ਲੁਧਿਆਣਾ : ਪੀ.ਏ.ਯੂ. ਲੁਧਿਆਣਾ ਵਿਖੇ ਐਸੋਸੀਏਸ਼ਨ ਆਫ਼ ਪੀ.ਏ.ਯੂ. ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿਚ ਪਟਿਆਲਾ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਅਧਿਆਪਕਾਂ ਦੇ ਹੱਕੀ ਘੋਲ ਦੀ ਹਿਮਾਇਤ ਕੀਤੀ ਗਈ। ਮੀਟਿੰਗ ਵਿਚ ਬੋਲਦਿਆਂ ਐਸੀਏਸ਼ਨ ਦੇ ਪ੍ਰਧਾਨ ਸ੍ਰੀ ਡੀ. ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਰਿਟਾਇਰੀਜ਼ ਦੀਆਂ ਹੱਕੀ ਮੰਗਾਂ ਤੋਂ ਪੱਲਾ ਖਿੱਚ ਰਹੀ ਹੈ। ਮੁਲਾਜ਼ਮਾਂ ਨੂੰ ਚੋਣਾਂ ਤੋਂ ਪਹਿਲਾਂ ਉਮੀਦ ਸੀ ਕਿ ਸਰਕਾਰ ਬਦਲ ਜਾਣ ਤੋਂ ਬਾਅਦ ਪੇ ਕਮਿਸ਼ਨ ਦੀ ਰਿਪੋਰਟ ਅਤੇ ਮਹਿੰਗਾਈ ਭੱਤਾ ਜਲਦੀ ਮਿਲ ਜਾਵੇਗਾ। ਪਰ ਅਜਿਹੀਆਂ ਰੂਟੀਨ ਮੰਗਾਂ ਦਾ ਬੇਹੱਦ ਪੱਛੜ ਜਾਣਾ ਅਤੇ ਅਧਿਆਪਕਾਂ ਦੀ ਤਨਖਾਹ ਵੱਡੇ ਪੱਧਰ ਤੇ ਕੱਟ ਲੈਣੀ ਸਰਕਾਰ ਦੀਆਂ ਦੀਵਾਲੀਆਂ ਨੀਤੀਆਂ ਦਾ ਪ੍ਰਗਟਾਵਾ ਕਰਦਾ ਹੈ। ਅਧਿਆਪਕ ਜਿਹੜੇ ਕਿ ਸਮਾਜ ਵਿਚ ਸਤਿਕਾਰ ਦਾ ਰੁਤਬਾ ਲੋੜਦੇ ਹਨ ਪਹਿਲਾਂ ਤਾਂ ਉਨ੍ਹਾਂ ਨੂੰ ਇਕਵੰਜਾ ਅਠੱਤਰ ਵਰਗੇ ਨੰਬਰ ਲਗਾ ਕੇ ਉਨ੍ਹਾਂ ਦੇ ਸਤਿਕਾਰਤ ਰੁਤਬੇ ਨੂੰ ਖੋਰਾ ਲਾਇਆ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਪਰਿਵਾਰਾਂ ਤੇ ਤਨਖਾਹ ਵੱਡੀ ਮਾਤਰਾ ਵਿਚ ਕੱਟ ਕੇ ਵੱਡਾ ਹਮਲਾ ਕੀਤਾ ਗਿਆ ਹੈ। ਉਧਰ ਅਧਿਆਪਕ ਆਪਣੇ ਰੁਤਬੇ ਅਤੇ ਆਰਥਿਕ ਹਾਲਤ ਬਾਰੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਸੋ ਐਸੋਸੀਏਸ਼ਨ ਪੀ. ਏ. ਯੂ. ਰਿਟਾਇਰੀਜ਼ ਉਨ੍ਹਾਂ ਦੇ ਹੱਕ ਘੋਲ ਦੀ ਪੁਰਜ਼ੋਰ ਹਿਮਾਇਤ ਕਰਦੀ ਹੈ ਅਤੇ ਨਾਲ ਹੀ ਯਾਦ ਦਿਵਾਉਂਦੀ ਹੈ ਕਿ 26 ਅਕਤੂਬਰ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਸਮੇਂ ਵੱਡੀ ਗਿਣਤੀ ਵਿਚ ਪਹੁੰਚ ਕੇ ਉਨ੍ਹਾਂ ਨਾਲ ਏਕੇ ਦਾ ਪ੍ਰਗਟਾਵਾ ਕਰਦੀ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਜੇ. ਐਲ. ਨਾਰੰਗ ਨੇ ਕਿਹਾ ਕਿ ਸਮੁੱਚੇ ਮੁਲਾਜ਼ਮਾਂ ਵਿਚ ਸਰਕਾਰ ਦੇ ਅੜੀਅਲ ਵਤੀਰੇ ਪ੍ਰਤੀ ਬੜਾ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਰੋਸ 2019 ਦੀਆਂ ਚੋਣਾਂ ਸਮੇਂ ਵੀ ਆਪਣਾ ਰੰਗ ਦਿਖਾ ਸਕਦਾ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਗੁਲਜ਼ਾਰ ਸਿੰਘ ਪੰਧੇਰ, ਜੇ.ਸੀ.ਬੁੱਧੀਰਾਜ, ਕਾਮਰੇਡ ਜੋਗਿੰਦਰ ਰਾਮ, ਦਰਸ਼ਨ ਸਿੰਘ ਬਰਮਾਲੀਪੁਰ, ਕੁਲਦੀਪ ਸਿੰਘ ਤੁੰਗ, ਗੁਰਮੇਲ ਸਿੰਘ ਤੁੰਗ, ਸੋਹਣ ਸਿੰਘ ਆਦਿ ਹਾਜ਼ਰ ਸਨ। ਸਾਰਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਜਥੇਬੰਦੀ ਦੇ ਇਤਿਹਾਸ ਤੋਂ ਰੌਸ਼ਨੀ ਲੈ ਕੇ ਹਰ ਕੁਰਬਾਨੀ ਦੇਣ ਲ ਈ ਆਪ ਅਤੇ ਦੂਸਰੇ ਪੈਨਸ਼ਨਰਾਂ ਨੂੰ ਤਿਆਰ ਕੀਤਾ ਜਾਵੇ।