ਲੰਡਨ, (ਮਨਦੀਪ ਖੁਰਮੀ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਦੀਆਂ ਤਿੜ੍ਹਾਂ ਬੀਜਣ ਲਈ ਤਤਪਰ ਬਰਿਟਿਸ਼ ਐਜੂਕੇਸ਼ਨਲ ਅਤੇ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਸੰਸਥਾ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ 29ਵਾਂ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਹਾਲ ਗੋਬਿੰਦ ਮਾਰਗ ਬਰੈਡਫੋਰਡ ਵਿਖੇ ਕਰਵਾਇਆ ਗਿਆ। ਸੰਸਥਾ ਦੇ ਨਿਵੇਕਲੇ ਕਾਰਜਾਂ ਦਾ ਹੀ ਅਸਰ ਹੈ ਕਿ ਕਿ ਇਸ ਕਵੀ ਦਰਬਾਰ ਵਿੱਚ ਹਰ ਵਰ੍ਹੇ ਸਥਾਪਿਤ ਕਵੀਆਂ ਦੇ ਨਾਲ ਨਾਲ ਇੰਗਲੈਂਡ ਵਿੋਚ ਜੰਮੇ ਬੱਚਿਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ। ਇਸ ਵਾਰ ਨਵੀਂ ਪਿਰਤ ਪਾਉਂਦਿਆਂ ਪ੍ਰਬੰਧਕਾਂ ਵੱਲੋਂ ਇੰਗਲੈਂਡ ਦੇ ਜੰਮਪਲ 8 ਸਾਲਾ ਬਾਲ ਹਿੰਮਤ ਖੁਰਮੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਜਿਕਰਯੋਗ ਹੈ ਕਿ ਇਸ ਪਿਰਤ ਅਨੁਸਾਰ ਹਿੰਮਤ ਬਰਤਾਨਵੀ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ਵਿੱਚ ਸੱਭ ਤੋਂ ਛੋਟੀ ਉਮਰ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਇਆ। ਇਸ ਸੰਬੰਧੀਂ ਸੰਸਥਾ ਦੇ ਆਗੂ ਤਰਲੋਚਨ ਸਿੰਘ ਦੁੱਗਲ ਤੇ ਕਸ਼ਮੀਰ ਸਿੰਘ ਘੁੰਮਣ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਮੁੱਖ ਮਕਸਦ ਬੱਚਿਆਂ ਦੇ ਮਨੋਬਲ ਦੇ ਦਾਇਰੇ ਨੂੰ ਵਿਸ਼ਾਲ ਕਰਨਾ ਹੈ ਤਾਂ ਜੋ ਉਹ ਪੰਜਾਬੀਅਤ ਦੀ ਮਸ਼ਾਲ ਨੂੰ ਹੋਰ ਉੱਚਾ ਚੁੱਕ ਸਕਣ। ਹਿੰਮਤ ਖੁਰਮੀਂ ਦੇ ਨਾਲ ਯੂਰਪੀਅਨ ਪੰਜਾਬੀ ਸੱਥ ਦੇ ਬਾਨੀ ਸਰਦਾਰ ਮੋਤਾ ਸਿੰਘ ਸਰਾਏ ਨੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ।
