‘ਮੀ ਟੂ’ ਦੋ ਧਾਰੀ ਤਲਵਾਰ ਹੈ। ਜੇਕਰ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਸਤਰੀ ਲਈ ਵਰਦਾਨ ਸਾਬਤ ਹੋਵੇਗੀ ਪ੍ਰੰਤੂ ਜੇਕਰ ਇਸਦਾ ਗ਼ਲਤ ਇਸਤੇਮਾਲ ਹੋ ਗਿਆ ਤਾਂ ਆਦਮੀ ਲਈ ਇਸਤੋਂ ਵੱਧ ਕੋਈ ਹਥਿਆਰ ਖ਼ਤਰਨਾਕ ਨਹੀਂ ਹੋ ਸਕਦਾ। ਇਹ ਇੱਜ਼ਤ ਦਾ ਪਹਿਰੇਦਾਰ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਸਾਬਤ ਹੋ ਸਕਦਾ ਹੈ। ਮੀ ਟੂ ਇਸਤਰੀਆਂ ਦੇ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦਾ ਹੈ। ਇਹ ਅੱਜ ਕਲ੍ਹ ਖੁੰਡ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਜੁਗਾਂ ਜੁਗਾਂਤਰ੍ਹਾਂ ਜਦੋਂ ਤੋਂ ਸ਼੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸਤਰੀਆਂ ਦਾ ਮਾਨਸਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ।
ਮੀ ਟੂ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਪ੍ਰਗਟਾਉਣ ਲਈ ਦਿੱਤਾ ਗਿਆ ਨਾਂ ਹੈ। ਇਸਦੀ ਪਹਿਲੀ ਵਾਰ ਵਰਤੋਂ 2006 ਵਿਚ ਅਮਰੀਕਾ ਦੀ ਸਮਾਜ ਸੇਵਿਕਾ ਨੇ ਕੀਤੀ ਸੀ। 2017 ਵਿਚ ਅਮਰੀਕਾ ਦੀ ਇੱਕ ਫਿਲਮ ਐਕਟਰੈਸ ਨੇ ਇੱਕ ਫਿਲਮ ਡਾਇਰੈਕਟਰ ਵੱਲੋਂ ਉਸ ਨਾਲ ਮਾੜਾ ਵਿਵਹਾਰ ਕਰਨ ਲਈ ਮੀ ਟੂ ਸ਼ਬਦ ਦੀ ਵਰਤੋਂ ਕੀਤੀ ਸੀ। ਭਾਰਤ ਵਿਚ ਵੀ ਇੱਕ ਐਕਟਰੈਸ ਤਨੂ ਸ਼੍ਰੀ ਦੱਤਾ ਨੇ 2008 ਵਿਚ ਨਾਨਾ ਪਾਟੇਕਰ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਨੂੰ ਗ਼ਲਤ ਢੰਗ ਨਾਲ ਛੂਹਣ ਕਰਕੇ 10 ਸਾਲ ਬਾਅਦ ਥੋੜ੍ਹੇ ਦਿਨ ਪਹਿਲਾਂ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਤਾਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਵਿਅਕਤੀ ਉਪਰ ਇਲਜ਼ਾਮ ਲੱਗਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ। ਅੱਜ ਤੱਕ ਦਸ ਮਹੱਤਵਪੂਰਨ ਵਿਅਕਤੀਆਂ ਉਪਰ ਫਿਲਮ ਅਭੀਨੇਤਰੀਆਂ, ਮਾਡਲਾਂ ਅਤੇ ਪੱਤਰਕਾਰਾਂ ਨੇ ਮੀ ਟੂ ਰਾਹੀਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਦਿੱਤੇ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪੈ ਗਏ ਹਨ। ਪੰਜਾਬ ਦੇ ਇਕ ਮੰਤਰੀ ਉਪਰ ਮੀ ਟੂ ਦੀ ਤਲਵਾਰ ਲਟਕ ਰਹੀ ਹੈ। ਜੇ ਇਹ ਸਿਲਸਿਲਾ ਏਸੇ ਤਰ੍ਹਾਂ ਚਲਦਾ ਰਿਹਾ ਤਾਂ ਬਹੁਤ ਸਾਰੇ ਧਮਾਕੇ ਪੈਣ ਦੀ ਉਮੀਦ ਹੈ ਕਿਉਂਕਿ ਬਿਨਾਂ ਸਬੂਤਾਂ ਦੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਵੱਡੇ ਵਿਅਕਤੀਆਂ ਦੀ ਖ਼ੈਰ ਨਹੀਂ। ਉਨ੍ਹਾਂ ਨੂੰ ਕਿਸੇ ਵੀ ਸਮੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਉਪਰ ਲਗਪਗ 20 ਇਸਤਰੀਆਂ ਨੇ ਮੀ ਟੂ ਰਾਹੀਂ ਇਲਜ਼ਾਮ ਲਗਾਏ ਹਨ, ਜਿਸ ਕਰਕੇ ਉਸਨੂੰ ਅਸਤੀਫਾ ਦੇਣਾ ਪਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮਾ ਦੀ ਭਰੋਸੇਯੋਗਤਾ ਤੇ ਕਿਥੋਂ ਤੱਕ ਯਕੀਨ ਕੀਤਾ ਜਾ ਸਕਦਾ ਹੈ? ਇਹ ਤਾਂ ਗੱਲ ਪੱਕੀ ਹੈ ਕਿ ਭਵਿਖ ਵਿਚ ਇਸਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਲੋਕਾਂ ਵਿਚ ਡਰ ਪੈਦਾ ਹੋ ਜਾਵੇਗਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਕਦੀਂ ਵੀ ਭਾਂਡਾ ਫੋਟਿਆ ਜਾ ਸਕਦਾ ਹੈ। ਵਕਤੀ ਤੌਰ ਤੇ ਤਾਂ ਪ੍ਰਭਾਵਸ਼ਾਲੀ ਵਿਅਕਤੀ ਆਪਣਾ ਅਸਰ ਰਸੂਖ਼ ਵਰਤਕੇ ਇਸਤਰੀਆਂ ਲੜਕੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਸਨ ਪ੍ਰੰਤੂ ਹੁਣ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੜਕੀਆਂ ਦੇ ਪੜ੍ਹ ਲਿਖ ਜਾਣ ਨਾਲ ਜਾਗ੍ਰਤੀ ਆ ਗਈ ਹੈ।
ਦਫਤਰਾਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਸਭ ਤੋਂ ਵੱਧ ਇਸ ਪੀੜਾ ਦਾ ਸੇਕ ਹੰਢਾ ਰਹੀਆਂ ਹਨ। ਕਾਨੂੰਨੀ ਨੁਕਤੇ ਤੋਂ ਵੀ ਵੇਖਣਾ ਪਵੇਗਾ, ਨਿਰਾ ਅਖ਼ਬਾਰਾਂ ਵਿਚ ਬਿਆਨ ਦੇਣ, ਟਵੀਟ ਕਰਨ ਜਾਂ ਸ਼ੋਸ਼ਲ ਮੀਡੀਆ ਤੇ ਪਾਉਣ ਨਾਲ ਤਾਂ ਨਹੀਂ ਸਰਨਾ। ਕੋਈ ਸਬੂਤ ਦੇਣੇ ਪੈਣਗੇ। ਜਦੋਂ ਕੋਈ ਵੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸਦੀ ਐਫ ਆਈ ਆਰ ਪਹਿਲਾਂ ਦਰਜ ਹੁੰਦੀ ਹੈ। ਫਿਰ ਉਸਦੀ ਪੜਤਾਲ ਕਰਕੇ ਚਲਾਣ ਪੇਸ਼ ਕੀਤਾ ਜਾਂਦਾ ਹੈ। ਅੰਤਮ ਫੈਸਲਾ ਕਚਹਿਰੀ ਦੇ ਹੱਥ ਹੁੰਦਾ ਹੈ। ਚਲਾਣ ਪੇਸ਼ ਕਰਨ ਲਈ ਸਬੂਤਾਂ ਦੀ ਲੋੜ ਹੁੰਦੀ ਹੈ। ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿਚ ਇਸਤਰੀਆਂ / ਲੜਕੀਆਂ ਅਜਿਹੀਆਂ ਹਰਕਤਾਂ ਬਾਰੇ ਸਾਹਮਣੇ ਆਉਣ ਲਈ ਤਿਆਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਤਾਂ ਬਦਨਾਮੀ ਦੇ ਡਰ ਕਰਕੇ ਉਹ ਆਪਣੇ ਉਪਰ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਬੋਲਦੀਆਂ ਹੀ ਨਹੀਂ ਸਨ। ਇੰਜ ਵੀ ਸ਼ਹਿਰੀ ਖੇਤਰਾਂ ਦੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਹੀ ਦੱਸ ਰਹੀਆਂ ਹਨ। ਜੁਗਾਂ ਜੁਗਾਂਤਰਾਂ ਤੋਂ ਇਸਤਰੀਆਂ ਨਾਲ ਅਨਿਆਂ ਹੁੰਦਾ ਆ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਸਤਰੀਆਂ ਦੇ ਹੱਕ ਵਿਚ ਬੋਲਣਾ ਪਿਆ ਸੀ ਕਿਉਂਕਿ ਸਾਡੇ ਸਮਾਜ ਵਿਚ ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਰਿਹਾ ਹੈ। ਅਜੇ ਤੱਕ ਵੀ ਇਸਤਰੀਆਂ ਨੂੰ ਕਈ ਧਾਰਮਿਕ ਸਥਾਨਾ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ। ਲੜਕੀਆਂ ਦੀ ਪੜ੍ਹਾਈ ਦਾ ਨਤੀਜਾ ਹੈ ਕਿ ਉਹ ਦਲੇਰ ਹੋ ਗਈਆਂ ਹਨ। ਬਰਾਬਰ ਦੇ ਹੱਕ ਲੈਣ ਲਈ ਇਸਤਰੀਆਂ ਦੀ ਦਲੇਰੀ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਵੀ ਵੇਖਣਾ ਪਵੇਗਾ ਕਿ ਇਸ ਦਲੇਰੀ ਅਤੇ ਅਜ਼ਾਦੀ ਨੂੰ ਨਜ਼ਾਇਜ ਨਾ ਵਰਤਿਆ ਜਾਵੇ।
ਇਹ ਮੀ ਟੂ ਦਾ ਪ੍ਰਭਾਵ ਬਹੁਤਾ ਉਚ ਅਹੁਦਿਆਂ ਉਪਰ ਬੈਠੇ ਲੋਕਾਂ ਤੇ ਪਵੇਗਾ ਕਿਉਂਕਿ ਅਜੇਹੇ ਇਲਜ਼ਾਮ ਲੱਗਣ ਤੇ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਦੇ ਅਕਸ ‘ਤੇ ਪ੍ਰਭਾਵ ਪੈਂਦਾ ਹੈ। ਸਿਆਸੀ ਲੋਕ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਆਪਣੇ ਸਿਆਸੀ ਵਿਰੋਧੀਆਂ ਨਾਲ ਆਪਣੀਆਂ ਦੁਸ਼ਮਣੀਆਂ ਵੀ ਕੱਢਕੇ ਸਿਆਸੀ ਰੋਟੀਆਂ ਸੇਕਣਗੇ। ਪਿਛੇ ਜਹੇ ਅਕਾਲੀ ਦਲ ਦੇ ਇਕ ਮਾਝੇ ਦੇ ਨੇਤਾ ਉਪਰ ਦੋਸ਼ ਲੱਗੇ ਸਨ, ਉਸਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਪ੍ਰੰਤੂ ਦੋਸ਼ ਲਾਉਣ ਵਾਲੀ ਇਸਤਰੀ ਕਚਹਿਰੀ ਵਿਚ ਬਿਆਨ ਦੇਣ ਸਮੇਂ ਮੁਕਰ ਗਈ। ਭਾਵੇਂ ਉਹ ਕੇਸ ਵਿਚੋਂ ਬਰੀ ਹੋ ਗਿਆ ਪ੍ਰੰਤੂ ਜਿਹੜੀ ਬਦਨਾਮੀ ਉਸਦੀ ਅਤੇ ਉਸ ਔਰਤ ਦੀ ਹੋ ਗਈ, ਉਸਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਕਿ ਇਲਜ਼ਾਮ ਲਾਉਣ ਵਾਲਾ ਜੇਕਰ ਆਪਣੇ ਬਿਆਨਾ ਤੋਂ ਮੁਕਰੇ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ। ਜੇਕਰ ਇਲਜ਼ਾਮ ਝੂਠੇ ਸਾਬਤ ਹੋ ਜਾਣ ਤਾਂ ਵੀ ਸਜਾ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਸ਼ਹਿਰਾਂ ਦੀਆਂ ਇਸਤਰੀਆਂ ਦੇ ਅੱਗੇ ਆਉਣ ਨਾਲ ਪਿੰਡਾਂ ਦੀਆਂ ਇਸਤਰੀਆਂ ਨੂੰ ਵੀ ਆਪਣੇ ਉਪਰ ਹੋ ਰਹੀਆਂ ਅਜਿਹੀਆਂ ਹਰਕਤਾਂ ਦਾ ਪਰਦਾ ਫਾਸ਼ ਕਰਨ ਦਾ ਉਤਸ਼ਾਹ ਮਿਲੇਗਾ ਕਿਉਂਕਿ ਸਭ ਨਾਲੋਂ ਜ਼ਿਆਦਾ ਉਹੀ ਜ਼ੁਲਮ ਭੁਗਤ ਰਹੀਆਂ ਹਨ। ਸਾਡੇ ਸਮਾਜ ਵਿਚ ਬਦਨਾਮੀ ਇਸਤਰੀ ਦੇ ਗਲ ਮੜ੍ਹੀ ਜਾਂਦੀ ਹੈ। ਆਦਮੀ ਭਾਵੇਂ ਕਿਤਨਾ ਵੀ ਗ਼ਲਤ ਕੰਮ ਕਰ ਲਵੇ, ਉਸਨੂੰ ਗ਼ਲਤ ਨਹੀਂ ਸਮਝਿਆ ਜਾਂਦਾ। ਹਾਲਾਂ ਕਿ ਕਸੂਰ ਦੋਹਾਂ ਦਾ ਬਰਾਬਰ ਹੁੰਦਾ ਹੈ। ਮੀ ਟੂ ਅਧੀਨ ਪ੍ਰਗਟਾਵਾ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਹੀ ਕਰ ਰਹੀਆਂ ਹਨ। ਸਰਕਾਰੀ ਖੇਤਰ ਵਿਚੋਂ ਵੀ ਅਜਿਹੇ ਕੇਸ ਆਉਣਗੇ। ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ਬੱਝੀ ਹੈ। ਇਸਦਾ ਕੰਮ ਕਾਰ ਤੇ ਵੀ ਅਸਰ ਪਵੇਗਾ ਕਿਉਂਕਿ ਇਥੇ ਵੀ ਡਰ ਅਧੀਨ ਲੜਕੀਆਂ ਨੂੰ ਕੰਮ ਕਾਰ ਲਈ ਕਹਿਣ ਤੋਂ ਵੀ ਝਿਜਕ ਰਹੇਗੀ। ਅਜੇ ਘਰਾਂ ਵਿਚ ਲੜਕੀਆਂ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਉਸ ਬਾਰੇ ਨਿਖਰਕੇ ਕੋਈ ਲੜਕੀ ਅੱਗੇ ਨਹੀਂ ਆਈ।
ਸਭ ਤੋਂ ਜ਼ਿਆਦਾ ਸ਼ੋਸ਼ਣ ਤਾਂ ਘਰਾਂ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੋ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰਕਾਰਤਾ ਅਜਿਹਾ ਖੇਤਰ ਹੈ, ਜਿਸਨੇ ਕਿਸੇ ਕਿਸਮ ਦੇ ਵੀ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਨਾ ਹੁੰਦਾ ਹੈ, ਉਸ ਵਿਚ ਹੀ ਸੀਨੀਅਰ ਪੱਤਰਕਾਰਾਂ ਬਾਰੇ ਸਨਸਨੀਖੇਜ ਖੁਲਾਸੇ ਹੋਏ ਹਨ, ਜੇਕਰ ਉਹ ਦੋਸ਼ ਸੱਚੇ ਹਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ। ਵੱਡੀ ਉਮਰ ਦੇ ਵਿਅਕਤੀਆਂ ਵੱਲੋਂ ਸ਼ੋਸ਼ਣ ਬਾਰੇ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਕੁਝ ਵੀ ਹੋਵੇ ਹਰ ਗੱਲ ਦੇ ਲਾਭ ਤੇ ਹਾਨੀ ਦੇ ਦੋਵੇਂ ਪਹਿਲੂ ਹੁੰਦੇ ਹਨ। ਮੀ ਟੂ ਦਾ ਜਿਥੇ ਸਭ ਤੋਂ ਵੱਧ ਲਾਭ ਇਸਤਰੀਆਂ/ ਲੜਕੀਆਂ ਨੂੰ ਹੋਵੇਗਾ, ਉਥੇ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਬਿਨਾ ਤੱਥਾਂ ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਕਾਨੂੰਨੀ ਪੱਖ ਤਾਂ ਅਜੇ ਸ਼ਪੱਸਟ ਨਹੀਂ ਹੋਇਆ ਪ੍ਰੰਤੂ ਇਸਤਰੀਆਂ/ ਲੜਕੀਆਂ ਲਈ ਚੰਗਾ ਸਮਾਂ ਆਉਣ ਦੇ ਸੰਕੇਤ ਸਾਹਮਣੇ ਆ ਗਏ ਹਨ। ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