ਨਵੀਂ ਦਿੱਲੀ – ਗਲੋਬਲ ਹੰਗਰ ਇੰਡੈਕਸ ( GHI) 2018 ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਉਸ ਨੇ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਨਾਲ ਹਵਾ ਕੱਢ ਦਿੱਤੀ ਹੈ। ਦੁਨੀਆਂ ਵਿੱਚ ਭੁੱਖਮਰੀ ਨੂੰ ਸਮਾਪਤ ਕਰਨ ਵਾਲੇ 119 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ ਨੰਬਰ 103 ਹੈ। ਉਸ ਦੀ ਸਥਿਤੀ ਤਾਂ ਸ੍ਰੀਲੰਕਾ, ਨੇਪਾਲ ਅਤੇ ਬੰਗਲਾ ਦੇਸ਼ ਨਾਲੋਂ ਵੀ ਖਰਾਬ ਹੈ।
ਦੁਨੀਆਂਭਰ ਵਿੱਚ ਮਹਾਂਸ਼ਕਤੀ ਬਣਨ ਦੇ ਰਾਹ ਤੇ ਅੱਗੇ ਵੱਧਣ ਦੀਆਂ ਡੀਂਗਾਂ ਮਾਰਨ ਵਾਲੇ ਭਾਰਤ ਦੀ ਸਥਿਤੀ ਤਾਂ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਦੋਂ ਕਿ ਗਵਾਂਢੀ ਦੇਸ਼ ਚੀਨ (25ਵੇਂ), ਸ੍ਰੀਲੰਕਾ (67ਵੇਂ), ਮਿਆਂਮਾਰ (68ਵੇਂ), ਨੇਪਾਲ (72ਵੇਂ) ਅਤੇ ਬੰਗਲਾ ਦੇਸ਼ 86ਵੇਂ ਸਥਾਨ ਤੇ ਹੈ। ਭਾਰਤ ਇਸ ਗੱਲ ਤੇ ਸ਼ੇਖੀਆਂ ਮਾਰ ਕੇ ਖੁਸ਼ ਹੋ ਸਕਦਾ ਹੈ ਕਿ ਉਹ ਪਾਕਿਸਤਾਨ ਨਾਲੋਂ ਬੇਹਤਰ ਹੈ ਜੋ ਕਿ ਗਲੋਬਲ ਹੰਗਰ ਇੰਡੇਕਸ ਵਿੱਚ 106ਵੇਂ ਸਥਾਨ ਤੇ ਹੈ। ਆਪਣੇ ਆਪ ਨੂੰ ਗਰੀਬਾਂ ਦੀ ਸਰਕਾਰ ਅਖਵਾਉਣ ਵਾਲੀ ਮੋਦੀ ਸਰਕਾਰ ਚਾਰ ਸਾਲਾਂ ਵਿੱਚ 55 ਤੋਂ ਸਿੱਧੇ 103ਵੇਂ ਸਥਾਨ ਤੇ ਪਹੁੰਚ ਗਈ ਹੈ।
ਇਹ ਤਾਜ਼ਾ ਰਿਪੋਰਟ ਮੋਦੀ ਸਰਕਾਰ ਨੂੰ ਸਿੱਧੇ ਅਤੇ ਸਪੱਸ਼ਟ ਤੌਰ ਤੇ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ। ਗਰੀਬਾਂ ਦਾ ਮਸੀਹਾ ਅਖਵਾਉਣ ਵਾਲੇ ਮੋਦੀ ਦੇ ਭਾਸ਼ਣਾਂ ਨਾਲ ਗਰੀਬ ਲੋਕਾਂ ਦਾ ਪੇਟ ਨਹੀਂ ਭਰਦਾ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਦੁਨੀਆਂਭਰ ਵਿੱਚ ਉਨਤੀ ਦਾ ਲਾਲੀਪਾਪ ਵਿਖਾਉਣ ਵਾਲੀ ਮੋਦੀ ਸਰਕਾਰ ਦੇਸ਼ ਵਿੱਚ ਭੁੱਖਮਰੀ ਦੇ ਮੋਰਚੇ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ।
ਹੰਗਰ ਇੰਡੈਕਸ ਦੀ ਰਿਪੋਰਟ ਅਨੁਸਾਰ , 2014 ਵਿੱਚ ਭਾਰਤ 55ਵੇਂ, 2015 ਵਿੱਚ 80ਵੇਂ, 2016 ਵਿੱਚ 97ਵੇਂ, 2017 ਵਿੱਚ 100ਵੇਂ ਅਤੇ 2018 ਵਿੱਚ 103ਵੇਂ ਸਥਾਨ ਤੇ ਪਹੁੰਚ ਗਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਦੇ ਦਾਅਵੇ ਗੁੰਮਰਾਹ ਕਰਨ ਵਾਲੇ ਹਨ।