ਭਾਰਤ ਰਤਨ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਵ ਵਿਦਿਆਰਥੀ ਦਿਵਸ ਨੂੰ ਸਮਰਪਿਤ ਸਾਇੰਸ ਅਤੇ ਸਭਿਆਚਾਰ ਦੇ ਰੰਗਾਂ ਵਿਚ ਡੁੱਬਿਆਂ ਦੋ ਦਿਨਾਂ ਸਮਾਰੋਹ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਸਮਾਗਮ ਵਿਚ ਦੂਜੇ ਦਿਨ 53 ਸਕੂਲਾਂ ਦੇ 1785 ਵਿਦਿਆਰਥੀਆਂ ਨੇ ਸ਼ਿਰਕਤ ਕਰਦੇ ਹੋਏ ਵੱਖ ਵੱਖ ਕੈਟਾਗਰੀਆਂ ਵਿਚ ਸਖ਼ਤ ਟੱਕਰ ਦਿਤੀ। ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਅਤੇ ਗੁਲਜ਼ਾਰ ਗਰੁੱਪ ਵੱਲੋਂ ਪੇਸ਼ ਕੀਤੇ ਮਾਡਲ ਖ਼ਾਸ ਖਿੱਚ ਦੇ ਕੇਂਦਰ ਰਹੇ। ਇਸ ਦੇ ਇਲਾਵਾ ਸਟੇਜ ਤੇ ਵਿਦਿਆਰਥੀਆਂ ਵੱਲੋਂ ਗਰੁੱਪ ਅਤੇ ਸਿੰਗਲ ਡਾਂਸ ਅਤੇ ਭਾਰਤੀ ਸਭਿਆਚਾਰਕ ਨਾਚ ਆਪਣੀ ਖ਼ੂਬਸੂਰਤ ਝਲਕ ਵਿਖਾਉਂਦੇ ਦਿਖਾਈ ਦਿਤੇ। ਬੇਸ਼ੱਕ ਸਬ ਸਕੂਲਾਂ ਦੇ ਵਿਦਿਆਰਥੀਆਂ ਨੇ ਸਖ਼ਤ ਮੁਕਾਬਲਾ ਦਿਤਾ। ਪਰ ਅਖੀਰ ਵਿਚ ਪੰਜਾਹ ਦੇ ਕਰੀਬ ਵੱਖ ਵੱਖ ਕੈਟਾਗਰੀਆਂ ਵਿਚ ਵਿਦਿਆਰਥੀਆਂ ਨੇ ਇਨਾਮ ਹਾਸਿਲ ਕੀਤੇ। ਉਲਪੀਆਡ ਵਿਚ ਗੁਰੂ ਨਾਨਕ ਪਬਲਿਕ ਸਕੂਲ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਟੀ ਸ਼ਰਟ ਪੇਂਟਿੰਗ ਵਿਚ ਸਰਗੋਧਾ ਪਬਲਿਕ ਸਕੂਲ, ਟੈਟੂ ਮੇਕਿੰਗ ਵਿਚ ਗੁਰੂ ਨਾਨਕ ਪਬਲਿਕ ਸਕੂਲ, ਰੰਗੋਲੀ ਵਿਚ ਨਨਕਾਣਾ ਪਬਲਿਕ ਸਕੂਲ ਸਮਰਾਲਾ, ਗ੍ਰਾਫਿਟੀ ਵਿਚ ਜੀ ਐਨ ਆਈ ਸਕੂਲ, ਮਹਿੰਦੀ ਵਿਚ ਜੀ ਜੀ ਆਈ, ਗੁਰੂ ਨਾਨਕ ਪਬਲਿਕ ਸਕੂਲ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ।
ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੈਕਟਿਵ ਗੁਰਕੀਰਤ ਸਿੰਘ ਨੇ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੂੰ ਸਮਰਪਿਤ ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ 80% ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿਤੀ ਜਾਵੇਗੀ ਭਾਵੇ ਉਹ ਕਿਸੇ ਵੀ ਵਰਗ ਨਾਲ ਸਬੰਧਿਤ ਰੱਖਦਾ ਹੋਵੇ। ਇਸ ਸਕਾਲਰਸ਼ਿਪ ਵਿਚ ਵਿਦਿਆਰਥੀ ਦੀ ਫ਼ੀਸ ਮਾਫ਼ ਕੀਤੀ ਜਾਵੇਗੀ। ਗੁਰਕੀਰਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਈਵੈਂਟ ਦਾ ਮੁੱਖ ਮੰਤਵ ਵੀ ਪਿੰਡਾਂ ਕਸਬਿਆਂ ਅਤੇ ਸ਼ਹਿਰ ਦੇ ਸਕੂਲਾਂ ਵਿਚ ਪੜ੍ਹ ਰਹੇ ਟੈਲੰਟ ਨੂੰ ਲੱਭਣਾ ਸੀ ਤਾਂ ਕਿ ਯੋਗ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪਲੇਟਫ਼ਾਰਮ ਮਿਲ ਸਕੇ। ਇਸ ਦੇ ਨਾਲ ਹੀ ਗੁਰਕੀਰਤ ਸਿੰਘ ਨੇ ਖੇਡਾਂ ਵਿਚ ਵੀ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਪੈਸ਼ਲ ਸਕਾਲਰਸ਼ਿਪ ਦਾ ਐਲਾਨ ਕੀਤਾ।