ਡਾ. ਸੋਨੀਆਂ ਦੇ ਲੇਖਾਂ ਦੇ ਸੰਗ੍ਰਹਿ ਵਾਲੀ ਪੁਸਤਕ ਧੁੰਦ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਸ ਪੁਸਤਕ ਦੇ ਛੋਟੇ-ਛੋਟੇ 29 ਲੇਖਾਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਤੇ ਸੰਗਤਾਂ ਵੱਲੋਂ ਅਮਲ ਨਾ ਕਰਨ ਬਾਰੇ ਉਨ੍ਹਾਂ ਨੂੰ ਸਚੇਤ ਕੀਤਾ ਗਿਆ ਹੈ। ਬਹੁਤੇ ਲੇਖ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉਦਾਸੀਆਂ ਬਾਰੇ ਹਨ। ਸੋਨੀਆਂ ਦੀ ਪੁਸਤਕ ਦੇ ਸਿਰਲੇਖ ਧੁੰਦ ਤੋਂ ਹੀ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਕ ਸੋਚ ਵਿਚ ਮਿਲਾਵਟ ਹੋ ਰਹੀ ਹੈ। ਉਸ ਉਪਰ ਧੁੰਦ ਜੰਮ ਗਈ ਹੈ। ਅਸਲੀਅਤ ਨੂੰ ਧੁੰਦ ਨੇ ਢੱਕ ਲਿਆ ਹੈ। ਉਹ ਮਹਿਸੂਸ ਕਰਦੀ ਹੈ ਕਿ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਿਲਾਵਟ ਹੋਣ ਕਰਕੇ ਸਿੱਖ ਸੰਗਤਾਂ ਧਰਮ ਦੇ ਮੁੱਖ ਮੰਤਵ ਤੋਂ ਦੂਰ ਹੋ ਰਹੀਆਂ ਹਨ। ਜਿਸ ਮੰਤਵ ਨਾਲ ਗੁਰੂਆਂ ਨੇ ਸਿੱਖ ਧਰਮ ਸਥਾਪਤ ਕੀਤਾ ਸੀ, ਉਸਦੀ ਪੂਰਤੀ ਨਹੀਂ ਹੋ ਰਹੀ। ਲੇਖਕਾ ਦੇ ਲੇਖਾਂ ਅਨੁਸਾਰ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਕਰਮਕਾਂਡਾਂ ਅਤੇ ਵਹਿਮਾ ਭਰਮਾ ਵਿਚੋਂ ਕੱਢਣ ਦੀ ਕੋਸ਼ਿਸ ਕੀਤੀ ਸੀ ਪ੍ਰੰਤੂ ਸਿੱਖ ਸੰਗਤ ਦੁਆਰਾ ਉਨ੍ਹਾਂ ਵਿਚ ਹੀ ਫਸ ਰਹੀ ਹੈ। ਉਹ ਲੋਕਾਂ ਨੂੰ ਅਜਿਹੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਸੰਬਾਦ ਕਰਨ ਦੀ ਪ੍ਰੇਰਨਾ ਕਰਦੀ ਹੈ। ਉਸਦੇ ਲੇਖਾਂ ਮੁਤਾਬਕ ਕੁਝ ਜਨਮ ਸਾਖੀਆਂ ਰਾਹੀਂ ਚਮਤਕਾਰ ਵਿਖਾਕੇ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ। ਜਨਮ ਸਾਖੀਆਂ ਵਿਚ ਜਾਣ ਬੁਝਕੇ ਮਿਲਾਵਟ ਕੀਤੀ ਹੋਈ ਹੈ। ਸਿੱਖ ਧਰਮ ਚਮਤਕਾਰਾਂ ਵਿਚ ਯਕੀਨ ਨਹੀਂ ਰੱਖਦਾ ਸਗੋਂ ਚਮਤਕਾਰਾਂ ਦਾ ਖੰਡਨ ਕਰਦਾ ਹੈ। ਇਥੋਂ ਤੱਕ ਕਿ ਪ੍ਰਵਾਨ ਸਿਰਲੇਖ ਵਾਲੇ ਲੇਖ ਵਿਚ ਗੁਰੂ ਨਾਨਕ ਦੇਵ ਦੇ ਬੱਚਿਆਂ ਨੇ ਵੀ ਕਰਾਮਾਤਾਂ ਕਰਨ ਦੀ ਕੋਸਿਸ਼ ਕੀਤੀ ਸੀ, ਜਿਸ ਕਰਕੇ ਗੁਰੂ ਸਾਹਿਬ ਨੇ ਗੁਰਗੱਦੀ ਆਪਣੇ ਪਰਿਵਾਰ ਵਿਚ ਨਹੀਂ ਦਿੱਤੀ। ਇਸ ਤੋਂ ਇਹ ਭਾਵ ਵੀ ਜਾਂਦਾ ਹੈ ਕਿ ਉਹ ਇਨਸਾਨ ਦੇ ਕਿਰਦਾਰ ਦੀ ਕਦਰ ਕਰਦੇ ਸਨ। ਚਮਤਕਾਰ ਲੋਕਾਂ ਨੂੰ ਗੁਮਰਾਹ ਕਰਦੇ ਹਨ। ਸੋਨੀਆਂ ਕਈ ਜਨਮ ਸਾਖੀਆਂ ਨੂੰ ਆਧਾਰ ਬਣਾਕੇ ਲੇਖ ਲਿਖਦੀ ਹੈ ਤੇ ਉਨ੍ਹਾਂ ਜਨਮ ਸਾਖੀਆਂ ਦੀ ਕਿਤੇ ਪ੍ਰਸੰਸਾ ਕਰਦੀ ਹੈ, ਜਿਵੇਂ ਤੇਰਾ ਤੇਰਾ ਸਿਰਲੇਖ ਵਾਲੀ ਜਨਮ ਸਾਖੀ ਵਿਚ ਕਰਾਮਾਤ ਵਿਖਾਉਂਦੀ ਹੈ ਪ੍ਰੰਤੂ ਇਸੇ ਜਨਮ ਸਾਖੀ ਵਿਚ ਮੂਰਤੀ ਪੂਜਾ ਨੂੰ ਸਿੱਖ ਧਰਮ ਦੇ ਵਿਰੁਧ ਸਮਝਦੀ ਹੈ। ਸਾਧੂਆਂ ਨੂੰ ਲੰਗਰ ਛਕਾਉਣ ਨੂੰ ਖਰਾ ਸੌਦਾ ਕਹਿੰਦੀ ਹੈ। ਭਾਈ ਲਾਲੋ ਵਾਲੇ ਲੇਖ ਵਿਚ ਕਿਰਤ ਕਰਨ ਵਾਲੇ ਮਿਸਤਰੀ ਦੇ ਘਰ ਖਾਣਾ ਖਾ ਕੇ ਸੰਦੇਸ ਦਿੰਦੇ ਹਨ ਕਿ ਮਲਿਕ ਭਾਗੋ ਗ਼ਰੀਬਾਂ ਦਾ ਖ਼ੂਨ ਚੂਸਣ ਵਾਲਾ ਚੰਗਾ ਵਿਅਕਤੀ ਨਹੀਂ ਹੈ ਪ੍ਰੰਤੂ ਨਾਲ ਹੀ ਭਾਈ ਲਾਲੋ ਦੇ ਸਾਦੇ ਖਾਣੇ ਵਿਚੋਂ ਦੁੱਧ ਅਤੇ ਮਲਿਕ ਭਾਗੋ ਦੇ ਖਾਣੇ ਵਿਚੋਂ ਖ਼ੂਨ ਦੀ ਕਰਾਮਾਤ ਦਾ ਸਮਰਥਨ ਕਰਦੀ ਹੈ। ਇਸੇ ਤਰ੍ਹਾਂ ਰੀਠਿਆਂ ਵਾਲੀ ਅਤੇ ਸੱਚ ਖੰਡ ਵਾਲੇ ਲੇਖਾਂ ਵਿਚ ਵੀ ਕਰਾਮਾਤਾਂ ਵਿਖਾਈਆਂ ਗਈਆਂ ਹਨ, ਜਿਸ ਨਾਲ ਉਹ ਸਵੈ ਵਿਰੋਧੀ ਗੱਲਾਂ ਕਰਦੀ ਹੈ। ਖਰਾ ਸੌਦਾ ਸਿਰਲੇਖ ਵਾਲੇ ਲੇਖ ਵਿਚ ਲੰਗਰ ਪ੍ਰਥਾ ਦਾ ਸਬੰਧ ਸਾਧੂਆਂ ਨੂੰ ਖਾਣਾ ਖਲਾਉਣ ਨਾਲ ਜੋੜਕੇ ਵੇਖਦੀ ਹੋਈ ਪ੍ਰਸੰਸਾ ਕਰਦੀ ਹੈ ਪ੍ਰੰਤੂ ਨਾਲ ਹੀ ਅਜੋਕੇ ਮਹਿੰਗੇ ਲੰਗਰਾਂ ਦਾ ਵਿਰੋਧ ਕਰਦੀ ਹੈ। ਵੇਸੇ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਹਿੰਦੀ ਹੈ। ਇਸ ਲੇਖ ਵਿਚ ਖਾਲਸਾ ਏਡ ਸੰਸਥਾ ਦੀ ਤਾਰੀਫ ਕਰਦੀ ਹੋਈ ਸਿੱਖ ਧਰਮ ਦੀਆਂ ਪਰੰਪਰਾਵਾਂ ਰਾਹੀਂ ਕੁਦਰਤੀ ਆਫਤਾਂ ਮੌਕੇ ਲੋਕਾਂ ਦੀ ਮਦਦ ਕਰਨ ਲਈ ਲਿਖਦੀ ਹੈ। ਲੰਗਰ ਸਾਂਝੀਵਾਲਤਾ ਦਾ ਸੰਦੇਸ ਦਿੰਦਾ ਹੈ ਅਤੇ ਜਾਤਪਾਤ ਦਾ ਖੰਡਨ ਕਰਦਾ ਹੈ। ਪਰਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਗੋਰਿਆਂ ਨੂੰ ਲੰਗਰ ਛਕਾਉਣ ਦੀ ਥਾਂ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਦੱਸਿਆ ਜਾਵੇ ਤਾਂ ਜੋ ਨਸਲਵਾਦ ਅਤੇ ਪਛਾਣ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ। ਇਸਤਰੀਆਂ ਨੂੰ ਗੁਰੂ ਘਰਾਂ ਵਿਚ ਚੁਗਲੀਆਂ ਅਤੇ ਰੋਮਾਂਟਿਕ ਗੱਲਾਂ ਕਰਨ ਤੋਂ ਪਰਹੇਜ ਕਰਨ ਦੀ ਤਾਕੀਦ ਕਰਦੀ ਹੈ। ਅੱਜ ਦੀ ਰਾਜਨੀਤੀ ਵਿਚ ਆ ਰਹੀ ਗਿਰਾਵਟ ਤੋਂ ਵੀ ਲੇਖਕਾ ਚਿੰਤਾਜਨਕ ਹੈ ਕਿਉਂਕਿ ਰਾਜਨੀਤੀ ਵਿਚ ਵੀ ਪਖੰਡਵਾਦ ਭਾਰੂ ਹੋ ਰਿਹਾ ਹੈ।