ਨਵੀਂ ਦਿੱਲੀ : ਕਾਰ-ਸੇਵਾ ਦੇ ਨਾਅ ‘ਤੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਰਬਾਰ ਹਾਲ ਦੀ ਕੀਤੀ ਜਾਣ ਵਾਲੀ ਤੋੜਭੰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਕੁੱਝ ਜਾਗਰੂਕ ਸਿੱਖਾਂ ਦੇ ਗਰੁੱਪ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੰਥਕ ਮਸਲਿਆਂ ਨੂੰ ਲੈ ਕੇ ਦਿੱਲੀ ਦੇ ਚੋਣਵੇਂ ਸਿੱਖਾਂ ਵੱਲੋਂ ‘ਸੰਗਤ’ ਨਾਂਅ ਦਾ ਗਰੁੱਪ ਬਣਾਇਆ ਗਿਆ ਹੈ। ਇਸ ਗਰੁੱਪ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਇੱਕ ਵੀਡੀਓ ਦਿਖਾ ਕੇ ਜੀ. ਕੇ. ਦੇ ਦੋਗਲੇ ਕਿਰਦਾਰ ਨੂੰ ਸੰਗਤਾਂ ਸਾਹਮਣੇ ਰੱਖਿਆ ਹੈ। ਗਰੁਪ ਨੇ ਕਿਹਾ ਕਿ ਜੀ. ਕੇ. ਵੱਲੋਂ ਕਾਰ ਸੇਵਾ ਦੇ ਨਾਂਅ ‘ਤੇ ਇਤਿਹਾਸਕ ਇਮਾਰਤ ਨਾਲ ਛੇੜਛਾੜ ਜਾਂ ਤੋੜਭੰਨ ਦੀ ਪੱਕੀ ਯੋਜਨਾ ਬਣਾਈ ਗਈ ਪਰ ਜਦੋਂ ਦਿੱਲੀ ਦੀਆਂ ਸੰਗਤਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਤਾਂ ਉਹ ਸੰਗਤਾਂ ਨੂੰ ਗੁਮਰਾਹ ਕਰਨ ਲਈ ਇਹ ਦਾਅਵਾ ਕਰਨ ਲਗ ਪਏ ਕਿ ਦਰਬਾਰ ਹਾਲ ਨਾਲ ਕੋਈ ਛੇੜਛਾੜ ਜਾਂ ਤੋੜਭੰਨ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਗਰੁੱਪ ਨੇ ਕਿਹਾ ਕਿ ਇਸ ਵੀਡੀਓ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਉਪਰੋਕਤ ਮਾਮਲੇ ‘ ਜੀ. ਕੇ. ਬਿਲਕੁਲ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਰੁੱਪ ਨੇ ਦਸਿਆ ਕਿ ਇਹ ਵੀਡੀਓ ਉਸ ਸਮੇਂ ਦੀ ਹੈ ਜਦ ਚੋਣਵੇਂ ਸਿੱਖ ਉਪਰੋਕਤ ਮਾਮਲੇ ਬਾਰੇ ਜੀ।ਕੇ। ਨਾਲ ਗੱਲ ਕਰਨ ਗਏ ਸੀ ਅਤੇ ਉਸ ਗਲਬਾਤ ਦੌਰਾਨ ਜੀ।ਕੇ। ਨੇ ਰਕਾਬਗੰਜ ਸਾਹਿਬ ਦੇ ਦਰਬਾਰ ਹਾਲ ਨੂੰ ਖੁੱਲਾ ਕਰਨ ਦੀ ਗੱਲ ਆਖੀ ਸੀ ਪ੍ਰੰਤੂ ਜਦੋਂ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ ਤਾਂ ਹੁਣ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਗਰੁੱਪ ਨੇ ਇਹ ਵੀ ਦੋਸ਼ ਲਾਇਆ ਕਿ ਸਿੱਖੀ ਵਿਰੋਧੀ ਤਾਕਤਾਂ ਨਾਲ ਰਲ ਕੇ ਜੀ।