ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਬੀਤੇ ਦਿਨੀਂ ਮੋਹਾਲੀ ਵਿਖੇ ਡਾਜ਼ਬਾਲ ਅੰਡਰ-17 ਲੜਕੇ ਤੇ ਲੜਕੀਆਂ ਦੇ ਪੰਜਾਬ ਪੱਧਰ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਲੈਕਚਰਾਰ ਅਮਨਦੀਪ ਕੌਂਡਲ ਦੀ ਅਗਵਾਈ ਹੇਠ ਜਲੰਧਰ ਜ਼ਿਲੇ ਦੀ ਟੀਮ ਨੇ ਮੱਲਾਂ ਮਾਰੀਆਂ ਹਨ। ਲੈਕਚਰਾਰ ਅਮਨਦੀਪ ਕੌਂਡਲ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ’ਚ ਜ਼ਿਲਾ ਜਲੰਧਰ ਦੇ 20 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨਾਂ ’ਚੋਂ ਚੱਕ ਚੇਲਾ ਸਕੂਲ ਦੇ 2 ਖਿਡਾਰੀ, ਨਵਾਂ ਪਿੰਡ ਅਕਾਲੀਆਂ ਸਕੂਲ ਦੇ 5 ਖਿਡਾਰੀ ਅਤੇ ਪੂਨੀਆਂ ਸਕੂਲ 13 ਖਿਡਾਰੀ ਸਨ। ਉਨਾਂ ਦੱਸਿਆ ਕਿ ਅੰਡਰ-17 ਡਾਜ਼ਬਾਲ ਲੜਕੀਆਂ ਦੇ ਕਰਵਾਏ ਮੁਕਾਬਲੇ ’ਚੋਂ ਜਲੰਧਰ ਨੇ ਪਟਿਆਲਾ, ਬਠਿੰਡਾ, ਅੰਮ੍ਰਿਤਸਰ ਤੇ ਸੰਗਰੂਰ ਦੀ ਟੀਮ ਨੂੰ ਹਰਾ ਕੇ ਪੰਜਾਬ ਸਕੂਲ ਗੇਮਜ਼ ’ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸੇ ਹੀ ਤਰਾਂ ਡਾਜ਼ਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ’ਚੋਂ ਜਲੰਧਰ ਦੀ ਟੀਮ ਨੇ ਫਰੀਦਕੋਟ, ਹੁਸ਼ਿਆਰਪੁਰ, ਸੰਗਰੂਰ ਅਤੇ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਲੈਕਚਰਾਰ ਕੌਂਡਲ ਨੇ ਦੱਸਿਆ ਕਿ ਮੇਜ਼ਬਾਨ ਟੀਮ ਤੋਂ ਇਲਾਵਾ ਬਾਕੀ ਟੀਮਾਂ ਨੂੰ ਜਲੰਧਰ ਦੀ ਟੀਮ ਨੇ ਮਾਤ ਦਿੱਤੀ ਹੈ। ਇਸ ਮੌਕੇ ਉਨਾਂ ਸਿਲੈਕਟਰ ਲੈਕਚਰਾਰ ਇੰਦੂ ਤੀੜਾ, ਟੂਰਨਾਮੈਂਟ ਕਨਵੀਨਰ ਪ੍ਰਦੀਪ ਕੁਮਾਰ, ਗਰਾਊਂਡ ਕਨਵੀਨਰ ਨਵਦੀਪ ਚੌਧਰੀ ਅਤੇ ਟੂਰਨਾਮੈਂਟ ਸਕੱਤਰ ਅਧਿਆਤਮ ਪ੍ਰਕਾਸ਼ ਤਿਊੜ ਦਾ ਟੂਰਨਾਮੈਂਟ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਜਲੰਧਰ ਦੀ ਜੇਤੂ ਟੀਮ ਨੂੰ ਪੂਨੀਆਂ ਸਕੂਲ ਦੇ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਤੇ ਸਕੂਲ ਦੇ ਸਮੂਹ ਸਟਾਫ਼ ਨੇ ਵਧਾਈ ਦਿੱਤੀ ਹੈ।