ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਸਰਕਾਰੀ ਸਿਆਸੀ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਧਾਰਮਿਕ ਤਾਕਤ ਨੂੰ ਕਦੀ ਵੀ ਪੰਜਾਬ ਨਿਵਾਸੀਆਂ, ਸਿੱਖ ਕੌਮ ਦੀ ਬਹਿਤਰੀ ਲਈ ਨਹੀਂ ਵਰਤਿਆ । ਬਲਕਿ ਇਸ ਤਾਕਤ ਦੀ ਦੁਰਵਰਤੋਂ ਗੈਰ-ਇਨਸਾਨੀਅਤ ਅਤੇ ਗੈਰ-ਧਾਰਮਿਕ ਤਰੀਕੇ ਕਰਦੇ ਹੋਏ ਆਪਣੇ ਸਿਆਸੀ ਅਤੇ ਮਾਲੀ ਫਾਇਦਿਆਂ ਲਈ ਹੀ ਵਰਤਦੇ ਆ ਰਹੇ ਹਨ । ਨੀਲੀਆਂ ਦਸਤਾਰਾਂ ਅਤੇ ਹੋਰ ਕਕਾਰਾਂ ਨੂੰ ਤਾਂ ਇਨ੍ਹਾਂ ਨੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਹੀ ਪਹਿਨਿਆ ਹੋਇਆ ਹੈ, ਜਿਨ੍ਹਾਂ ਕਕਾਰਾਂ ਦੇ ਮਹਾਨ ਮਹੱਤਵ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬਾਨ ਨੇ ਗੁਰਸਿੱਖਾਂ ਨੂੰ ਇਹ ਕਕਾਰ ਪਹਿਨਣ ਦੇ ਹੁਕਮ ਕੀਤੇ ਹਨ, ਉਨ੍ਹਾਂ ਮਹਾਨ ਮਨੁੱਖਤਾ ਤੇ ਸਮਾਜ ਪੱਖੀ ਮਕਸਦ ਤਾਂ ਇਹ ਬਾਦਲ ਪਰਿਵਾਰ ਪੂਰੀ ਤਰ੍ਹਾਂ ਵਿਸਾਰ ਚੁੱਕਾ ਹੈ । ਇਸ ਤਾਕਤ ਦੇ ਨਸ਼ੇ ਵਿਚ ਇਨ੍ਹਾਂ ਨੂੰ ਇਹ ਵੀ ਗਿਆਨ ਨਹੀਂ ਰਿਹਾ ਕਿ ਉਸ ਕੁਦਰਤ, ਅਕਾਲ ਪੁਰਖ ਵੱਲੋਂ ਬਖਸਿ਼ਸ਼ ਕੀਤੀ ਗਈ ਤਾਕਤ ਨੂੰ ਜੇਕਰ ਕੋਈ ਦੁਰਵਰਤੋਂ ਕਰਦਾ ਹੈ ਤਾਂ ਉਹ ਉਸਦੇ ਮਾਰੂ ਨਤੀਜਿਆਂ ਲਈ ਵੀ ਉਸ ਨੂੰ ਸਮਾਂ ਆਉਣ ਤੇ ਕੁਦਰਤ ਵੱਲੋਂ ਸਜ਼ਾ ਅਵੱਸ਼ ਮਿਲਦੀ ਹੈ । ਅੱਜ ਜਦੋਂ ਇਨ੍ਹਾਂ ਦੇ ਕੁਕਰਮਾਂ ਦੀ ਸਜ਼ਾ ਹਰ ਚੌਕ, ਹਰ ਪਿੰਡ ਅਤੇ ਹਰ ਸ਼ਹਿਰ ਦੀ ਗਲੀ ਵਿਚ ਇਨ੍ਹਾਂ ਨੂੰ ਗੁਰੂ ਦੀ ਸੰਗਤ ਵੱਲੋਂ ਦੇਣ ਦੇ ਅਮਲ ਸੁਰੂ ਹੋਏ ਹਨ, ਤਾਂ ਸ. ਬਾਦਲ ਤੇ ਬਾਦਲ ਪਰਿਵਾਰ ਦੇ ਸ. ਮਹੇਸਇੰਦਰ ਸਿੰਘ ਗਰੇਵਾਲ ਅਤੇ ਦਲਜੀਤ ਸਿੰਘ ਚੀਮੇ ਵਰਗੇ ਜੀ ਹਜ਼ੂਰੀਏ ਗੈਰ-ਦਲੀਲ ਢੰਗਾਂ ਰਾਹੀ ਬਾਦਲ ਪਰਿਵਾਰ ਦੇ ਕੀਤੇ ਗਏ ਕੁਕਰਮਾਂ ਉਤੇ ਪਰਦਾ ਪਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ । ਜਦੋਂਕਿ ਸਮੁੱਚੀ ਦੁਨੀਆਂ ਦੀ ਆਵਾਜ਼ ਆਉਣ ਲੱਗ ਪਈ ਹੈ ਕਿ ਹੁਣ ਉਸ ਅਕਾਲ ਪੁਰਖ ਦੀ ਮਾਰ ਤੋਂ ਇਸ ਬਾਦਲ ਪਰਿਵਾਰ ਅਤੇ ਬਾਦਲ ਦਲ ਨੂੰ ਕੋਈ ਨਹੀਂ ਬਚਾਅ ਸਕਦਾ । ਹੁਣ ਜੇਕਰ ਸ. ਗਰੇਵਾਲ ਤੇ ਚੀਮੇ ਵਰਗੇ ਗੈਰ-ਸਿਧਾਤਹੀਣ ਲੋਕ ਕਿਸੇ ਪਾਰਟੀ, ਕਿਸੇ ਸੰਗਠਨ ਜਾਂ ਕਿਸੇ ਫਿਰਕੇ ਦਾ ਨਾਮ ਲੈਕੇ ਬਾਦਲ ਪਰਿਵਾਰ ਅਤੇ ਬਾਦਲ ਦਲ ਨੂੰ ਕੁਦਰਤੀ ਮਾਰ ਤੋਂ ਬਚਾਉਣ ਤੋਂ ਕੋਸ਼ਿਸ਼ ਕਰ ਰਹੇ ਹਨ । ਤਾਂ ਉਹ ਕਤਈ ਕਾਮਯਾਬ ਨਹੀਂ ਹੋਣਗੇ । ਕਿਉਂਕਿ ਉਸ ਅਕਾਲ ਪੁਰਖ ਦੇ ਇਨਸਾਫ਼ ਵਿਚ ਦੁਨੀਆਂ ਦੀ ਕੋਈ ਤਾਕਤ ਰੁਕਾਵਟ ਹੀ ਨਹੀਂ ਬਣ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਅਕਾਲ ਪੁਰਖ ਦੀ ਕਿਸੇ ਤਰ੍ਹਾਂ ਦੀ ਖੇਡ ਅਤੇ ਇਨਸਾਫ਼ ਵਿਚ ਦੁਨਿਆਵੀ ਢੰਗਾਂ ਰਾਹੀ ਸ. ਗਰੇਵਾਲ ਅਤੇ ਸ. ਚੀਮੇ ਵਰਗੇ ਸਿਆਸੀ ਅਕਾਵਾਂ ਦੇ ਗੁਲਾਮ ਬਣੇ ਲੋਕਾਂ ਦੀ ਆਤਮਾ ਨੂੰ ਝਿਜੋੜਦੇ ਹੋਏ ਅਤੇ ਉਸ ਰੱਬ ਦੀ ਖੇਡ ਵਿਚ ਅਜਿਹੇ ਚਾਪਲੂਸ ਲੋਕਾਂ ਨੂੰ ਰੁਕਾਵਟ ਪਾਉਣ ਦੀਆਂ ਕਾਰਵਾਈਆਂ ਦੇ ਖ਼ਤਰਨਾਕ ਨਤੀਜਿਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਅੱਜ ਜਦੋਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਪੰਜਾਬ, ਸਿੱਖ ਕੌਮ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆਂ ਦੀ ਬਦੌਲਤ ਨਫਰਤ ਟੀਸੀ ਤੇ ਪਹੁੰਚ ਚੁੱਕੀ ਹੈ ਤਾਂ ਹੁਣ ਜਿਵੇਂ ਹਿੰਦੂਤਵ ਹੁਕਮਰਾਨ ਇੰਡੀਆ ਵਿਚ ਹੋਣ ਵਾਲੀ ਕੋਈ ਵੀ ਗੈਰ-ਕਾਨੂੰਨੀ ਜਾਂ ਗੈਰ-ਇਨਸਾਨੀ ਕਾਰਵਾਈ ਨੂੰ ਝੱਟ ਬਿਨ੍ਹਾਂ ਵਜਹ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਨਾਮ ਥੋਪਣ ਦੀ ਕਾਰਵਾਈ ਕਰ ਦਿੰਦੇ ਹਨ, ਹੁਣ ਜਦੋਂ ਇਹ ਸ੍ਰੀ ਅਕਾਲ ਪੁਰਖ ਦੀ ਮਾਰ ਬਾਦਲ ਪਰਿਵਾਰ ਉਤੇ ਵਰਨੀ ਸੁਰੂ ਹੋ ਗਈ ਹੈ, ਕਦੀ ਇਹ ਆਗੂ ਬਰਗਾੜੀ ਮੋਰਚੇ ਨੂੰ ਆਈ.ਐਸ.ਆਈ, ਕਦੀ ਕਾਂਗਰਸ, ਕਦੀ ਇੰਡੀਆ ਵਿਰੋਧੀ ਤਾਕਤਾਂ, ਕਦੀ ਪੰਥ ਵਿਰੋਧੀ ਤਾਕਤਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ, ਝੂਠੇ ਹੀ ਆਪਣੇ ਮਨ ਨੂੰ ਤਸੱਲੀ ਦੇਣ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਹੁਣ ਇਸ ਸੁਰੂ ਹੋਈ ਇਨਸਾਫ਼ ਦੀ ਜੰਗ ਵਿਚ ਬਾਦਲ ਪਰਿਵਾਰ, ਬਾਦਲ ਦਲ ਦਾ ਸਿਆਸੀ, ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਅੰਤ ਹੋਣ ਦਾ ਸਮਾਂ ਆ ਗਿਆ ਹੈ । ਹੁਣ ਇਨ੍ਹਾਂ ਦੀਆ ਘਸੀਆਂ,ਪਿੱਟੀਆਂ ਦਲੀਲਾਂ ਵਾਲੀ ਬਿਆਨਬਾਜੀ ਜਾਂ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਤੇ ਸਿੱਖ ਸੰਗਤ ਵਿਰੁੱਧ ਕੀਤਾ ਜਾ ਰਿਹਾ ਪ੍ਰਚਾਰ ਕਤਈ ਰਤੀਭਰ ਵੀ ਅਸਰ ਨਹੀਂ ਕਰ ਸਕੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰੋਕਤ ਆਗੂਆਂ ਵੱਲੋਂ ਬਾਦਲ ਪਰਿਵਾਰ ਵਿਰੁੱਧ ਰੋਸ ਜਾਹਰ ਕਰਨ ਵਾਲੇ ਸਿੱਖਾਂ ਵਿਰੁੱਧ ਥਾਣਿਆਂ ਵਿਚ ਐਫ.ਆਈ.ਆਰ. ਦਰਜ ਕਰਵਾਉਣ ਦੇ ਅਮਲ ਜੋ ਸੁਰੂ ਹੋ ਗਏ ਹਨ, ਉਹ ਇਨ੍ਹਾਂ ਦੀ ਅਕਲ ਦਾ ਜਨਾਜਾ ਕੱਢਣ ਵਾਲੇ ਅਮਲ ਹਨ । ਹੁਣ ਤਾਂ ਸਮੁੱਚੀ ਸਿੱਖ ਕੌਮ ਹੀ ਇਨ੍ਹਾਂ ਨੂੰ ਸੜਕਾਂ ਤੇ ਨਿਕਲਣ ਜਾਂ ਕੋਈ ਜਨਤਕ ਪ੍ਰੋਗਰਾਮ ਕਰਨ ਵਿਰੁੱਧ ਉੱਠ ਖੜ੍ਹੀ ਹੋਈ ਹੈ । ਕਿਸ-ਕਿਸ ਵਿਰੁੱਧ ਇਹ ਐਫ.ਆਈ.ਆਰ. ਦਰਜ ਕਰਵਾਉਣਗੇ ? ਸ. ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਜਲਦੀ ਹੀ ਦਿੱਲੀ ਜਾ ਕੇ ਵਿਰੋਧ ਕਰਨ ਵਾਲੇ ਸਿੱਖਾਂ ਦੀ ਸ਼ਿਕਾਇਤ ਸਿੱਖ ਵਿਰੋਧੀ ਹਿੰਦੂਤਵ ਹੁਕਮਰਾਨਾਂ ਨੂੰ ਕਰਨਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਨੂੰ ਸਲਾਹ ਦੇਵੇਗਾ ਕਿ ਹੁਣ ਸਮੁੱਚੀ ਸਿੱਖ ਕੌਮ ਵਿਰੁੱਧ ਹੀ ਭਾਵੇ ਐਫ.