ਸਿਹਤ ਮਾਹਿਰਾਂ ਅਨੁਸਾਰ ਮਨੁੱਖੀ ਸਰੀਰ ਲਈ ਅੱਠ ਘੰਟੇ ਨੀਂਦ ਜ਼ਰੂਰੀ ਹੈ ਪਰ ਬੱਚਿਆਂ ਨੂੰ ਛੱਡ ਕੇ ਵਿਰਲੇ ਭਾਗਾਂ ਵਾਲੇ ਹੀ ਹੋਣਗੇ ਜੋ ਰੱਜਵੀਂ ਜਾਂ ਪੂਰੀ ਨੀਂਦ ਲੈਂਦੇ ਹੋਣਗੇ।ਕਿਸੇ ਦੀ ਸਵੇਰ ਦੀ ਉਡੀਕ ਕਰਦੇ ਦੀ ਚਾਅ ਚ ਅੱਖ ਨਹੀਂ ਲੱਗਦੀ ਤੇ ਬਹੁਤੇ ਕਿਸੇ ਡਰ ਜਾਂ ਦੁੱਖ ਕਰਕੇ ਸਵੇਰ ਹੋਣ ਦੇ ਡਰੋਂ ਇਹ ਰਾਤ ਕਦੇ ਨਾ ਮੁੱਕਣ ਦੀ ਲੋਚਦੇ ਰਹਿੰਦੇ ਹਨ।ਕਦੇ ਕਦਾਈਂ ਚਾਅ ਚ ਅੱਖ ਨਾ ਲੱਗਣਾ ਤਾਂ ਵਿਲੱਖਣ ਆਨੰਦ ਬਖਸ਼ਦੀ ਹੈ ਪਰੰਤੂ ਜੋ ਨੀਂਦ ਨੂੰ ਚਿੰਤਾ ਰੂਪੀ ਕਾਲ ਡੰਗਦਾ ਹੈ, ਉਹ ਨੁਕਸਾਨਦੇਹ ਹੈ। ਜਿਆਦਾਤਰ ਲੋਕ ਵੱਖੋ ਵੱਖਰੇ ਫ਼ਿਕਰਾਂ, ਸੰਸਿਆਂ ਦੇ ਮਾਰੇ ਚੈਨ ਦੀ ਨੀਂਦ ਤੋਂ ਵਾਂਝੇ ਰਹਿ ਰਹੇ ਹਨ ਅਤੇ ਇਹ ਸੰਸੇ ਸਾਡੀ ਜੀਵਨਸ਼ੈਲੀ ਪ੍ਰਤੀ ਗੈਰ ਸੰਵੇਦਨਸ਼ੀਲਤਾ ਦੇ ਸਿੱਟੇ ਹਨ ਜਿਨ੍ਹਾਂ ਨੂੰ ਠੁਕਰਾਇਆ ਨਹੀਂ ਜਾ ਸਕਦਾ।
ਇਹ ਦੁਖਾਂਤ ਹੈ ਕਿ ਹਰ ਕੋਈ ਇੱਕੋ ਸਾਹੇ ਪੈਸੇ ਪਿੱਛੇ ਭੱਜ ਰਿਹਾ ਹੈ ਅਤੇ ਪੈਸੇ ਦੀ ਲਾਲਸਾ ਘੱਟਣ ਜਾਂ ਸਥਿਰ ਹੋਣ ਦੀ ਬਜਾਏ ਦੁੱਗਣੀ-ਚੌਗੁਣੀ ਰਫ਼ਤਾਰ ਨਾਲ ਵੱਧ ਰਹੀ ਹੈ।ਸੰਸਾਰ ਵਿੱਚ ਵਿਚਰਣ ਲਈ ਪੈਸੇ ਦੀ ਆਪਣੀ ਮਹੱਤਤਾ ਹੈ, ਪਰੰਤੂ ਪੈਸਾ ਹੀ ਸਭ ਕੁਝ ਨਹੀਂ ਅਤੇ ਪੈਸਾ ਸਭ ਕੁਝ ਨਹੀਂ ਖਰੀਦ ਸਕਦਾ। ਕਿੱਕਰਾਂ ਦੇ ਬੀਜ ਬੋਅ ਕੇ ਕਦੇ ਗੁਲਾਬ ਦੇ ਫੁੱਲਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਸੋ ਠੱਗੀਆਂ ਠੋਰੀਆਂ ਮਾਰ ਕੇ ਕਮਾਇਆ ਪੈਸਾ ਤਾਂ ਉਂਝ ਹੀ ਰਾਤਾਂ ਦੀ ਨੀਂਦ ਲੈ ਬਹਿੰਦਾ ਹੈ। ਸੰਸਾਰ ਦਾ ਯਥਾਰਥ ਹੈ ਕਿ ਝੁੱਗੀਆਂ ਵਾਲੇ ਤਾਂ ਆਰਾਮ ਨਾਲ ਸੌਂ ਜਾਂਦੇ ਹਨ ਜਦਕਿ ਮਹਿਲਾਂ ਵਾਲਿਆਂ ਨੂੰ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਵੇਖਿਆ ਗਿਆ ਹੈ।
