ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਸ੍ਰ. ਭਾਗ ਸਿੰਘ ਅਣਖੀ ਧੜਾ ਅਤੇ ਚਰਨਜੀਤ ਸਿੰਘ ਚੱਢਾ ਧੜੇ ਵਲੋਂ ਚੋਣ ਸਰਗਰਮੀਆਂ ਤੇਜ ਕਰ ਲਈਆਂ ਗਈਆਂ ਹਨ। ਅਣਖੀ ਧੜੇ ਨਾਲ ਸੰਬੰਧਿਤ ਪ੍ਰਧਾਨਗੀ ਲਈ ਉਮੀਦਵਾਰ ਸ੍ਰ. ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕੱਤਰ ਦੇ ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਆਪਣੇ ਹਮਾਇਤੀਆਂ ਨਾਲ ਚੋਣ ਰਣਨੀਤੀ ਲਈ ਕੀਤੀ ਗਈ ਮੀਟਿੰਗ ਉਪਰੰਤ ਕਿਹਾ ਕਿ ਉਹਨਾਂ ਦੀ ਟੀਮ ਦਾ ਮੁਖ ਪ੍ਰਯੋਜਨ ਚੀਫ ਖਾਲਸਾ ਦੀਵਾਨ ਪ੍ਰਤੀ ਵਿਸ਼ਵਾਸਯੋਗਤਾ ਨੂੰ ਹਰ ਹਾਲ ‘ਚ ਮੁੜ ਬਹਾਲ ਕਰਨਾ ਹੋਵੇਗਾ।
ਉਹਨਾਂ ਸ: ਠੇਕੇਦਾਰ ਦੇ ਗ੍ਰਹਿ ਵਿਖੇ ਕਿਹਾ ਕਿ ਬੀਤੇ ਦੌਰਾਨ ਦੀਵਾਨ ਨਾਲ ਸੰਬਧਿਤ ਆਗੂਆਂ ਦੀਆਂ ਸਾਹਮਣੇ ਆਈਆਂ ਅਨੈਤਿਕ ਘਟਨਾਵਾਂ ਨੇ ਦੀਵਾਨ ਦੇ ਅਕਸ ਨੂੰ ਕਾਫੀ ਢਾਹ ਲਾਈ ਹੈ। ਉਹਨਾਂ ਕਿਹਾ ਕਿ ਦੀਵਾਨ ਪ੍ਰਤੀ ਸੰਗਤ ਦੇ ਵਿਸ਼ਵਾਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਦੀਵਾਨ ਵਿੱਚੋ ਪਿਛਲੇ ਸਮੇਂ ਸ਼ੁਰੂ ਕੀਤੀ ਗਈ ਤਾਨਾਸ਼ਾਹੀ ਵਾਲੀ ਸਾਮਰਾਜੀ ਪ੍ਰਣਾਲੀ ਦਾ ਖਾਤਮਾ ਕਰਦਿਆਂ ਦੀਵਾਨ ਦੀ ਸਾਰੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ੀ ਢੰਗ ਨਾਲ ਸੁਧਾਰ ਲਿਆਉਣਗੇ । ਸਕੂਲਾਂ ਦੇ ਮੈਂਬਰ ਇੰਚਾਰਜਾਂ ਨੂੰ ਸਕੂਲਾਂ ਦੀ ਬਿਹਤਰੀ ਲਈ ਬਣਦਾ ਅਧਿਕਾਰ ਦਿਤਾ ਜਾਵੇਗਾ। ਉਹਨਾਂ ਕਿਹਾ ਸਾਨੂੰ ਇਹ ਪੂਰਾ ਅਹਿਸਾਸ ਹੈ ਕਿ ਦੀਵਾਨ ਦੀ ਮਾਲਕੀ ਗੁਰੂ ਪੰਥ ਕੋਲ ਹੈ ਅਤੇ ਅਸੀਂ ਪੰਥਕ ਵਿਰਾਸਤ ਦੀ ਦੇਖ ਭਾਲ ਦੀ ਜਿਮੇਵਾਰੀ ਨਿਭਾਉਣੀ ਹੈ। ਉÂਲਾਂ ਕਿਹਾ ਕਿ 1920 ਦੌਰਾਨ ਰਜਿਸਟਰ ਹੋਈ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਜਿਵੇ ਇਕ ਚੈਰਹਟੇਬਲ ਸੰਸਥਾ ਬਣਾ ਕੇ ਕੁਝ ਲੋਕਾਂ ਨੇ ਆਪਣੀ ਮਾਲਕੀ ਬਣਾਉਣ ਦੀ ਕੋਝੀ ਚਾਲ ਚਲੀ ਹੈ ਉਸ ਨੁੰ ਮੁੜ ਪੰਥਕ ਵਿਰਾਸਤ ਦਾ ਦਰਜਾ ਦਿਵਾਇਆ ਜਾਵੇਗਾ। ਇਸ ਨੂੰ ਪੂਰੀ ਤਰਾਂ ਲੋਕਤਾਂਤਰਿਕ ਅਤੇ ਸੰਵਿਧਾਨ ਅਨੁਸਾਰ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਸੰਸਥਾ ਨੂੰ ਕਈ ਚੁਨੌਤੀਆਂ ਹਨ । ਸਮੁਚੀ ਨਜਰਸਾਨੀ ਨਾਲ ਪੁਰਾਤਨ ਸਮੇਂ ਦੀ ਇਸ ਅਹਿਮ ਸਿਖ ਸੰਸਥਾ ਵਲੋਂ ਅਤੀਤ ਦੌਰਾਨ ਧਾਰਮਿਕ ਤੇ ਪੰਥ ਦੇ ਰਹਜਸੀ ਖੇਤਰ ਵਿਚ ਨਿਭਾਏ ਜਾਂਦੇ ਰਹੇ ਅਹਿਮ ਰੋਲ ਅਤੇ ਕਿਰਦਾਰ ਨੂੰ ਮੁੜ ਸੁਰਜੀਤ ਕਰਨ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਉਥੇ ਹੀ ਤਾਂ ਸਿਖ ਵਿਦਿਆਰਥੀਆਂ ਨੂੰ ਸਮੇ ਦੇ ਹਾਣ ਦਾ ਬਣਾਉਣਾ ਵੀ ਸਾਡਾ ਫਰਜ ਹੈ। ਉਸ ਲਈ ਬਚਿਆਂ ਨੂੰ ਘੱਟ ਫੀਸਾਂ ਨਾਲ ਅਤੇ ਗੁਰਸਿੱਖ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਕਿਤਾਮੁਖੀ ਮਿਆਰੀ ਅਤੇ ਫਰੀ ‘ਚ ਵਿਦਿਆ ਦਿੱਤੀ ਜਾਵੇ। ਉਥੇ ਹੀ ਬਚਿਆਂ ਨੁੰ ਸਿੱਖੀ ਵਿਚਾਰਧਾਰਾ ਨਾਲ ਜੋੜਣ ਵਾਲੇ ਫਰਜ ਨੂੰ ਨਿਪਾਉਣ ਪ੍ਰਤੀ ਦੀਵਾਨ ਦੀ ਵਚਨਬੱਧਤਾ ਨੁੰ ਪਕੇਰਿਆਂ ਕੀਤਾ ਜਾਵੇਗਾ। ਇਸ ਮੌਕੇ ਸ: ਨਿਰਮਲ ਸਿੰਘ ਅਤੇ ਰੁਮਾਲਿਆਂ ਵਾਲਾ ਨੇ ਦਸਿਆ ਕਿ ਹੁਣ ਤਕ ਉਹਨਾਂ ਵਲੋਂ ਕਰੀਬ 200 ਮੈਬਰਾਂ ਤਕ ਪਹੁੰਚ ਕੀਤੀ ਜਾ ਚੁਕੀ ਹੇ ਅਤੇ ਉਹਨਾਂ ਵਲੋਂ ਅਣਖੀ ਧੜੇ ਨੁੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਸ: ਉਪਕਾਰ ਸਿੰਘ ਪ੍ਰਭਾਤ ਮੋਟਰ ਏਜੰਸੀ, ਡਾ: ਸੰਤੋਖ ਸਿੰਘ, ਰਣਦੀਪ ਸਿੰਘ ਬਲੂਮੂਨ ਹੋਟਲ ਅਤੇ ਰਾਜਾ ਬਤਰਾ ਆਦਿ ਵਲੋਂ ਹਮਾਇਤ ਹਾਲਸ ਹੋ ਚੁਕੀ ਹੈ। ਮੀਟਿੰਗ ‘ਚ ਸ: ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਖਾਲਸਾ ਕਾਲਜ, ਸ: ਭਾਗ ਸਿੰਘ ਅਣਖੀ, ਸ: ਨਿਰਮਲ ਸਿੰਘ ਠੇਕੇਦਾਰ, ਸ੍ਰ: ਸੁਰਿੰਦਰ ਸਿੰਘ ਰੁਮਾਲਿਆ ਵਾਲਾ, ਸ੍ਰ: ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸ: ਸੁਖਦੇਵ ਸਿੰਘ ਮੱਤੇਵਾਲ, ਸ: ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਰਾਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ, ਪ੍ਰਿੰਸ ਸੁਖਜਿੰਦਰ ਸਿੰਘ, ਸ੍ਰ ਜਸਪਾਲ ਸਿੰਘ ਢਿਲੋ, ਪ੍ਰੋ ਹਰੀ ਸਿੰਘ, ਅਵਤਾਰ ਸਿੰਘ, ਅੱਤਰ ਸਿੰਘ ਚਾਵਲਾ, ਸ: ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਸ: ਵਰਿਆਮ ਸਿੰਘ, ਨਿਰੰਜਨ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।