ਸੋਨੀਆਂ ਕਿਉਂਕਿ ਖੁਦ ਕਹਿਣੀ ਤੇ ਕਰਨੀ ਵਿਚ ਵਿਸ਼ਵਾਸ਼ ਰੱਖਦੀ ਹੈ, ਇਸ ਕਰਕੇ ਸਮਾਜ ਤੋਂ ਵੀ ਉਹੀ ਤਵੱਕੋ ਰੱਖਦੀ ਹੈ। ਉਹ ਭਾਵੇਂ ਰਹਿੰਦੀ ਸਵੀਡਨ ਵਿਚ ਹੈ ਪ੍ਰੰਤੂ ਪੰਜਾਬੀ ਅਤੇ ਸਿੱਖ ਸਭਿਆਚਾਰ ਨਾਲ ਗੜੁਚ ਹੈ। ਸਿੱਖ ਧਰਮ ਵਿਚ ਆ ਰਹੀ ਗਿਰਾਵਟ ਤੋਂ ਉਹ ਅਤਿਅੰਤ ਦੁੱਖੀ ਲੱਗਦੀ ਹੈ। ਉਹ ਆਪਣੇ ਲੇਖਾਂ ਵਿਚ ਸਿੱਖ ਧਰਮ ਬਾਰੇ ਬੜੀ ਦਲੇਰੀ ਅਤੇ ਬੇਬਾਕੀ ਨਾਲ ਲਿਖਦੀ ਹੈ। ਆਮ ਤੌਰ ਤੇ ਵੇਖਣ ਨੂੰ ਉਹ ਕੋਮਲ ਕਲਾ ਦੀ ਪ੍ਰਤੀਕ ਲੱਗਦੀ ਹੈ ਪ੍ਰੰਤੂ ਗ਼ਲਤ ਕੰਮਾਂ ਦੇ ਸਖਤ ਵਿਰੁਧ ਹੈ ਜੋ ਉਸਦੇ ਲੇਖਾਂ ਵਿਚੋਂ ਸ਼ਪੱਸਟ ਹੁੰਦਾ ਹੈ। ਉਸਦੇ ਲੇਖ ਕਿਰਤ ਕਰੋ ਤੇ ਵੰਡ ਕੇ ਛੱਕੋ ਦੀ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਤੀਕ ਹਨ। ਉਸ ਅਨੁਸਾਰ ਸਿੱਖ ਸੰਗਤਾਂ ਗੁਰਬਾਣੀ ਦਾ ਪਾਠ ਤਾਂ ਕਰਦੀਆਂ ਹਨ ਪ੍ਰੰਤੂ ਉਨ੍ਹਾਂ ਦੇ ਅਰਥ ਨਹੀਂ ਜਾਣਦੀਆਂ, ਜਿਸ ਕਰਕੇ ਊਣਤਾਈਆਂ ਆ ਰਹੀਆਂ ਹਨ। ਗ੍ਰੰਥੀ, ਰਾਗੀ ਅਤੇ ਕਥਾਕਾਰ ਬਹੁਤੇ ਪੜ੍ਹੇ ਲਿਖੇ ਨਹੀਂ ਹਨ। ਡੇਰਾਵਾਦ ਪ੍ਰਫੁਲਤ ਹੋ ਰਿਹਾ ਹੈ ਕਿਉਂਕਿ ਅਖੌਤੀ ਸੰਤ ਮਹਾਤਮਾ ਬਰਸੀਆਂ ਦੇ ਸਮਾਗਮ ਕਰਕੇ ਲੋਕਾਂ ਨੂੰ ਗੁਮਰਾਹ ਕਰ ਲੈਂਦੇ ਹਨ। ਡੇਰਿਆਂ ਵਿਚ ਬਹੁਤੀਆਂ ਇਸਤਰੀਆਂ ਹੀ ਜਾਂਦੀਆਂ ਹਨ। ਜੋ ਕੁਲ ਵੱਸੋਂ ਦਾ ਅੱਧਾ ਹਿੱਸਾ ਹਨ। ਅਨਪੜ੍ਹ ਲੋਕ ਵਹਿਮਾ ਭਰਮਾ ਵਿਚ ਫਸਕੇ ਗੁਮਰਾਹ ਹੋ ਜਾਂਦੇ ਹਨ। ਗਿਆਨ ਦੀ ਰੌਸ਼ਨੀ ਤੋਂ ਅਣਜਾਣ ਹਨ। ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ। ਪ੍ਰਚਾਰਕ ਤਾਂ ਬਹੁਤ ਹਨ ਪ੍ਰੰਤੂ ਧਰਮ ਸੁੰਗੜ ਰਿਹਾ ਹੈ। ਸਿੱਖ ਧਰਮ ਵਿਚ ਵੀ ਕਟੜਵਾਦ ਭਾਰੂ ਹੋ ਰਿਹਾ ਹੈ। ਪੁਸਤਕ ਦਾ ਪਹਿਲਾ ਹੀ ਲੇਖ ਗੁਰੂ ਸਾਹਿਬ ਦੇ ਜਨਮ ਦੇ ਸਿਰਲੇਖ ਵਾਲਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੇ ਜਨਮ ਬਾਰੇ ਵੀ ਸਿੱਖਾਂ ਦੇ ਇਕਮਤ ਨਾ ਹੋਣ ਕਰਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਜਿਹੇ ਮਤਭੇਦਾਂ ਕਰਕੇ ਸਿੱਖ ਭੰਬਲਭੂਸੇ ਵਿਚ ਪਏ ਹੋਏ ਹਨ। ਦੂਜਾ ਲੇਖ ਬਾਬਾ ਨਾਨਕ ਨੂੰ ਪੜ੍ਹਨੇ ਭੇਜਣਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੀ ਬਚਪਨ ਵਿਚ ਹੀ ਸਿਆਣਪ ਦਾ ਜਿਕਰ ਕੀਤਾ ਗਿਆ ਹੈ। ਇਸ ਲੇਖ ਵਿਚ ਗੁਰੂ ਨਾਨਕ ਦੇਵ ਜੀ ਆਮ ਪੜ੍ਹਾਈ ਦੀ ਥਾਂ ਅਜਿਹੀ ਪੜ੍ਹਾਈ ਕਰਨ ਦੀ ਪੁਰਜੋਰ ਸ਼ਿਫਾਰਸ ਕਰਦੇ ਹਨ, ਜਿਸ ਨਾਲ ਗਿਆਨ ਦੀ ਪ੍ਰਾਪਤੀ ਹੋਵੇ। ਇਥੇ ਸੋਨੀਆਂ ਪੰਜਾਬ ਵਿਚਲੀ ਵਰਤਮਾਨ ਪੜ੍ਹਾਈ ਦੀ ਤੁਲਨਾ ਕਰਦੀ ਹੋਈ ਲਿਖਦੀ ਹੈ ਕਿ ਇਹ ਅਧੂਰਾ ਗਿਆਨ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਆਪਣੇ ਲੇਖ ਵਿਚ ਲਿਖਦੀ ਹੈ ਕਿ ਅਜਿਹੀ ਪੜ੍ਹਾਈ ਦਾ ਕੀ ਲਾਭ ਜਿਸ ਦੇ ਪ੍ਰਾਪਤ ਕਰਨ ਨਾਲ ਬਲਾਤਕਾਰ ਲੁੱਟ, ਖੋਹ, ਧੋਖੇ ਅਤੇ ਫਰੇਬ ਕਰਨ ਵਾਲੇ ਨੌਜਵਾਨ ਅੱਗੇ ਆਉਂਦੇ ਹਨ। ਲੋਭ, ਲਾਲਚ, ਘਰੇਲ ਹਿੰਸਾ ਅਤੇ ਖਾਦ ਪਦਾਰਥਾਂ ਵਿਚ ਮਿਲਾਵਟ ਦੇ ਵਿਰੁਧ ਵੀ ਆਵਾਜ਼ ਉਠਾਉਂਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਅਜਿਹੀਆਂ ਗੱਲਾਂ ਦੀ ਇਕੱਲੀ ਸਰਕਾਰ ਹੀ ਜ਼ਿੰਮੇਵਾਰ ਨਹੀਂ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਆਮ ਤੌਰ ਤੇ ਅਸੀਂ ਸਰਕਾਰ ਨੂੰ ਕੋਸ ਕੇ ਆਪ ਸੁਰਖੁਰੂ ਹੋ ਜਾਂਦੇ ਹਾਂ। ਟੀ ਵੀ ਅਤੇ ਫਿਲਮਾਂ ਵੀ ਜ਼ਿੰਮੇਵਾਰ ਹਨ। ਜਨੇਊ ਪਵਾਉਣ ਵਾਲੇ ਲੇਖ ਵਿਚ ਉਹ ਇਸਨੂੰ ਵੀ ਪਖੰਡਵਾਦ ਕਹਿੰਦੀ ਹੈ ਕਿਉਂਕਿ ਅਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਦਾ ਸਥਾਈ ਲਾਭ ਹੋਵੇ। ਗੁਰਦੁਆਰਾ ਸਾਹਿਬ ਵਿਚ ਧੜੇਬੰਦੀਆਂ ਕਰਕੇ ਲੜਾਈਆਂ ਹੁੰਦੀਆਂ ਹਨ ਅਤੇ ਪ੍ਰਬੰਧਕ ਗੁਰਦਵਾਰਿਆਂ ਤੇ ਕਾਬਜ਼ ਹੋਣ ਲਈ ਜਦੋਜਹਿਦ ਕਰਦੇ ਹਨ । ਇੰਜ ਸਾਡੇ ਧਾਰਮਿਕ ਅਕੀਦੇ ਵਿਚ ਘਾਟ ਦਾ ਕਾਰਨ ਕਰਕੇ ਹੁੰਦਾ ਹੈ। ਜੇਕਰ ਸਾਡਾ ਪ੍ਰਚਾਰ ਠੀਕ ਹੋਵੇ ਤਾਂ ਨੌਜਵਾਨ ਨਸ਼ਿਆਂ ਵਲ ਕਿਉਂ ਜਾਣ। ਸ਼ਰਾਧ ਕਰਨੇ, ਮੜ੍ਹੀਆਂ ਮਸਾਣਾ ਨੂੰ ਪੂਜਣਾ ਅਤੇ ਫੈਸ਼ਨਪ੍ਰਸਤ ਹੋਣਾ ਪਤਿਤਪੁਣੇ ਦੇ ਮੁੱਖ ਕਾਰਨ ਹਨ। ਕਰਮ ਕਾਂਡ ਤੋਂ ਤੌਬਾ ਲੇਖ ਵਿਚ ਹਰਿਦੁਆਰ ਵਿਖੇ ਪੰਡਤਾਂ ਵੱਲੋਂ ਸੂਰਜ ਦੇ ਨਜਦੀਕ ਆਪਣੇ ਪ੍ਰਿਤ ਲੋਕ ਲਈ ਸ਼ਰਾਧਾਂ ਮੌਕੇ ਪਾਣੀ ਦੇਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਵੱਲੋਂ ਸੂਰਜ ਵਲ ਪਿਠ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣਾ, ਉਨ੍ਹਾਂ ਨੂੰ ਬਾਦਲੀਲ ਸਮਝਾਉਣ ਲਈ ਸੀ, ਉਨ੍ਹਾਂ ਕਿਹਾ ਕਿ ਜੇ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਜਾ ਸਕਦਾ ਹੈ ਤਾਂ ਮੇਰੇ ਖੇਤ ਤਾਂ ਬਹੁਤ ਨੇੜੇ ਹਨ। ਦਲੀਲ ਨਾਲ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ। ਪੰਜਾਬ ਵਿਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਲਿਖਿਆ ਹੈ ਕਿ ਅਸੀਂ ਗ਼ਰੀਬਾਂ ਦਾ ਬਾਈਕਾਟ ਕਰਕੇ ਅਤੇ ਉਨ੍ਹਾਂ ਨੂੰ ਦਲਿਤ ਕਹਿਕੇ ਗੁਰੂ ਦੀ ਵਿਚਾਰਧਾਰਾ ਦੀ ਬੇਅਦਬੀ ਹਰ ਰੋਜ਼ ਕਰਦੇ ਹਾਂ। ਜਾਤਾਂ ਪਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਰਹੇ ਹਾਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆੜੇ ਹੱਥੀਂ ਲੈਂਦੀ ਹੋਈ ਲਿਖਦੀ ਹੈ ਕਿ ਅਜਿਹੀ ਗਿਰਾਵਟ ਦੀ ਉਹ ਜ਼ਿੰਮੇਵਾਰ ਹੈ। ਭੇਖੀਆਂ ਦਾ ਵੀ ਪਰਦਾ ਫਾਸ਼ ਕਰਦੀ ਹੈ ਕਿ ਉਹ ਕਕਾਰ ਪਹਿਨਣ ਦਾ ਵਿਖਾਵਾ ਤਾਂ ਕਰਦੇ ਹਨ ਪ੍ਰੰਤੂ ਅਸਲੀ ਜ਼ਿੰਦਗੀ ਵਿਚ ਕੋਹਾਂ ਦੂਰ ਹਨ। ਗੁਰੂ ਨਾਨਕ ਦੇਵ ਜੀ ਨਸ਼ਿਆਂ ਦੇ ਵਿਰੁਧ ਸਨ, ਇਸ ਬਾਰੇ ਇਕ ਲੇਖ ਵਿਚ ਗੁਰੂ ਜੀ ਵੱਲੋਂ ਲੋਕਾਂ ਨੂੰ ਕੀਰਤਨ ਰਾਹੀਂ ਨਸ਼ਿਆਂ ਵਿਰੁਧ ਲਾਮਬੰਦ ਕਰਨ ਦੀ ਕੋਸਿਸ਼ ਬਾਰੇ ਦੱਸਿਆ ਗਿਆ ਹੈ। ਲੋਕ ਪਾਠ ਵੀ ਕਰਾਉਂਦੇ ਹਨ ਪ੍ਰੰਤੂ ਉਸ ਤੋਂ ਬਾਅਦ ਸ਼ਰਾਬ ਅਤੇ ਮੀਟ ਦੀ ਵਰਤੋਂ ਕਰਦੇ ਹਨ। ਪੰਜਾਬ ਵਿਚ ਉਹ ਲਿਖਦੀ ਹੈ ਕਿ ਸਕੂਲਾਂ ਨਾਲੋਂ ਸ਼ਰਾਬ ਦੇ ਠੇਕੇ ਜ਼ਿਆਦਾ ਹਨ। ਸਰਕਾਰਾਂ ਆਪ ਆਪਣੀ ਆਮਦਨ ਵਧਾਉਣ ਲਈ ਨਸ਼ੇ ਵੇਚ ਰਹੀਆਂ ਹਨ। ਕੁਝ ਗਾਇਕ ਅਤੇ ਗੀਤਕਾਰ ਸਭਿਆਚਾਰਕ ਨਸ਼ੇ ਵੇਚ ਰਹੇ ਹਨ। ਸੋਨੀਆਂ ਅਨੁਸਾਰ ਸਭ ਤੋਂ ਲਾਭਦਾਇਕ ਨਸ਼ਾ ਪਰਮਾਤਮਾ ਦੇ ਨਾਮ ਦਾ ਹੈ, ਜੇ ਨਸ਼ਾ ਕਰਨਾ ਹੀ ਹੈ ਤਾਂ ਨਾਮ ਸਿਮਰਨ ਕੀਤਾ ਜਾਵੇ। ਉਹ ਇਕ ਲੇਖ ਵਿਚ ਇਹ ਵੀ ਲਿਖਦੀ ਹੈ ਕਿ ਪਾਪ ਦੀ ਝੂਠ ਬੋਲਕੇ ਕੀਤੀ ਕਮਾਈ ਨਹੀਂ ਕਰਨੀ ਚਾਹੀਦੀ। ਧਾਰਮਿਕ ਵਿਅਕਤੀਆਂ ਨੇ ਧਰਮ ਦੇ ਨਾਂ ਤੇ ਝੂਠ ਦੀਆਂ ਦੁਕਾਨਾ ਖੋਲ੍ਹੀਆਂ ਹੋਈਆਂ ਹਨ। ਰੱਬ ਇਕ ਅਤੇ ਹਰ ਥਾਂ ਮੌਜੂਦ ਹੈ, ਬਾਰੇ ਆਪਣੇ ਲੇਖ ਵਿਚ ਲੇਖਕਾ ਨੇ ਦੱਸਿਆ ਹੈ ਕਿ ਮੱਕੇ ਵਿਚ ਜਦੋਂ ਗੁਰੂ ਜੀ ਕਾਬੇ ਵੱਲ ਲੱਤਾਂ ਕਰਕੇ ਸੁੱਤੇ ਸੀ ਤਾਂ ਕਾਜੀ ਨੇ ਇਤਰਾਜ ਕੀਤਾ ਕਿ ਤੁਸੀਂ ਰੱਬ ਦੇ ਘਰ ਵਲ ਪੈਰ ਕੀਤੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਜਿੱਧਰ ਰੱਬ ਨਹੀਂ ਦੱਸੋ ਮੈਂ ਉਧਰ ਪੈਰ ਕਰ ਲੈਂਦਾ ਹਾਂ। ਕਾਜੀ ਨੂੰ ਮੰਨਣਾ ਪਿਆ ਕਿ ਰੱਬ ਹਰ ਥਾਂ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਆਦਮੀ ਦੇ ਬਾਰਬਰ ਰੁਤਬਾ ਦਿੱਤਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਭਰੂਣ ਹੱਤਿਆਵਾਂ ਕਰਕੇ ਇਹ ਦਰ ਘਟ ਗਈ ਹੈ। ਜਦੋਂ ਕਿ ਇਸਤਰੀ ਤੋਂ ਬਿਨਾਂ ਸੰਸਾਰ ਦੀ ਉਤਪਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੰਸਾਰ ਵਿਚ ਪੈਸੇ ਦੀ ਹੋੜ ਲੱਗੀ ਹੋਈ ਹੈ।
ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਮੁੱਖ ਤੌਰ ਸਿੱਖਾਂ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਆਮ ਲੋਕਾਂ ਅਤੇ ਧਾਰਮਿਕ ਪ੍ਰਚਾਰਕਾਂ ਦੀ ਅਣਪੜ੍ਹਤਾ ਕਰਕੇ ਧਾਰਮਿਕ ਕੁਰੀਤੀਆਂ ਵੱਧ ਰਹੀਆਂ ਹਨ। ਇਸ ਕੰਮ ਵਿਚ ਪੁਰਤਨ ਵਿਚਾਰ ਅਤੇ ਵਹਿਮਾਂ ਭਰਮਾਂ ਦਾ ਮੁੱਖ ਯੋਗਦਾਨ ਹੈ। ਜਿਸ ਕਾਰਨ ਕਰਕੇ ਲੋਕ ਧਰਮ ਦੇ ਠੇਕਦਾਰਾਂ ਦੇ ਟੇਟੇ ਚੜ੍ਹਕੇ ਡੇਰਿਆਂ, ਅਖੌਤੀ ਸੰਤਾਂ ਅਤੇ ਮੜ੍ਹੀ ਮਸਾਣਾਂ ਦੀ ਪੂਜਾ ਕਰਨ ਵਲ ਪ੍ਰੇਰਿਤ ਹੋ ਰਹੇ ਹਨ। ਇਸਤਰੀਆਂ ਨੂੰ ਡੇਰਿਆਂ ਵਲ ਪ੍ਰੇਰਤ ਹੋਣ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ।
\