ਅੰਮ੍ਰਿਤਸਰ – ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਅੱਜ ਸੰਗਰਾਂਦ ਦੇ ਦਿਹਾੜੇ ਤੇ ਸੰਗਤ ਲਾਂਘਾ ਕਰਤਾਰਪੁਰ ਜਥੇ ਨੇ ਡੇਰਾ ਬਾਬਾ ਨਾਨਕ ਭਾਰਤ-ਪਾਕ ਸਰਹੱਦ ਤੇ ਆਪਣੀ ਮਾਸਿਕ ਅਰਦਾਸ ਕੀਤੀ। ਅਰਦਾਸ ਵਿਚ ਸੈਕੜੇ ਦੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ। ਅਰਦਾਸ ਉਪਰੰਤ ਮੁੱਖ ਸੇਵਾਦਾਰ ਬੀ. ਐਸ ਗੁਰਾਇਆ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਦਿੱਲੀ ਦੇ ਟੀ.ਵੀ ਮੀਡੀਏ ਤੇ ਫੁਕਰੇ ਦੇਸ਼ਭਗਤ ਹੋਣ ਦਾ ਇਲਜਾਮ ਲਾਇਆ ਹੈ ਜੋ ਅਸਲੀਅਤ ਛੁਪਾਉਦੇ ਹੋਏ, ਸਨਸਨੀ ਫੈਲਾਅ ਕੇ ਦੇਸ ਦੀ ਅਵਾਮ ਨੂੰ ਗੁਮਰਾਹ ਕਰ ਰਹੇ ਹਨ।
ਉਹਨਾਂ ਕਿਹਾ ਫਿਰਕਾਪ੍ਰਸਤ ਮੀਡੀਆ ਭਾਰਤ ਨੂੰ ਮਹਾਨ ਮਹਾਨ ਕਹਿੰਦਾ ਨਹੀ ਥੱਕਦਾ। ਜਦੋਂ ਕਿ ਸੰਯੁਕਤ ਰਾਸ਼ਟਰ ਸੰਘ ਦੇ ਅੰਕੜਿਆਂ ਮੁਤਾਬਿਕ ਗਰੀਬਾਂ ਦੀ ਗਿਣਤੀ ਪੱਖੋਂ ਅੱਜ ਭਾਰਤ ਦੂਸਰੇ ਅਤੇ ਬੰਗਲਾਦੇਸ਼ ਪੰਜਵੇ ਨੰਬਰ ਤੇ ਹੈ।ਜਿਥੇ ਲੱਖਾਂ ਲੋਕ ਰਾਤ ਨੂੰ ਭੁੱਖੇ ਭਾਣੇ ਸੌਂਦੇ ਹਨ। ਪਰ ਇਸ ਜੋਸ਼ੀਲੇ ਮੀਡੀਏ ਨੂੰ ਅਹਿਸਾਸ ਨਹੀ ਕਿ ਭਾਰਤੀ ਗਰੀਬ ਲੋਕਾਂ ਨੂੰ ਇਹ ਨਫਰਤ ਕਿੰਨੀ ਮਹਿੰਗੀ ਪੈ ਰਹੀ ਹੈ।
ਇਹਦੇ ਬਾਵਜੂਦ ਇਥੋਂ ਦੀਆਂ ਸਰਕਾਰਾਂ, ਲੋਕ ਭਲਾਈ ਅਤੇ ਵਿਕਾਸ ਦੇ ਬਿਜਾਏ ਫੌਜਾਂ ਤੇ ਜਿਆਦਾ ਖਰਚ ਕਰ ਰਹੀਆਂ ਹਨ।ਅੱਜ ਭਾਰਤੀ ਬਸ਼ਿੰਦੇ ਹਰ ਹੀਲਾ ਵਸੀਲਾ ਵਰਤ ਕੇ ਇਥੋਂ ਦੌੜ ਰਹੇ ਹਨ। ਬਾਹਰ ਗਏ ਲੋਕਾਂ ਨੂੰ ਅਕਸਰ ਅੰਗਰੇਜ ਸਵਾਲ ਕਰਦੇ ਹਨ ਕਿ ਜਦੋਂ ਤੁਹਾਡੇ ਮੁਲਕਾਂ ‘ਚ ਐਨੀ ਗਰੀਬੀ ਹੈ ਤਾਂ ਤੁਸੀ ਐਟਮ ਬੰਬ ਕਾਹਦੇ ਵਾਸਤੇ ਬਣਾਏ ਹੋਏ ਜੇ? ਓਦੋਂ ਫਿਰ ਹਰ ਭਾਰਤੀ ਤੇ ਪਾਕਿਸਤਾਨੀ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।
