆਦਿਕ ਦੇਣ ਦਾ ਲਾਲਚ ਦਿੰਦੇ ਹਨ। ਜਿਸ ਮਾਇਆ ਦੇ ਆਧਾਰ ’ਤੇ ਇਹ ਲੋਕਾਂ ਨੂੰ ਲਲਚਾਊਂਦੇ ਹਨ ਉਸਦਾ ਇੰਤਜਾਮ ਇਨ੍ਹਾਂ ਦੀ ਸਰਕਾਰਾਂ ਕਰਦੀਆਂ ਹਨ ਪਰ ਸਿੱਖ ਗੁਰੂ ਦੀ ਗੋਲਕ ਸਹਾਰੇ ਹਰੇਕ ਦੀ ਬਿਨਾਂ ਕਿਸੇ ਲਾਲਚ ਦੇ ਮਦਦ ਕਰਦਾ ਹੈ। ਇਹੀ ਮੁੱਢਲਾ ਫਰਕ ਲੋਕਾਂ ਨੂੰ ਧਰਮ ਅਤੇ ਧੰਦੇ ਵਿੱਚਕਾਰ ਫਰਕ ਸਮਝਣ ਲਈ ਕਾਫ਼ੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੇਨ ਪਰਮਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਸੰਗਤਾਂ ਅੱਗੇ ਰੱਖੇ। ਸੇਵਾਪੰਥੀ ਗੁਰਦੁਆਰਾ ਟਿਕਾਣਾ ਸਾਹਿਬ ਦੇ ਮਹੰਤ ਅੰਮ੍ਰਿਤਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।
ਭਾਈ ਘਨ੍ਹਈਆ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਜਥੇਦਾਰ ਨੇ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਸਿੱਖ ਧਰਮ ’ਚ ਮੌਜੂਦ ਬਿਨਾਂ ਕਿਸੇ ਵਿੱਤਕਰੇ ਦੇ ਸਭ ਦੀ ਸੇਵਾ ਕਰਨ ਦੇ ਸਿੰਧਾਂਤ ਬਾਰੇ ਆਪਣੇ ਵਿਚਾਰ ਰੱਖੇ। ਜੀ.ਕੇ. ਨੇ ਸੇਵਾਪੰਥੀ ਸੰਪਰਦਾ ਦੇ ਸਮੂਹ ਸੰਤਾਂ ਦਾ ਇਸ ਆਯੋਜਨ ਲਈ ਧੰਨਵਾਦ ਕਰਕੇ ਹੋਏ ਕਿਹਾ ਕਿ ਭਾਈ ਘਨ੍ਹਈਆ ਜੀ ਵਰਗੀ ਸੇਵਾ ਦੀ ਲਲੱਕ ਗੁਰੂ ਨੂੰ ਸਮਰਪਿਤ ਹੋਣ ਤੋਂ ਬਾਅਦ ਆਊਂਦੀ ਹੈ। ਅੱਜ ਸਿੱਖਾਂ ਨੇ ਸ਼ੋਸ਼ਲ ਮੀਡੀਆ ’ਤੇ ਆਪਣੀ ਛਵੀ ਨੂੰ ਮਜ਼ਾਕ ਦੀ ਥਾਂ ਸੇਵਾ ਦਾ ਪਾਤਰ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ ਹੈ। ਸਿੱਖਾਂ ਤੋਂ ਇਲਾਵਾ ਅੱਜ ਗੈਰਸਿੱਖ ਵੀ ਅਧਿਕਾਰਿਕ ਤੌਰ ’ਤੇ ਸਾਡੇ ਨਾਲ ਮੁਲਾਕਾਤ ਦੌਰਾਨ ਮੰਨਦੇ ਹਨ ਕਿ ਸਿੱਖਾਂ ਦੀ ਸੇਵਾ ਭਾਵਨਾ ਦਾ ਕਿੱਤੇ ਮੁਕਾਬਲਾ ਨਹੀਂ ਹੈ। ਦਸ਼ਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣਾ ਅਸ਼ੀਰਵਾਦ ਦੇ ਕੇ ਭਾਈ ਘਨ੍ਹਈਆ ਜੀ ਨੂੰ ਸੇਵਾ ਦੀ ਜੋ ਦਾਤ ਬਖ਼ਸੀ ਸੀ, ਉਹੀ ਸਿੰਧਾਂਤ ਅੱਜ ਰੈਡਕ੍ਰਾਸ ਵਰਗੀਆਂ ਜਥੇਬੰਦੀਆਂ ਦੀ ਹੋਂਦ ਦਾ ਕਾਰਨ ਬਣਿਆ ਹੈ।
ਸੇਵਾ ਭਾਵਨਾ ਅਤੇ ਸਿੰਧਾਂਤਾ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਸਿੱਖ ਜਰਨੈਲ ਕਿਸੇ ਜੰਗ ਦੇ ਮੈਦਾਨ ’ਚ ਜਾਣ ਤੋਂ ਪਹਿਲਾ ਗੁਰਮਤਾ ਪਕਾਊਂਦੇ ਸਨ, ਕਿ ਕਿਸੇ ਮਜਲੂਮ, ਬੱਚੇ, ਬਜੂਰਗ ਜਾਂ ਜਨਾਨੀ ’ਤੇ ਵਾਰ ਨਹੀਂ ਕਰਨਾ। ਕਿਸੇ ਜਨਾਨੀ ਦੀ ਇੱਜਤ ਨੂੰ ਹੱਥ ਨਹੀਂ ਪਾਉਣਾ, ਡਿੱਗੇ ਹੋਏ ਜਾਂ ਭੱਜਦੇ ਹੋਏ ’ਤੇ ਵਾਰ ਨਹੀਂ ਕਰਨਾ। ਇਹੀ ਕਾਰਨ ਸੀ ਕਿ ਦੁਸ਼ਮਨ ਵੀ ਸਿੱਖਾਂ ਦੇ ਇਖਲਾਕ ਅਤੇ ਕਿਰਦਾਰ ਦੀ ਸਲਾਘਾ ਕਰਦੇ ਸਨ। ਇਸੇ ਇਤਿਹਾਸ ਨੂੰ ਘਰ-ਘਰ ਤਕ ਪਹੁੰਚਾਉਣ ਵਾਸਤੇ ਭਾਈ ਘਨ੍ਹਈਆ ਜੀ ਦੀ ਸੋਚ ਨੂੰ ਸਮਝਣਾ ਜਰੂਰੀ ਹੈ। ਇਸ ਮੌਕੇ ਮਹੰਤ ਮਹਿੰਦਰ ਸਿੰਘ ਡੇਰਾ ਮੋਹਨਪੁਰ ਪਹਾੜਗੰਜ ਸਣੇ ਸਮੂਹ ਸੇਵਾਪੰਥੀ ਸੰਪ੍ਰਦਾਵਾਂ ਦੇ ਮੁਖੀ ਮੌਜੂਦ ਸਨ।