ਫ਼ਤਹਿਗੜ੍ਹ ਸਾਹਿਬ – “ਅਜੋਕੀ ਹਿੰਦ ਦੀ ਪ੍ਰੈਸ ਅਤੇ ਮੀਡੀਏ ਵੱਲੋਂ ਦੋ ਗੱਲਾਂ ਮੁੱਖ ਤੌਰ ਤੇ ਉਭਾਰੀਆ ਜਾ ਰਹੀਆ ਹਨ । ਪਹਿਲੀ ਹਿੰਦ ਦੀ ਅਤਿ ਮੰਦੀ ਮਾਲੀ ਹਾਲਤ ਸੰਬੰਧੀ ਅਤੇ ਦੂਸਰੀ ਇਥੇ ਪ੍ਰਦੂਸ਼ਣ ਦਾ ਤੇਜ਼ੀ ਨਾਲ ਵੱਧਦੇ ਜਾਣਾ । ਪ੍ਰੰਤੂ ਇਹ ਦੋਵੇ ਗੱਲਾਂ ਆਮ ਆਦਮੀ ਦੀ ਸਮਝ ਤੋਂ ਬਾਹਰ ਦੀਆਂ ਹਨ । ਕਾਂਗਰਸ ਜਮਾਤ ਆਪਣੇ-ਆਪ ਨੂੰ ਧਰਮ ਨਿਰਪੱਖ ਅਖਵਾਉਦੀ ਹੈ । ਜਦੋਂਕਿ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਹੁਣੇ ਹੀ ਚੀਨ ਵਿਚ ਹਿੰਦੂ ਅਸਥਾਂਨ ਮਾਨ ਸਰੋਵਰ ਦੀ ਯਾਤਰਾ ਕਰਕੇ ਆਏ ਹਨ । ਜੋ ਕਿ ਇਨ੍ਹਾਂ ਦੇ ਅਮਲ ਕੱਟੜਵਾਦਤਾ ਵਾਲੇ ਹਨ । ਪਰ ਸਿੱਖਾਂ ਨੂੰ ਕਹਿ ਰਹੇ ਹਨ ਕਿ ਧਰਮ ਨਿਰਪੱਖ ਹਿੰਦ ਦੇ ਵਿਧਾਨ ਨੂੰ ਪ੍ਰਵਾਨ ਕਰੋ । ਅਸਲੀਅਤ ਇਹ ਹੈ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ. ਆਦਿ ਵਿਚੋਂ ਸੰਵਿਧਾਨ ਦੀ ਧਰਮ ਨਿਰਪੱਖਤਾ ਨੂੰ ਕੋਈ ਨਹੀਂ ਮੰਨਦਾ । ਇਸੇ ਤਰ੍ਹਾਂ ਬੀਜੇਪੀ-ਆਰ.ਐਸ.ਐਸ. ਦੇ ਅਮਲ ਵੀ ਹਿੰਦੂ ਕੱਟੜਵਾਦਤਾ ਵਾਲੇ ਹਨ । ਜਦੋਂ ਹਿੰਦ ਦੇ ਵਿਧਾਨ ਨੂੰ ਬਣਾਉਣ ਵਾਲੀਆ ਪਾਰਟੀਆ ਕਾਂਗਰਸ, ਬੀਜੇਪੀ-ਆਰ.ਐਸ.ਐਸ. ਧਰਮ ਨਿਰਪੱਖਤਾ ਦੇ ਬਰਾਬਰਤਾ ਵਾਲੇ ਅਸੂਲਾਂ ਦਾ ਜਨਾਜ਼ਾਂ ਕੱਢ ਰਹੇ ਹਨ, ਫਿਰ ਸਿੱਖ ਕੌਮ ਜਿਸ ਵੱਲੋਂ ਵਿਧਾਨਘਾੜਤਾ ਕਮੇਟੀ ਦੇ ਦੋ ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਦਸਤਖ਼ਤ ਹੀ ਨਹੀਂ ਸਨ ਕੀਤੇ, ਉਸ ਸਿੱਖ ਕੌਮ ਨੂੰ ਵਿਧਾਨ ਅਤੇ ਧਰਮ ਨਿਰਪੱਖਤਾ ਦੇ ਪਾਠ ਪੜ੍ਹਾਉਣ ਦੀ ਕੀ ਤੁੱਕ ਬਣਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧਰਮ ਨਿਰਪੱਖਤਾ ਅਤੇ ਵਿਧਾਨ ਦੀ ਧਰਮ ਨਿਰਪੱਖਤਾ ਦਾ ਰੌਲਾ ਪਾਉਣ ਵਾਲੀਆ ਹਿੰਦੂ ਕੱਟੜਵਾਦੀ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਵੱਲੋਂ ਖੁਦ ਹੀ ਧਰਮ ਨਿਰਪੱਖਤਾ ਦੇ ਨਿਯਮਾਂ ਤੇ ਅਸੂਲਾਂ ਦਾ ਉਲੰਘਣ ਕਰਨ ਅਤੇ ਘੱਟ ਗਿਣਤੀ ਕੌਮਾਂ ਵਿਸੇ਼ਸ਼ ਤੌਰ ਤੇ ਸਿੱਖ ਕੌਮ ਨਾਲ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਕਰਨ ਦੀਆਂ ਕਾਰਵਾਈਆ ਦੀ ਘੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਬੀਜੇਪੀ ਦੇ ਆਗੂ ਸ੍ਰੀ ਅਡਵਾਨੀ 91 ਸਾਲ ਦੇ ਹੋ ਗਏ ਹਨ ਜੋ ਕਿ ਸੈਂਟਰ ਦੇ ਗ੍ਰਹਿ ਵਜ਼ੀਰ ਰਹਿ ਚੁੱਕੇ ਹਨ । ਜਦੋਂ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਬਰਤਾਨੀਆ ਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਤਾਂ ਸ੍ਰੀ ਅਡਵਾਨੀ ਨੇ ਆਪਣੀ ਸਵੈ-ਜੀਵਨੀ ਵਾਲੀ ਕਿਤਾਬ ‘ਮਾਈ ਕੰਟਰੀ, ਮਾਈ ਲਾਇਫ਼’ ਵਿਚ ਲਿਖਿਆ ਹੈ ਕਿ ਬਲਿਊ ਸਟਾਰ ਆਪ੍ਰੇਸ਼ਨ ਦਾ ਫੌ਼ਜੀ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਉਸ ਹਮਲੇ ਦੌਰਾਨ 26 ਹਜ਼ਾਰ ਸਿੱਖ ਸਰਧਾਲੂਆਂ ਦਾ ਕਤਲੇਆਮ ਕੀਤਾ ਗਿਆ । ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਦੀਆਂ ਕੀਮਤੀ ਦਸਤਾਵੇਜ ਫ਼ੌਜ ਲੁੱਟਕੇ ਲੈ ਗਈ ਜੋ ਅੱਜ ਵਾਪਸ ਨਹੀਂ ਕੀਤਾ ਗਿਆ । ਫਿਰ 1992 ਵਿਚ ਸ੍ਰੀ ਅਡਵਾਨੀ ਨੇ ਇਥੋਂ ਦੇ ਹਿੰਦੂਆਂ ਦਾ ਵੱਡਾ ਇਕੱਠ ਕਰਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਵਾਇਆ । ਉਸ ਸਮੇਂ ਕਾਂਗਰਸ ਦੇ ਸ੍ਰੀ ਨਰਸਿਮਾ ਰਾਓ ਵਜ਼ੀਰ-ਏ-ਆਜ਼ਮ ਵੀ ਇਨ੍ਹਾਂ ਦੇ ਨਾਲ ਸਨ । ਫਿਰ ਇਹ ਲੋਕ ਧਰਮ ਨਿਰਪੱਖ ਦੀ ਗੱਲ ਕਿਸ ਤਰ੍ਹਾਂ ਕਰ ਸਕਦੇ ਹਨ ?