ਕਵੀ ਦਰਬਾਰ ਦੇ ਪਹਿਲੇ ਦੌਰ ‘ਚ ਸਥਾਪਿਤ ਕਵੀ ਨਿਰਮਲ ਸਿੰਘ ਕੰਧਾਲਵੀ, ਹਰਜਿੰਦਰ ਸਿੰਘ ਸੰਧੂ, ਰਾਜਿੰਦਰਜੀਤ ਸਿੰਘ, ਗੁਰਸ਼ਰਨ ਸਿੰਘ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਮਹਿੰਦਰ ਸਿੰਘ ਦਿਲਬਰ, ਦੀਪਕ ਪਾਰਸ, ਮਨਦੀਪ ਸਿੰਘ ਹਿੰਮਤਪੁਰਾ, ਮੀਨੂ ਸਿੰਘ, ਮੋਤਾ ਸਿੰਘ ਸਰਾਏ ਅਤੇ ਬੱਚਿਆਂ ਵਿੱਚੋਂ ਕੋਮਲ ਕੌਰ, ਤਰਨਜੀਤ ਸਿੰਘ, ਹਰਲੀਨ ਕੌਰ, ਸੰਦੀਪ ਸਿੰਘ, ਪਰਨੀਤ ਕੌਰ, ਹਿੰਮਤ ਖੁਰਮੀਂ, ਕੀਰਤ ਖੁਰਮੀਂ, ਅਰਜਨ ਸਿੰਘ ਸੇਖੋਂ, ਸਿਮਰਨ ਕੌਰ ਸੇਖੋਂ, ਦਿਲਰਾਜ ਕੌਰ ਗਿੱਲ, ਸਿਮਰਨ ਕੌਰ, ਸਤਿਕਿਰਨ ਕੌਰ ਅਤੇ ਰਮਨਦੀਪ ਕੌਰ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਖੁਸ਼ੀ ਇਸ ਗੱਲ ਦੀ ਵੀ ਹੋਈ ਕਿ ਬੱਚਿਆਂ ਨੇ ਕਵਿਤਾਵਾਂ ਆਪਣੇ ਹੱਥੀਂ ਗੁਰਮੁੱਖੀ ਲਿਪੀ ਵਿੱਚ ਲਿਖੀਆਂ ਹੋਈਆਂ ਸਨ ਅਤੇ ਬਿਨਾਂ ਝਿਜਕ ਬਾਖੂਬੀ ਨਾਲ ਪੇਸ਼ ਕੀਤੀਆਂ। ਬੱਚਿਆਂ ਦੀਆਂ ਕਵਿਤਾਵਾਂ ਦਾ ਮਜ਼ਮੂਨ ਵੀ ਸਾਰਥਿਕ ਤੌਰ ਤੇ ਪੰਜਾਬੀ ਨੌਜਵਾਨਾਂ ‘ਚ ਨਸ਼ਿਆਂ ਦਾ ਰੁਝਾਨ ਅਤੇ ਵਧ ਰਹੇ ਪਰਦੂਸ਼ਣ ਬਾਰੇ ਜਾਣਕਾਰੀ ਦੇਣਾ ਅਤੇ ਅਗਾਹ ਕਰਨ ਲਈ ਚਿਤਾਵਨੀ ਸੀ। ਦੂਸਰਾ ਦੌਰ ‘ਚ ਮੁਕੇਸ਼ ਜੀ ਦੇ ਚੁਟਕਲਿਆਂ ਨੇ ਚੰਗਾ ਰੰਗ ਬੰਨ੍ਹਿਆ। ਰਾਜਵਿੰਦਰ ਸਿੰਘ ਨੇ ਤੂੰਬੀ ਨਾਲ ਸਾਰਿਆਂ ਦਾ ਮਨਪ੍ਰਚਾਵਾ ਕੀਤਾ। ਵਿਸ਼ੇਸ਼ ਭਾਸ਼ਣ ਦੌਰਾਨ ਮੋਤਾ ਸਿੰਘ ਸਰਾਏ ਨੇ ਬੀਕਾਸ ਸੰਸਥਾ ਦੇ ਉੱਦਮਾਂ ਨੂੰ ਸਲਾਹੁੰਦਿਆਂ ਕਿਹਾ ਕਿ ਜੇਕਰ ਹਰ ਪੰਜਾਬੀ ਇਸ ਸੰਸਥਾ ਵਾਂਗ ਜਿੰਮੇਵਾਰੀ ਨਾਲ ਫ਼ਰਜ਼ ਨਿਭਾਵੇ ਤਾਂ ਪੰਜਾਬੀ ਬੋਲੀ, ਵਿਰਸੇ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਨੂੰ ਸਹਿਜੇ ਹੀ ਭਾਂਜ ਦਿੱਤੀ ਜਾ ਸਕਦੀ ਹੈ।
ਸਮਾਗਮ ਨੂੰ ਸਫ਼ਲ ਬਨਾਉਣ ਵਿੱਚ ਸਾਧੂ ਸਿੰਘ ਛੋਕਰ, ਸੁੱਚਾ ਸਿੰਘ, ਪਰੇਮ ਸਿੰਘ, ਜੋਗਾ ਸਿੰਘ, ਪਿਆਰਾ ਸਿੰਘ ਉੱਪਲ, ਪੰਜਾਬ ਰੇਡੀਓ, ਅਪਣਾ ਖਾਣਾ ਕੇਟਰਿੰਗ, ਸੋਨਿਕ ਸਾਊਂਡ, ਸਰਦਾਰ ਸਤਿੰਦਰ ਸਿੰਘ, ਗਿਆਨ ਮਿੰਨੀ ਮਾਰਕਿਟ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਯੋਗਦਾਨ ਰਿਹਾ। ਜਿੱਥੇ ਭਾਗ ਲੈਣ ਵਾਲੇ ਸਮੂਹ ਸਥਾਪਿਤ ਕਵੀਜਨਾਂ ਅਤੇ ਬਾਲ ਕਵੀਆਂ ਨੂੰ ਸੰਸਥਾ ਵੱਲੋਂ ਮਾਇਕ ਰਾਸ਼ੀਫਲ ਭੇਂਟ ਕੀਤਾ ਗਿਆ ਉੱਥੇ ਬਾਲ ਮੁੱਖ ਮਹਿਮਾਨ ਹਿੰਮਤ ਖੁਰਮੀ ਨੂੰ ਯਾਦਗਾਰੀ ਚਿੰਨ੍ਹ ਨਾਲ ਵੀ ਨਿਵਾਜਿਆ ਗਿਆ।