ਨਵੀਂ ਦਿੱਲੀ-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਫੇਲ ਜਹਾਜ਼ ਘੋਟਾਲੇ ਦੀ ਜਾਂਚ ਨੂੰ ਰੋਕਣ ਲਈ ਅਸਵਿੰਧਾਨਕ ਕਦਮ ਚੁਕਦੇ ਹੋਏ ਸੀਬੀਆਈ ਦੇ ਡਾਇਰੈਕਟਰ ਨੂੰ ਰਾਤੀਂ ਦੋ ਵਜੇ ਹਟਾਇਆ ਕਿਉਂਕਿ ਉਹ ਖੁਦ ਇਸ ‘ਚ ਫਸਣ ਵਾਲੇ ਸਨ।
ਰਾਹੁਲ ਨੇ ਪਾਰਟੀ ਦੇ ਹੈਡ ਆਫਿਸ ਵਿਖੇ ਅਚਾਨਕ ਸੱਦੀ ਗਈ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਫੇਲ ਜਹਾਜ਼ ਸੌਦੇ ਵਿਚ ਆਪਣੇ ਭ੍ਰਿਸ਼ਟਾਚਾਰ ਨੂੰ ਉਜਾਗਰ ਹੋਣ ਦੇ ਡਰ ਦੀ ਘਬਰਾਹਟ ਕਰਕੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਦੋ ਵਜੇ ਹਟਾਇਆ ਅਤੇ ਸਵੇਰ ਹੋਣ ਦੀ ਵੀ ਉਡੀਕ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਲੋਕ ਵਰਮਾ ਰਾਫੇਲ ਘੋਟਾਲੇ ਦੀ ਜਾਂਚ ਸ਼ੁਰੂ ਕਰਨ ਵਾਕੇ ਸਨ ਅਤੇ ਜੇਕਰ ਜਾਂਚ ਹੁੰਦੀ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਸਾਹਮਣੇ ਆ ਜਾਣਾ ਸੀ। ਮੋਦੀ ਨੂੰ ਪਤਾ ਸ ਕਿ ਇਸ ਨਾਲ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਰਾਫੇਲ ਸੌਦੇ ਵਿਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਠੇਕਾ ਦੇ ਕੇ ਭ੍ਰਿਸ਼ਟਾਚਾਰ ਕੀਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਨੂੰ ਇਸ ਤਰ੍ਹਾਂ ਹਟਾਉਣਾ ਪੂਰੀ ਤਰ੍ਹਾਂ ਅਸੰਵਿਧਾਨਿਕ ਹੈ ਕਿਉਂਕਿ ਉਸਦੀ ਨਿਯੁਕਤੀ ਹਟਾਉਣ ਦਾ ਕੰਮ ਤਿੰਨ ਮੈਂਬਰੀ ਕਮੇਟੀ ਹੀ ਕਰ ਸਕਦੀ ਹੈ ਜਿਸ ਵਿਚ ਪ੍ਰਧਾਨ ਮੰਤਰੀ, ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਅਤੇ ਲੋਕਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਹਨ। ਸੀਬੀਆਈ ਨਿਦੇਸ਼ਕ ਨੂੰ ਹਟਾਇਆ ਜਾਣਾ ਨਾ ਸਿਰਫ਼ ਅਸੰਵਿਧਾਨਿਕ ਹੈ ਸਗੋਂ ਇਹ ਚੀਫ਼ ਜਸਟਿਸ, ਵਿਰੋਧੀ ਧਿਰ ਦੇ ਲੀਡਰ ਅਤੇ ਦੇਸ਼ ਦੀ ਜਨਤਾ ਦਾ ਅਪਮਾਨ ਵੀ ਹੈ।