ਮਜ਼ਦੂਰ ਦੇ ਪਸੀਨੇ ਦੀ ਮਹਿਕ ਉਸਨੂੰ ਆਤਮਿਕ ਸੰਤੁਸ਼ਟੀ ਨਾਲ ਗੂੜੀ ਨੀਂਦ ਬਖਸ਼ਦੀ ਹੈ। ਸਾਦਾ ਜੀਵਨ ਬਤੀਤ ਕਰਨ ਵਾਲੇ ਜ਼ਿੰਦਗੀ ਪ੍ਰਤੀ ਜਿਆਦਾ ਆਸਵੰਦ ਨਜ਼ਰੀਆ ਰੱਖਦੇ ਹਨ ਅਤੇ ਚੈਨ ਦੀ ਨੀਂਦ ਉਹਨਾਂ ਨੂੰ ਆਪਣੇ ਕਲਾਵੇਂ ਵਿੱਚ ਲੈਂਦੀ ਹੈ।ਨੇਕ ਕਮਾਈ ਕਰਨ ਵਾਲੇ, ਆਪਣੀ ਚਾਦਰ ਵੇਖ ਕੇ ਪੈਰ ਪਸਾਰਣ ਅਤੇ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦੇ ਮੱਥਿਆਂ ਤੇ ਚਮਕ ਆਪ ਮੁਹਾਰੇ ਚਮਕਦੀ ਹੈ ਜੋ ਉਹਨਾਂ ਦੀ ਸੁਖਾਵੀਂ ਨੀਂਦ ਦੀ ਪੁਸ਼ਟੀ ਕਰਦੀ ਹੈ। ਜ਼ਰੂਰੀ ਨਹੀਂ ਨੀਂਦ ਪਲੰਘਾਂ ਤੇ ਹੀ ਆਵੇ, ਇਹ ਭੁੰਝੇ ਵੀ ਸੁਰਗ ਦਾ ਝੂਟਾ ਦੇ ਸਕਦੀ ਹੈ ਤੇ ਪਲੰਗਾਂ ਤੇ ਵੀ ਕੰਢਿਆਂ ਦੀ ਸੇਜ ਵਿਛਾ ਸਕਦੀ ਹੈ, ਨਿਰਭਰ ਕਰਦਾ ਹੈ ਨੀਂਦ ਦੇ ਕਿਰਦਾਰ ਤੇ।
ਮਨੁੱਖੀ ਜੂਨ ਉੱਤਮਤਾ ਦਾ ਸਿਖ਼ਰ ਹੈ ਅਤੇ ਮਨੁੱਖਾਂ ਲਈ ਸੁਖਾਵੀਂ ਨੀਂਦ ਇੱਕ ਸੁਖਮਈ ਅਹਿਸਾਸ। ਜਿਸ ਨੂੰ ਸੁਖਾਵੀਂ ਨੀਂਦ ਨਹੀਂ ਆਉਂਦੀ, ਉਹ ਆਪਣੇ ਆਪ ਵਿੱਚ ਨਰਕ ਭੋਗ ਰਿਹਾ ਹੈ, ਚਾਹੇ ਦੁਨੀਆਂ ਤੇ ਉਸਦਾ ਡੰਕਾ ਕਿਉਂ ਨਾ ਵੱਜ ਰਿਹਾ ਹੋਵੇ।
ਸੁਖਾਵੀਂ ਨੀਂਦ ਦਾ ਅਸਲ ਮੂਲ ਮੰਤਰ ਸਮੇਂ ਦੀ ਵੰਨਗੀ ਵਿੱਚ ਮਸਤ ਰਹਿਣਾ ਹੈ ਅਤੇ ਇਸ ਯਥਾਰਥ ਨੂੰ ਮਨ ਦੀ ਫੱਟੀ ਤੇ ਲਿਖਣਾ ਕਿ ਜੇ ਸਦਾ ਚੰਗਾ ਸਮਾਂ ਨਹੀਂ ਰਹਿੰਦਾ ਤਾਂ ਕਦੇ ਸਦਾ ਮਾੜਾ ਸਮਾਂ ਵੀ ਨਹੀਂ ਰਹਿਣਾ। ਸੁਖਾਵੀਂ ਨੀਂਦ ਲਈ ਜ਼ਰੂਰੀ ਹੈ ਕਿ ਫਿਕਰਾਂ ਸੰਸਿਆਂ ਨੂੰ ਨਜਿੱਠਣ ਲਈ ਜੀਵਨਸ਼ੈਲੀ ਨੂੰ ਸਰਲ ਬਣਾਇਆ ਜਾਵੇ, ਸੁਭਾਅ ਵਿੱਚ ਨਿਮਰਤਾ, ਮਾਫ਼ ਕਰਨ ਅਤੇ ਅੱਗੇ ਵਧਣ ਦੀ ਆਦਤ ਦਾ ਸ਼ੁਮਾਰ ਹੋਵੇ।