ਇਹਦੇ ਬਾਵਜੂਦ ਟੀ ਵੀ ਮੀਡੀਆ ਅਮਨ ਦੀ ਹਰ ਚਾਲ ਦੀ ਡੱਟਵੀ ਵਿਰੋਧਤਾ ਕਰਦਾ ਹੈ। ਮਿਸਾਲ ਦੇ ਤੌਰ ਤੇ ਨਵਜੋਤ ਸਿੱਧੂ ਨੇ ਪਾਕਿਸਤਾਨੀ ਜਰਨੈਲ ਨੂੰ ਜੱਫੀ ਕੀ ਪਾ ਲਈ ਇਨਾਂ ਨੇ ਟੀ ਵੀ ਸਿਰ ਤੇ ਚੁੱਕ ਲਏ। ਫਿਰ ਸਰਹੱਦ ਤੇ ਇਕ ਫੌਜੀ ਜਵਾਨ ਮਾਰਿਆ ਗਿਆ ਤਾਂ ਹਫਤਾ ਭਰ ਟੀ ਵੀ ਮੀਡੀਏ ਨੇ ਚੀਕ ਚਿਹਾੜਾ ਪਾਈ ਰੱਖਿਆ।ਸਾਡੀ ਹੱਦ ਵਿਚ ਵੜੇ ਪਾਕਿਸਤਾਨੀ ਫੌਜੀ ਨਾਲ ਕੀ ਅਸੀ ਘੱਟ ਕਰਦੇ ਹਾਂ? ਗੁਰਾਇਆ ਨੇ ਪੁੱਛਿਆ। ਇਸ ਫੁਕਰੇ ਮੀਡੀਆ ਵਾਸਤੇ ਓਡੀਸ਼ਾ ਤੇ ਬਿਹਾਰ ਦੀ ਗਰੀਬੀ ਕੋਈ ਮਾਇਨੇ ਨਹੀ ਰੱਖਦੀ।
ਗੁਰਾਇਆ ਨੇ ਕਿਹਾ ਕਿ ਸਾਨੂੰ ਭਾਰਤੀ ਉਪਮਹਾਂਦੀਪ ਦੇ ਲੋਕਾਂ ਨੂੰ ਆਪਣੀ ਸੋਚ ਬਦਲਨੀ ਪਵੇਗੀ। ਮੁਲਕਾਂ ਵਿਚ ਬਣਿਆ ਖਿਚਾਅ ਸਾਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਤੇ ਸਾਡੇ ਦੇਸ ਆਪਸ ਵਿਚ ਉਲਝੇ ਰਹਿੰਦੇ ਨੇ। ਬਿਨਾਂ ਸ਼ੱਕ ਇਸਲਾਮ ਤੇ ਹਿੰਦੂਮਤ ਦੀ ਤਲਖੀ ਸਦੀਆਂ ਪੁਰਾਣੀ ਹੈ ਪਰ ਮੱਧ ਕਾਲ ਵਿਚ ਭਗਤ ਰਵਿਦਾਸ, ਸ਼ੇਖ ਫਰੀਦ, ਸੰਤ ਕਬੀਰ, ਗੁਰੂ ਨਾਨਕ, ਬਾਬਾ ਬੁੱਲੇ ਸ਼ਾਹ ਜਿਹੇ ਗੁਰੂਆਂ ਪੀਰਾਂ ਨੇ ਦੋਵਾਂ ਮੁਆਸ਼ਰਿਆਂ ਨੂੰ ਨੇੜੇ ਲਿਆਉਣ ਦੇ ਉਪਰਾਲੇ ਕੀਤੇ ਸਨ। ਜੇ ਬਚਣਾ ਹੈ ਤਾਂ ਕੁਝ ਕਰਨਾਂ ਪਵੇਗਾ।
ਇਸ ਸਬੰਧ ਵਿਚ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ ਤਾਂ ਬਹੁਤ ਹੀ ਪ੍ਰਸੰਗਕ ਹੈ, ਜਿਥੇ ਓਨਾਂ ਦੀ ਕਬਰ ਅਤੇ ਸਮਾਧ ਨਾਲੋ ਨਾਲ ਹਨ ਅਤੇ ਅਗਲੀ ਹੈਰਾਨੀ ਦੀ ਗਲ ਇਹ ਕਿ, ਇਹ ਹੈ ਵੀ ਐਨ ਭਾਰਤ-ਪਾਕਿ ਸਰਹੱਦ ਤੇ।ਕੀ ਇਹ ਇਸ਼ਾਰਾ ਕਾਫੀ ਨਹੀ ਹੈ ਕਿ ਕਿ ਭਾਰਤ-ਪਾਕਿਸਤਾਨ ਦਰਮਿਆਨ ਜੇ ਰਸਤੇ ਖੋਲਣੇ ਹਨ ਤਾਂ ਅਮਨ ਦੀ ਜੀ.ਟੀ ਰੋਡ ਇਥੋਂ ਸ਼ੁਰੂ ਹੋਵੇ, ਲਾਂਘਾ ਖੁੱਲੇ।
ਅਰਦਾਸ ਮੌਕੇ ਬੀ. ਐਸ. ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਸਰਬਜੀਤ ਸਿੰਘ ਕਲਸੀ, ਤਰਸੇਮ ਸਿੰਘ ਬੱਲ, ਗੁਰਬਚਨ ਸਿੰਘ ਸੁਲਤਾਨਵਿੰਡ, ਰਤਨ ਸਿੰਘ, ਮਨੋਹਰ ਸਿੰਘ ਚੇਤਨਪੁਰਾ, ਹੋਰ ਅਨੇਕਾਂ ਸ਼ਰਧਾਲੂ ਸ਼ਾਮਲ ਸਨ।
ਫੋਟੋ ਕੈਪਸ਼ਨ- ਅਰਦਾਸ ਉਪਰੰਤ ਧੁੱਸੀ ਤੋਂ ਹੇਠਾਂ ਉਤਰ ਫੋਟੋ ਲਈ ਪੋਜ ਦਿੰਦੇ ਹੋਈ ਸੰਗਤ।