ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਅੱਜ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ – ਢਾਡੀ ਜਥਿਆਂ ਤੇ ਕਥਾਵਾਚਕਾ ਨੇ ਗੁਰਬਾਣੀ ਦੇ ਮਨੋਹਰ ਕੀਰਤਨ, ਢਾਡੀ ਪ੍ਰਸੰਗ ਅਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਹਾਜਰੀ ਭਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚ ਦਾ ਰਾਸਤਾ ਵਿਖਾਇਆ। ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇਸ਼ ਦੀ ਸਥਿਤੀ ਡਾਵਾਡੋਲ ਸੀ। ਵਿਦੇਸ਼ੀ ਹਮਲਾਵਾਰ ਆਏ ਦਿਨ ਹਿੰਦੂਸਤਾਨ ਦੇ ਸਭਿਆਚਾਰ ਨੂੰ ਮਲੀਆ ਮੇਟ ਕਰ ਰਹੇ ਸਨ। ਇਥੋਂ ਦੇ ਹਾਕਮ ਜਿਨ੍ਹਾਂ ਦੀ ਜਿਮੇਂਵਾਰੀ ਪਰਜਾ ਦੀ ਰੱਖਿਆ ਕਰਨ ਦੀ ਹੁੰਦੀ ਸੀ। ਉਹ ਪਰਜਾ ਦੀ ਰੱਖਿਆ ਕਰਨ ਦੀ ਬਜਾਏ ਉਲਟਾ ਪਰਜਾ ’ਤੇ ਹੀ ਜੁਲਮ ਢਾਹ ਰਹੇ ਸਨ। ਰਿਸ਼ਵਤ ਖੋਰੀ ਦਾ ਬੋਲਬਾਲਾ ਸੀ। ਧਰਮ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ।
ਜੀ।ਕੇ। ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੰਮੀਆਂ ਯਾਤਰਾਵਾਂ ਕਰਕੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦਾ ਸਿਧਾਂਤ ਦਿੱਤਾ। ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਸਰਲ ਤੇ ਸਹੀ ਰਾਹ ਦਿਖਾਇਆ। ਆਪਣੇ ਆਪ ਨੂੰ ਗਰੀਬਾਂ ਦਾ ਸੰਗੀ ਸਾਥੀ ਕਿਹਾ। ਇਥੋਂ ਤਕ ਕਿ ਵਿਦੇਸ਼ੀ ਤਾਕਤਵਰ ਹਮਲਾਵਰ ਬਾਬਰ ਨੂੰ ਜਾਬਰ ਤਕ ਕਹਿਣ ਦੀ ਜੁਰਅਤ ਕੀਤੀ। ਧਰਮ ਦੇ ਨਾਂ ਤੇ ਪੈਦਾ ਹੋ ਕੇ ਵਿਤਕਰਿਆ ਦਾ ਵਿਰੋਧ ਕਰਦੇ ਹੋਏ ਸਾਰੀ ਲੋਕਾਈ ਨੂੰ ਕੇਵਲ ਇੱਕੋ ਇੱਕ ਪ੍ਰਮਾਤਮਾ ਨਾਲ ਜੋੜਿਆ। ਉਹਨਾਂ ਨੇ ਸਾਰੀ ਲੋਕਾਈ ਨੂੰ ਇੱਕ ਓਂਕਾਰ ਦਾ ਉਪਦੇਸ਼ ਦਿੰਦਿਆਂ ਲੋਕਾਂ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਆਪਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕਰਦਿਆਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਸ਼ਹਿਰ ਵਸਾ ਕੇ ਹੱਥੀ ਖੇਤੀ ਕੀਤੀ। ਉਹਨਾਂ ਨੇ ਸਮੂੰਹ ਲੋਕਾਈ ਨੂੰ ਸ਼ਾਂਝੀਵਾਲਤਾ, ਆਪਸੀ ਪ੍ਰੇਮ, ਭਰਾਤਰੀ ਭਾਵ ਤੇ ਸਹਿਨਸ਼ੀਲਤਾ ਦਾ ਉਪਦੇਸ਼ ਦਿੱਤਾ।
ਜੀ.ਕੇ. ਨੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਚਲ ਰਹੇ ਨਿਰਮਾਣ ਕਾਰਜਾਂ ਦਾ ਕਾਰਸੇਵਾ ਦੇ ਸੰਤਾ ਨਾਲ ਜਾਇਜਾ ਲਿਆ। ਕਮੇਟੀ ਮੈਂਬਰ ਚਮਨ ਸਿੰਘ ਅਤੇ ਸਾਬਕਾ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ’ਤੇ ਵਿਸਥਾਰ ਪੂਰਬਕ ਰੋਸ਼ਨੀ ਪਾਈ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਹੋਇਆ। ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ। ਸ਼ਾਮ ਨੂੰ ਕਵੀ ਦਰਬਾਰ ਵਿੱਚ ਕਵੀਆਂ ਨੇ ਨਵੀਨ ਕਵਿਤਾਵਾਂ ਰਾਹੀਂ ਗੁਰੂ ਜਸ ਗਾਇਨ ਕੀਤਾ। ਕਮੇਟੀ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ.ਪੀ.,ਤਰਲੋਚਨ ਸਿੰਘ ਮਣਕੂ, ਸਾਬਕਾ ਮੈਂਬਰ ਬੀਬੀ ਧੀਰਜ ਕੌਰ ਤੇ ਹੋਰਨਾਂ ਮੈਂਬਰਾਂ ਨੇ ਹਾਜਰੀਆਂ ਭਰੀਆਂ।