ਆਈ.ਆਰ. ਦਰਜ ਕਰਵਾ ਦੇਣ, ਹੁਣ ਉਸ ਅਕਾਲ ਪੁਰਖ ਦੇ ਇਨਸਾਫ਼ ਨੇ ਇਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਣੀ ਕਿਉਂਕਿ ਦੁਨਿਆਵੀ ਤੌਰ ਤੇ ਅਤੇ ਆਤਮਿਕ ਤੌਰ ਤੇ ਇਨ੍ਹਾਂ ਨੂੰ ਸਜ਼ਾ ਮਿਲਣ ਦਾ ਸਮਾਂ ਆ ਗਿਆ ਹੈ । ਇਨ੍ਹਾਂ ਲਈ ਇਹੀ ਬਿਹਤਰ ਹੋਵੇਗਾ ਕਿ ਦੋਵੇ ਪਿਓ-ਪੁੱਤ ਸਭ ਤੋਂ ਪਹਿਲੇ ਆਪਣੇ ਗੈਰ-ਧਾਰਮਿਕ ਹੁਕਮਾਂ ਦਾ ਪਾਲਣ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਿਫਾਫਿਆ ਰਾਹੀ ਬਣਾਏ ਗਏ ਜਥੇਦਾਰ ਨੂੰ ਫੋਰਨ ਉਸ ਮਹਾਨ ਸਿੱਖ ਸੰਸਥਾ ਤੋਂ ਚੱਲਦਾ ਕਰਨ । ਫਿਰ ਸਰਬੱਤ ਖ਼ਾਲਸਾ ਵੱਲੋਂ ਸਰਬਸੰਮਤੀ ਨਾਲ ਥਾਪੇ ਗਏ ਜਥੇਦਾਰ ਸਾਹਿਬਾਨ ਜਿਨ੍ਹਾਂ ਨੂੰ ਗਿਣਤੀ ਦੇ ਬਾਦਲ ਦਲੀਆਂ ਦੇ ਆਗੂਆ ਤੋਂ ਇਲਾਵਾ ਸਮੁੱਚੀ ਕੌਮ ਪ੍ਰਵਾਨ ਕਰ ਚੁੱਕੀ ਹੈ, ਜਿਸਦੀ ਮਿਸਾਲ ਆਉਣ ਵਾਲੇ ਕੱਲ੍ਹ ਬਰਗਾੜੀ ਵਿਖੇ ਹੋਣ ਵਾਲੇ ਪੰਥਕ ਇਕੱਠ ਪ੍ਰਤੱਖ ਰੂਪ ਵਿਚ ਦੇਵੇਗਾ, ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਤਖ਼ਤਾਂ ਦੀ ਦਿੱਤੀ ਗਈ ਸੇਵਾ ਨੂੰ ਪ੍ਰਵਾਨ ਕਰਕੇ ਉਨ੍ਹਾਂ ਅੱਗੇ ਇਕ ਨਿਮਾਣੇ ਮਨਮੁੱਖ ਦੋਸ਼ੀ ਸਿੱਖ ਵੱਜੋ ਪੇਸ਼ ਹੋ ਕੇ ਗੁਰੂ ਮਰਿਯਾਦਾ ਅਨੁਸਾਰ ਸਜ਼ਾਵਾਂ ਲਗਾਉਣ । ਫਿਰ ਤਾਂ ਸਿੱਖ ਸੰਗਤ ਵੱਲੋਂ ਇਨ੍ਹਾਂ ਦੇ ਪਾਪਾ ਦੀ ਕੁਝ ਹੱਦ ਤੱਕ ਮੁਆਫ਼ੀ ਹੋ ਸਕਦੀ ਹੈ ਵਰਨਾ ਅਜੋਕੇ ਬਾਦਲ ਪਰਿਵਾਰ ਦੇ ਅਤਿ ਬਦਤਰ ਬਣੇ ਹਲਾਤਾਂ ਤੋਂ ਵੀ ਵਧੇਰੇ ਖ਼ਤਰਨਾਕ ਹਾਲਾਤ ਉਤਪੰਨ ਹੋਣ ਅਤੇ ਜਿਊਂਦੇ ਜੀ ਹੀ ਇਨ੍ਹਾਂ ਦੀ ਆਤਮਿਕ ਮੌਤ ਹੋਣ ਤੋ ਕੋਈ ਨਹੀਂ ਰੋਕ ਸਕੇਗਾ ।