ਕੇ। ਵੱਲੋਂ ਵੱਡੀ ਸਾਜਿਸ਼ ਕੀਤੀ ਜਾ ਰਹੀ ਹੈ। ਗਰੁੱਪ ਨੇ ਕਿਹਾ ਕਿ ਜੀ. ਕੇ. ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਾਰਲੀਮੈਂਟ ਦੇ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਵੀ. ਵੀ. ਆਈ.ਪੀ. ਖੇਤਰ ਅਧੀਨ ਹੈ। ਜੇਕਰ ਇੱਕ ਵਾਰ ਇਸ ਇਤਿਹਾਸਕ ਇਮਾਰਤ ਨਾਲ ਤੋੜਭੰਨ ਕੀਤੀ ਗਈ ਤਾਂ ਸਰਕਾਰੀ ਏਜੰਸੀਆਂ ਵੱਲੋਂ ਇਸ ਨੂੰ ਦੁਬਾਰਾ ਉਸਾਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਤੀਜੇ ਵਜੋਂ ਸਿੱਖੀ ਵਿਰੋਧੀ ਤਾਕਤਾਂ ਦੀ ਸਿੱਖ ਇਤਿਹਾਸ ਨੂੰ ਮਿਟਾਉਣ ਦੇ ਮਨਸੂਬੇ ਸਫਲ ਹੋ ਜਾਣਗੇ।
ਗਰੁੱਪ ਨੇ ਇੱਕ ਹੋਰ ਖਦਸ਼ਾ ਜਤਾਉਂਦੇ ਹੋਏ ਕਿਹਾ ਕਿ ਕਾਰ ਸੇਵਾ ਦੇ ਨਾਂਅ ‘ਤੇ ਇੱਕਠੀ ਕੀਤੀ ਜਾਣ ਵਾਲੀ ਮਾਇਆ ਦਾ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ। ਇਸ ਲਈ ਹੋ ਸਕਦਾ ਹੈ ਕਿ ਇਸ ਨਾਲ ਦਿੱਲੀ ਕਮੇਟੀ ਦੇ ਘਾਟੇ ਨੂੰ ਕੁੱਝ ਘੱਟ ਕਰਨ ਦੀ ਯੋਜਨਾ ਬਣਾਈ ਗਈ ਹੋਵੇ। ਗਰੁਪ ਨੇ ਕਿਹਾ ਕਿ ਇਸ ਸਮੇਂ ਦਿੱਲੀ ਵਿਚ ਕੋਈ ਮਜ਼ਬੂਤ ਵਿਰੋਧੀ ਧਿਰ ਨਹੀਂ ਹੈ,ਇਸ ਲਈ ਸਿੱਖੀ ਵਿਰੋਧੀ ਮਾਮਲਿਆਂ ਨੂੰ ਰੋਕਣ ਲਈ ਸੰਗਤਾਂ ਨੂੰ ਅੱਗੇ ਆਉਣਾ ਪੈ ਰਿਹਾ ਹੈ। ਗਰੁੱਪ ਨੇ ਕਿਹਾ ਕਿ ਕਾਰ ਸੇਵਾ ਦੇ ਨਾਂਅ ‘ਤੇ ਪਹਿਲਾਂ ਹੀ ਸਿੱਖ ਇਤਿਹਾਸਕ ਇਮਾਰਤਾਂ ਨੂੰ ਢਹਿ ਢੇਰੀ ਕੀਤਾ ਜਾ ਚੁੱਕਾ ਹੈ ਪਰ ਜਿਹੜੇ ਲੋਕ ਦਿੱਲੀ ਵਿਚ ਅਜਿਹਾ ਕਰਨ ਦੀ ਸੋਚ ਰਹੇ ਹਨ ਉਨ੍ਹਾਂ ਦੇ ਮਨਸੂਬੇ ਕਿਸੀ ਵੀ ਕੀਮਤ ‘ਤੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਗਰੁਪ ਵਿੱਚ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਨਾਲ ਦਮਨਦੀਪ ਸਿਘ, ਹਰਮਿੰਦਰ ਸਿੰਘ, ਹਰਮੀਤ ਸਿੰਘ ਪਿੰਕਾ, ਇੰਦਰਜੀਤ ਸਿੰਘ ਮੋਂਟੀ, ਇਕਬਾਲ ਸਿੰਘ, ਗੁਰਮੀਤ ਸਿੰਘ, ਜਸਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਹਨ ! ਗਰੁਪ ਨੇ ਗੱਲ ਕਰਦਿਆਂ ਕਿਹਾ ਕਿ ਸੰਗਤ ਵਿਚੋਂ ਜੇਕਰ ਕੋਈ ਇਸ ਗਰੁਪ ਦਾ ਹਿੱਸਾ ਬਣਨਾ ਚਾਹੇ ਤਾਂ ਅਸੀਂ ਉਸ ਨੂੰ ਜੀ ਆਇਆ ਆਖਦੇ ਹਾਂ !