ਲੰਡਨ, (ਮਨਦੀਪ ਖੁਰਮੀ) – ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਲੋਕ ਭਾਰਤ ਵਿੱਚ ਆਏ ਦਿਨ ਹੁੰਦੀਆਂ ਅਣਮਨੁੱਖੀ ਘਟਨਾਵਾਂ ਤੋਂ ਚਿੰਤਤ ਨਜ਼ਰ ਆਉਂਦੇ ਹਨ। ਇਸੇ ਚਿੰਤਾ ਤਹਿਤ ਹੀ ਗਲਾਸਗੋ ਦੀਆ ਪ੍ਰਮੁੱਖ ਸੰਸਥਾਵਾਂ ਇੰਡੀਅਨ ਵਰਕਰਜ ਐਸੋਸੀਏਸ਼ਨ ਗਲਾਸਗੋ, ਗੁਰੂ ਗਰੰਥ ਸਾਹਿਬ ਗੁਰਦੁਆਰਾ ਗਲਾਸਗੋ, ਅੰਬੇਦਕਰ ਮਿਸ਼ਨ ਸੋਸਾਇਟੀ ਗਲਾਸਗੋ, ਸ਼੍ਰੀ ਗੁਰੂ ਰਵਿਦਾਸ ਕਮੇਟੀ ਗਲਾਸਗੋ, ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਅਹੁਦੇਦਾਰਾਂ ਸਜਿੰਦਰ ਸਿੰਘ, ਪਰਮਜੀਤ ਬਾਸੀ, ਬੀਥਡੀਥਗਿੰਡਾ, ਦਲਜੀਤ ਸਿੰਘ ਦਿਲਬਰ, ਹੁਸਨ ਲਾਲ, ਤਰਲੋਚਨ ਮੁਠੱਡਾ ਅਤੇ ਹਰਜੀਤ ਦੁਸਾਂਝ ਨੇ ਸ਼੍ਰੀਮਤੀ ਅੰਜੂ ਰੰਜਨ (ਭਾਰਤੀ ਹਾਈ ਕਮਿਸ਼ਨਰ, ਐਡਨਬਰਾ ਸਕਾਟਲੈਂਡ ) ਨੂੰ ਸਾਂਝੇ ਰੂਪ ਵਿੱਚ ਮੰਗ ਪੱਤਰ ਸੌਂਪਿਆ। ਵੱਖ ਵੱਖ ਸੰਸਥਾਂਵਾਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਭਾਜਪਾ ਸਰਕਾਰ ਨੇ ਝੂਠੇ ਕੇਸਾਂ ਵਿੱਚ ਫਸਾਏ ਸ਼ੁਦਾ ਭਾਰਦਵਾਜ, ਵਰਨਨ ਗੌਸਲਵੇਜ, ਗੌਤਮ ਨਵਲਾਖਾ, ਵਰਵਰਾ ਰਾਓ, ਅਰੁਣ ਫਰੇਰਾ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਆਗੂਆਂ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੀ ਇਸ ਮੁਲਾਕਾਤ ਦੌਰਾਨ ਭਾਰਤ ਵਿੱਚ ਹੋ ਰਹੇ ਅਣਮਨੁੱਖੀ ਵਰਤਾਰਿਆਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਉਹਨਾਂ ਦੇ ਰੋਸ ਪੱਤਰ ਨੂੰ ਭਾਰਤ ਸਰਕਾਰ ਤੱਕ ਪਹੁੰਚਦਾ ਹੋਣ ਦੀ ਉਮੀਦ ਪ੍ਰਗਟਾਈ। ਨਾਲ ਹੀ ਉਹਨਾਂ ਮੰਗ ਕੀਤੀ ਕਿ ਇਹ ਗ੍ਰਿਫ਼ਤਾਰੀਆਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਅਤੇ ਅਜ਼ਾਦੀ ਤੇ ਹਮਲਾ ਹਨ। ਪੂਰੀ ਤਰਾਂ ਨਾਲ ਸਿਆਸਤ ਤੋਂ ਪ੍ਰੇਰਿਤ ਅਤੇ ਅਣੳਚਿੱਤ ਕਾਰਵਾਈ ਵਿੱਚ ਸ਼ਾਮਿਲ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਭਾਰਤੀ ਹਾਈ ਕਮਿਸ਼ਨਰ ਅੱਗੇ ਆਪਣਾ ਪੱਖ ਪੇਸ਼ ਕਰਦਿਆਂ ਆਗੂਆਂ ਨੇ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਜਿੰਨੀ ਮਰਜ਼ੀ ਤਰੱਕੀ ਦੀਆਂ ਡੀਗਾਂ ਮਾਰੇ ਪਰ ਭਾਰਤ ਵਿੱਚ ਘੱਟ ਗਿਣਤੀ ਫਿਰਕਿਆਂ ਦੇ ਲੋਕ ਸਹਿਮ ਦੇ ਮਾਹੌਲ ਹੇਠ ਜੀਅ ਰਹੇ ਹਨ। ਇਹ ਕਿੱਧਰਲਾ ਲੋਕਤੰਤਰ ਹੈ ਕਿ ਕਿਸੇ ਨੂੰ ਗਊ ਮਾਸ ਖਾਣ ਦੇ ਸ਼ੱਕ ਹੇਠ ਹੀ ਕਤਲ ਕਰ ਦਿੱਤਾ ਜਾਂਦਾ ਹੈ ਤੇ ਸਰਕਾਰ ਦੀ ਸ਼ਹਿ ਹੇਠ ਕਿਸੇ ਨੂੰ ਵੀ ਬੇਇੱਜ਼ਤ ਕਰਨ, ਕੁੱਟਮਾਰ ਕਰਨ, ਵੱਖ ਵੱਖ ਦਲਾਂ ਦੇ ਨਾਂਵਾਂ ਹੇਠ ਗੁੰਡਾਗਰਦੀ ਕਰਨ ਨੂੰ ਹੀ ਦੇਸ਼ ਭਗਤੀ ਦਾ ਨਾਮ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਨੂੰ ਖੁੱਲ੍ਹ ਦੇ ਕੇ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਨਜ਼ਰਾਂ ਵਿੱਚ ਆਪਣੀ ਛਵੀ ਖਰਾਬ ਕਰਨ ਦੇ ਰਾਹ ਹੀ ਤੁਰੀ ਹੋਈ ਹੈ।
ਸਕਾਟਲੈਂਡ ਦੀਆਂ ਲੋਕ ਹਿਤੂ ਸੰਸਥਾਂਵਾਂ ਨੇ ਘੱਟ ਗਿਣਤੀਆਂ ‘ਤੇ ਹੁੰਦੇ ਹਮਲਿਆਂ ਬਾਰੇ ਭਾਰਤੀ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
This entry was posted in ਅੰਤਰਰਾਸ਼ਟਰੀ.