ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੀ ਮੁਸ਼ਕਿਲਾਂ ’ਚ ਆਉਣ ਵਾਲੇ ਸਮੇਂ ’ਚ ਵਾਧਾ ਹੋ ਸਕਦਾ ਹੈ। ਅੱਜ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ੰਟੀ ਵੱਲੋਂ ਕੀਤੇ ਗਏ 5 ਕਰੋੜ ਰੁਪਏ ਦੇ ਕਥਿਤ ਫ਼ਰਜੀ ਸ਼ਬਜ਼ੀ ਘੋਟਾਲੇ ਦੇ ਸਾਰੇ ਤੱਥ ਸਮਾਜਿਕ, ਰਾਜਨੀਤਿਕ ਅਤੇ ਕਾਨੂੰਨੀ ਖੇਤਰ ਤਕ ਪਹੁੰਚਾਉਣ ਲਈ ਮੁਹਿੰਮ ਵਿੱਡਣ ਦਾ ਐਲਾਨ ਕੀਤਾ।
ਯੂਥ ਆਗੂ ਸਤਬੀਰ ਸਿੰਘ ਗਗਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਿਹਾਰ ਦੇ ਸਾਬਕਾ ਮੁਖਮੰਤਰੀ ਲਾਲੂ ਯਾਦਵ ਨੇ ਫ਼ਰਜੀ ਬਿਲਾਂ ਰਾਹੀਂ ਚਾਰਾ ਘੋਟਾਲੇ ਨੂੰ ਅੰਜਾਮ ਦਿੱਤਾ ਸੀ, ਠੀਕ ਉਸੇ ਤਰੀਕੇ ਨਾਲ ਸ਼ੰਟੀ ਨੇ ਲਾਲੂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ 120 ਦਿਨਾਂ ’ਚ ਲਗਭਗ 5 ਕਰੋੜ ਰੁਪਏ ਦੀ ਸ਼ਬਜ਼ੀ ਦੇ ਇੱਕੋ ਹੱਥ ਲਿਖਾਵਟ ਜਰੀਏ ਜ਼ਾਲੀ ਬਿਲ ਬਣਾ ਕੇ ਔਸ਼ਤਨ ਇੱਕ ਦਿਹਾੜੇ ’ਚ ਲੰਗਰਾਂ ਵਾਸਤੇ 4 ਲੱਖ 12 ਹਜ਼ਾਰ ਰੁਪਏ ਦੀ ਸ਼ਬਜ਼ੀ ਦੀ ਖਰੀਦ ਵਿਖਾਈ ਹੈ।
ਗਗਨ ਨੇ ਕਿਹਾ ਕਿ ਇਸਦੇ ਬਾਅਦ ਕਮੇਟੀ ਦੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਨੇ ਇਸ ਘੋਟਾਲੇ ਦੀ ਸ਼ਿਕਾਇਤ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਕੀਤੀ ਸੀ। ਪਰ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ੰਟੀ ਦੀ ਜਨਰਲ ਸਕੱਤਰ ਦੀ ਪਾਵਰ ਖੋਹ ਕੇ ਜੁਆਇੰਟ ਸਕੱਤਰ ਨੂੰ ਦੇਣ ਦਾ ਪੈਂਤਰਾਂ ਸੁੱਟ ਕੇ ਸ਼ਬਜ਼ੀ ਘੋਟਾਲੇ ਦੀ ਪੁਸਤਪਨਾਹੀ ਕੀਤੀ ਸੀ। ਨਾ ਤੇ ਸਰਨਾ ਸ਼ੰਟੀ ਦੀ ਪਾਵਰ ਖੋਹ ਪਾਏ ਅਤੇ ਨਾ ਹੀ ਸ਼ਬਜ਼ੀ ਘੋਟਾਲੇ ਦੇ ਦੋਸ਼ ’ਚ ਸ਼ੰਟੀ ਨੂੰ ਜੇਲ੍ਹ ਦੀ ਹਵਾ ਖੁਆਉਣ ਦੀ ਹਿੰਮਤ ਪੈਦਾ ਕਰ ਸਕੇ। ਇਸ ਲਈ ਆਪਣੇ ਆਪ ਨੂੰ ਪੰਥ ਦਰਦੀ ਦੱਸਣ ਦਾ ਢੋਂਗ ਰੱਚ ਰਹੇ ਸ਼ੰਟੀ ਦੇ ਪਾਪ ਨੂੰ ਚੌਰਾਹੇ ’ਚ ਭੰਨਣ ਲਈ ਅਸੀਂ ਕਮਰਕਸੇ ਕਰ ਲਏ ਹਨ।
ਗਗਨ ਨੇ ਕਿਹਾ ਕਿ ਇਸ ਸਾਰੇ ਮਸਲੇ ਨੂੰ ਕਾਨੂੰਨੀ ਤੌਰ ’ਤੇ ਚੁੱਕਣ ਵਾਸਤੇ ਸਭ ਤੋਂ ਪਹਿਲਾ ਸਾਨੂੰ ਸਬੰਧਿਤ ਤੱਥਾ ਦੀ ਇਕੱਤ੍ਰਤਾ ਕਰਨ ਦੀ ਲੋੜ ਹੈ। ਇਸ ਲਈ ਇਸ ਘੋਟਾਲੇ ਨੂੰ ਬੇਨਕਾਬ ਕਰਨ ਵਾਲੇ ਕੋਛੜ ਨੂੰ ਕੱਲ ਦੋਪਹਿਰ ਸਾਡਾ ਇੱਕ ਵਫਦ ਮਿਲਣ ਜਾ ਰਿਹਾ ਹੈ। ਤਾਂਕਿ ਸਾਰੇ ਤੱਥ ਇਕੱਤਰ ਕਰਕੇ ਸ਼ੰਟੀ ਨੂੰ ਉਸਦੇ ਕੀਤੇ ਗੁਨਾਹ ਦੀ ਸਜਾ ਦਿਵਾਈ ਜਾ ਸਕੇ। ਗਗਨ ਨੇ ਸ਼ੰਟੀ ਨੂੰ ਸਰਾਇ ਰੋਹਿੱਲਾ ਥਾਣੇ ’ਚ ਸੰਦੀਪ ਕੁਮਾਰ ਵੱਲੋਂ 25 ਜਨਵਰੀ 2013 ਨੂੰ ਨੌਕਰੀ ਘੋਟਾਲੇ ’ਚ ਸ਼ੰਟੀ ਖਿਲਾਫ਼ ਦਰਜ ਹੋਈ ਐਫ।ਆਈ।ਆਰ। ਬਾਰੇ ਬੋਲਣ ਦੀ ਵੀ ਨਸੀਹਤ ਦਿੱਤੀ। ਇਸ ਮੌਕੇ ਯੂਥ ਆਗੂ ਅਵਨੀਤ ਸਿੰਘ ਰਾਇਸਨ, ਕਵਲਜੀਤ ਸਿੰਘ ਭਾਸੀਨ, ਭੁਪਿੰਦਰ ਸਿੰਘ ਗਿੰਨੀ, ਇੰਦਰਜੋਤ ਸਿੰਘ ਅਨੰਦ, ਜਸਮੀਤ ਸਿੰਘ ਗਿੱਲ ਅਤੇ ਹਰਮੀਤ ਸਿੰਘ ਜੌਲੀ ਮੌਜੂਦ ਸਨ।