ਨਵੀਂ ਦਿੱਲੀ – ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ਦੀ “ ਤਬਾਹੀ ਵਾਲੇ ਇਸ ਕਦਮ ਦਾ ਅਸਰ ਹੁਣ ਸਪੱਸ਼ਟ ਹੋ ਚੁੱਕਿਆ ਹੈ ਅਤੇ ਇਸਦੇ ਜਖਮ ਡੂੰਘੇ ਹੁੰਦੇ ਜਾ ਰਹੇ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਅਜਿਹਾ ਕੋਈ ਵੀ ਆਰਥਿਕ ਕਦਮ ਨਹੀਂ ਉਠਾਉਣਾ ਚਾਹੀਦਾ ਜਿਸ ਨਾਲ ਅਰਥਵਿਵਸਥਾ ਦੇ ਖੇਤਰ ਵਿੱਚ ਅਨਿਸ਼ਚਤਾ ਦੀ ਸਥਿਤੀ ਪੈਦਾ ਹੋਵੇ।
ਡਾ. ਮਨਮੋਹਨ ਸਿੰਘ ਨੇ ਕਿਹਾ, ‘ਨਰੇਂਦਰ ਮੋਦੀ ਸਰਕਾਰ ਨੇ 2016 ਵਿੱਚ ਦੋਸ਼ਪੂਰਣ ਢੰਗ ਨਾਲ ਅਤੇ ਸਹੀ ਤਰੀਕੇ ਨਾਲ ਸੋਚਵਿਚਾਰ ਕੀਤੇ ਬਿਨਾਂ ਹੀ ਨੋਟਬੰਦੀ ਦਾ ਕਦਮ ਉਠਾਇਆ ਸੀ। ਅੱਜ ਉਸ ਦੇ 2 ਸਾਲ ਪੂਰੇ ਹੋ ਗਏ ਹਨ। ਨੋਟਬੰਦੀ ਨਾਲ ਭਾਰਤੀ ਅਰਥਵਿਵਸਥਾ ਤੇ ਜੋ ਕਹਿਰ ਵਰਤਿਆ, ਉਹ ਸੱਭ ਦੇ ਸਾਹਮਣੇ ਹੈ। ਨੋਟਬੰਦੀ ਨੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ, ਭਾਂਵੇ ਉਹ ਕਿਸੇ ਵੀ ਧਰਮ, ਜਾਤ, ਪੇਸ਼ੇ ਜਾਂ ਸੰਪਰਦਾਏ ਨਾਲ ਹੋਵੇ। ਸਾਬਕਾ ਪੀਐਮ ਨੇ ਕਿਹਾ, ‘ ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਸਾਰੇ ਜਖਮਾਂ ਨੂੰ ਭਰ ਦਿੰਦਾ ਹੈ ਪਰ ਨੋਟਬੰਦੀ ਦੇ ਜਖਮ ਦਿਨ-ਬਦਿਨ ਹੋਰ ਵੀ ਡੂੰਘੇ ਹੁੰਦੇ ਜਾ ਰਹੇ ਹਨ।’ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਮੱਧਵਰਗੀ ਅਤੇ ਛੋਟੇ ਕਾਰੋਬਾਰ ਹੁਣ ਵੀ ਨੋਟਬੰਦੀ ਦੀ ਮਾਰ ਤੋਂ ਉਭਰ ਨਹੀ ਸਕੇ।
ਉਨ੍ਹਾਂ ਨੇ ਕਿਹਾ, ‘ ਨੋਟਬੰਦੀ ਨਾਲ ਜੀਡੀਪੀ ਵਿੱਚ ਜੋ ਗਿਰਾਵਟ ਆਈ, ਉਸ ਦੇ ਹੋਰ ਵੀ ਪ੍ਰਭਾਵ ਵੇਖੇ ਜਾ ਰਹੇ ਹਨ। ਛੋਟੇ ਅਤੇ ਮਿਡਲ ਕਲਾਸ ਕਾਰੋਬਾਰ ਭਾਰਤੀ ਅਰਥਵਿਵਸਥਾ ਦੀ ਰੀਢ ਹਨ ਜਿਸ ਨੂੰ ਨੋਟਬੰਦੀ ਨੇ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਹੈ। ਅਰਥਵਿਵਸਥਾ ਲਗਾਤਾਰ ਜੂਝਦੀ ਵਿਖਾਈ ਦੇ ਰਹੀ ਹੈ ਜਿਸ ਦਾ ਬੁਰਾ ਪ੍ਰਭਾਵ ਰੁਜ਼ਗਾਰ ਤੇ ਪੈ ਰਿਹਾ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਬੁਨਿਆਦੀ ਢਾਂਚੇ ਦੇ ਲਈ ਦਿੱਤੇ ਜਾਣ ਵਾਲੇ ਕਰਜ਼ੇ ਅਤੇ ਬੈਂਕਾਂ ਦੀਆਂ ਗੈਰ-ਵਿੱਤੀ ਸੇਵਾਵਾਂ ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ ਹੈ।’
ਸਾਬਕਾ ਪ੍ਰਧਾਨੰਤਰੀ ਨੇ ਕਿਹਾ ਕਿ ਨੋਟਬੰਦੀ ਦੇ ਕਰਕੇ ਰੁਪੈ ਦਾ ਪੱਧਰ ਡਿੱਗਿਆ ਹੈ ਜਿਸ ਨਾਲ ਆਰਥਿਕ ਅੰਕੜੇ ਵੀ ਪ੍ਰਭਾਵਿਤ ਹੋਏ ਹਨ। ਮੁੱਖਮੰਤਰੀ ਬੈਨਰਜੀ ਨੇ 2016 ਵਿੱਚ ਹੋਈ ਨੋਟਬੰਦੀ ਦੀ ਘੋਸ਼ਣਾ ਨੂੰ ਵਿਪਤਾ ਕਰਾਰ ਦਿੱਤਾ।