ਅੰਮ੍ਰਿਤਸਰ – ਅੰਮ੍ਰਿਤਸਰ ਵਿੱਚ ਜੋੜਾ ਫਾਟਕ ਦੇ ਕੋਲ ਸ਼ੁਕਰਵਾਰ ਨੂੰ ਦੁਸਹਿਰੇ ਦੇ ਮੌਕੇ ਤੇ ਰਾਵਣ ਸਾੜਨ ਦੇ ਸਮੇਂ ਹੋਏ ਟਰੇਨ ਹਾਦਸੇ ਵਿੱਚ 70 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਜਖਮੀ ਹੋਏ ਹਨ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਸਪਤਾਲ ਵਿੱਚ ਜਖਮੀਆਂ ਦਾ ਹਾਲਚਾਲ ਪੁੱਛਣ ਲਈ ਸਥਾਨਕ ਹਸਪਤਾਲ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਇਸ ਦੁਰਘਟਨਾ ਦੀ ਵੱਖਰੇ ਤੌਰ ਤੇ ਜਾਂਚ ਕਰਵਾਵਾਂਗੇ।
ਹਾਦਸੇ ਵਾਲੀ ਜਗ੍ਹਾ ਤੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਜ਼ਖਮੀ ਪੀੜਤਾਂ ਨਾਲ ਮੁਲਾਕਾਤ ਕੀਤੀ। ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਅੰਮ੍ਰਿਤਸਰ ਰੇਲ ਹਾਦਸੇ ਬਾਰੇ ਹਰ ਪਹਿਲੂ ਤੋਂ ਜਾਂਚ ਕਰਕੇ 4 ਹਫਤਿਆਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਭਿਆਨਕ ਤ੍ਰਾਸਦੀ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਕਰਕੇ ਅੱਜ ਸਾਰਾ ਦੇਸ਼ ਸੋਗ ਮਨਾ ਰਿਹਾ ਹੈ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲ ਪਹੁੰਚ ਕੇ ਜਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਇੱਕ ਦੂਸਰੇ ਤੇ ਗੱਲਤ ਬਿਆਨਬਾਜੀ ਜਾਂ ਆਰੋਪ ਲਗਾਉਣ ਦਾ ਨਹੀਂ ਹੈ। ਸਰਕਾਰ ਵੱਲੋਂ ਤਤਕਾਲ ਰਾਹਤ ਦੇ ਲਈ ਤਿੰਂਨ ਕਰੋੜ ਰੁਪੈ ਮਨਜ਼ੂਰ ਕਰ ਦਿੱਤੇ ਗਏ ਹਨ।
ਇਸ ਭਿਆਨਕ ਹਾਦਸੇ ਤੋਂ ਬਾਅਦ ਰਾਜ ਸਰਕਾਰ ਨੇ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ ਸਾਰੇ ਸਕੂਲ – ਕਾਲਜ ਅਤੇ ਸਰਕਾਰੀ ਦਫ਼ਤਰ ਤਿੰਨ ਦਿਨ ਦੇ ਲਈ ਬੰਦ ਰਹਿਣਗੇ। ਇਸ ਟਰੈਕ ਤੇ ਚੱਲਣ ਵਾਲੀਆਂ 8 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 5 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਇਸ ਤੋਂ ਇਲਾਵਾ 10 ਟਰੇਨਾਂ ਦਾ ਰੂਟ ਛੋਟਾ ਕਰ ਦਿੱਤਾ ਗਿਆ ਹੈ।