ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀਰਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਭੇਜਕੇ ਆਪਣਾ ਅਹੁਦਾ ਛੱਡਣ ਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਇਕ ਦਹਾਕੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾਈ। ਕੁਝ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮੁਆਫ਼ੀ ਦੇਣ ਕਰਕੇ ਉਹ ਵਿਵਾਦਾਂ ਵਿਚ ਰਹੇ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਵੀ ਸਿੱਖ ਜਥੇਬੰਦੀਆਂ ਵਲੋਂ ਕਿਹਾ ਗਿਆ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਵਧਦੀ ਉਮਰ ਨੂੰ ਦੱਸਿਆ। ਉਨ੍ਹਾਂ ਦੀ ਉਮਰ ਇਸ ਵੇਲੇ 70 ਸਾਲ ਦੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਉਨ੍ਹਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠਾਂ ਕੰਮ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਜਦਕਿ ਉਹ ਇਨ੍ਹਾਂ ਤੋਂ ਇਨਕਾਰ ਕਰਦੇ ਰਹੇ ਹਨ। ਉਨ੍ਹਾਂ ਦੇ ਨਿਜੀ ਸਹਾਇਕ ਵਲੋਂ ਭੇਜੀ ਗਈ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਵਧਦੀ ਉਮਰ ਕਰਕੇ ਪੇਸ਼ ਆ ਰਹੀਆਂ ਦਿੱਕਤਾਂ ਕਰਕੇ ਮੈਨੂੰ ਲਗਦਾ ਹੈ ਕਿ ਮੈਂ ਆਪਣੇ ਕਰਤਵਾਂ ਨੂੰ ਠੀਕ ਤਰ੍ਹਾਂ ਨਿਭਾਉਣ ਦੇ ਸਮਰਥ ਨਹੀਂ ਹਾਂ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਖਾਲਸਾ ਪੰਥ ਅਤੇ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਕਾਬਿਲ ਵਿਅਕਤੀ ਨੂੰ ਨਿਯੁਕਤ ਕਰਨਾ ਚਾਹੀਦਾ ਹੈ।
ਇਸ ਅਸਤੀਫ਼ੇ ਰਾਹੀਂ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਧ ਦੀ ਮੁਆਫ਼ੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ‘ਤੇ ਕਾਫ਼ੀ ਬਹਿਸ ਹੋਈ ਸੀ। ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਸਿੰਘ ਸਾਹਿਬਾਨ ਦੀ ਸਲਾਹ ਨਾਲ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਦੀ ਮੁਆਫ਼ੀ ਵੀ ਮੰਗੀ ਹੈ।