2002 ਵਿਚ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਸੈਂਟਰ ਵਿਚ ਬੀਜੇਪੀ ਦੀ ਸਰਕਾਰ ਸੀ, ਉਸ ਸਮੇਂ ਮੋਦੀ ਨੇ ਗੁਜਰਾਤ ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ । ਇਸੇ ਤਰ੍ਹਾਂ 2013 ਵਿਚ ਜਦੋਂ ਸੈਂਟਰ ਵਿਚ ਸ. ਮਨਮੋਹਨ ਸਿੰਘ ਵਜ਼ੀਰ-ਏ-ਆਜ਼ਮ ਸਨ ਤਾਂ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 60 ਹਜ਼ਾਰ ਕਾਨੂੰਨੀ ਤੌਰ ਤੇ ਆਪਣੀਆ ਜ਼ਮੀਨਾਂ-ਜ਼ਾਇਦਾਦਾਂ ਦੇ ਮਾਲਕ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਜ਼ਮੀਨਾਂ ਤੇ ਘਰਾਂ ਤੋਂ ਉਜਾੜ ਦਿੱਤਾ । ਉਪਰੋਕਤ ਦੋਵੇ ਸਮਿਆ ਉਤੇ ਨਾ ਸ੍ਰੀ ਮੋਦੀ ਅਤੇ ਨਾ ਸ. ਮਨਮੋਹਨ ਸਿੰਘ ਨੇ ਇਸ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਅਮਲ ਵਿਰੁੱਧ ਕੋਈ ਕਦਮ ਉਠਾਇਆ । ਕਾਮਰੇਡ, ਆਮ ਆਦਮੀ ਪਾਰਟੀ ਸਭ ਅਜਿਹੇ ਗੰਭੀਰ ਮੁੱਦਿਆ ਉਤੇ ਚੁੱਪ ਹਨ । ਹੁਣ ਇਹ ਸਭ ਹਿੰਦੂ ਪਾਰਟੀਆਂ ਦੇ ਆਗੂ ਰਾਮ ਮੰਦਰ ਬਣਾਉਣ ਜਾ ਰਹੇ ਹਨ । ਅਜਿਹੇ ਸਮੇਂ ਸਿੱਖ ਕੌਮ ਨੂੰ ਆਪਣੇ ਗੁਰਾਂ ਦੇ ਉਨ੍ਹਾਂ ਬਚਨਾਂ ‘ਨਾ ਹਮ ਹਿੰਦੂ ਨਾ ਮੁਸਲਮਾਨ’ ਉਤੇ ਪਹਿਰਾ ਦਿੰਦੇ ਹੋਏ ਆਪਣੀ ਵਿਲੱਖਣ ਅਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਆਜ਼ਾਦੀ ਵੱਲ ਵੱਧਣਾ ਚਾਹੀਦਾ ਹੈ । ਜੋ ਬਰਗਾੜੀ ਮੋਰਚੇ ਅਧੀਨ ਜ਼ਾਇਜ ਤਿੰਨ ਮੰਗਾਂ ਹਨ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ, ਸ਼ਹੀਦ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, 25-25 ਸਾਲਾ ਤੋਂ ਬੰਦੀ ਬਣਾਏ ਗਏ ਸਿੱਖਾਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕਰਨਾ ਹਨ । ਵਿਧਾਨ ਦੀ ਧਾਰਾ 161 ਰਾਹੀ ਪੰਜਾਬ ਦੇ ਗਵਰਨਰ ਨੂੰ ਇਹ ਅਧਿਕਾਰ ਹਾਸਿਲ ਹਨ ਕਿ ਉਹ ਜੇਲ੍ਹਾਂ ਵਿਚ ਬੰਦੀ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ । ਇਸੇ ਤਰ੍ਹਾਂ ਸਦਰ-ਏ-ਹਿੰਦ ਸ੍ਰੀ ਰਾਮਨਾਥ ਕੋਵਿੰਦ ਨੂੰ ਵੀ ਵਿਧਾਨ ਦੀ ਧਾਰਾ 72 ਰਾਹੀ ਇਹ ਉਪਰੋਕਤ ਅਧਿਕਾਰ ਪ੍ਰਾਪਤ ਹਨ । ਫਿਰ ਇਹ ਧਰਮ ਨਿਰਪੱਖਤਾ ਤੇ ਬਰਾਬਰਤਾ ਦੀ ਸੋਚ ਤੇ ਚੱਲਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਤੁਰੰਤ ਰਿਹਾਅ ਕਰਨ ।
ਸ. ਮਾਨ ਨੇ ਆਪਣੇ ਬਿਆਨ ਨੂੰ ਸੰਕੋਚਦੇ ਹੋਏ ਕਿਹਾ ਕਿ ਜਰਨਲ ਰਾਵਤ ਦਾ ਬਿਆਨ ਆਇਆ ਸੀ ਕਿ ਦਿਵਾਲੀ ਦੇ ਮੌਕੇ ਉਤੇ ਬਾਹਰਲੇ ਮੁਲਕਾਂ ਵਿਚੋਂ ਆਏ ਸਿੱਖ ਪੰਜਾਬ ਵਿਚ ਦਹਿਸਤ ਵਾਲੀ ਕਾਰਵਾਈ ਕਰਨਗੇ । ਦਿਵਾਲੀ ਦਾ ਤਿਉਹਾਰ ਨਿਕਲ ਗਿਆ ਪੰਜਾਬ ਵਿਚ ਕੋਈ ਦਹਿਸਤਗਰਦੀ ਨਹੀਂ ਹੋਈ । ਕਿਉਂਕਿ ਸਿੱਖ ਕੌਮ ਨੇ ਕਿਸੇ ਤਰ੍ਹਾਂ ਦੇ ਅਮਨ-ਚੈਨ ਨੂੰ ਭੰਗ ਨਹੀਂ ਕੀਤਾ । ਫਿਰ ਜਰਨਲ ਰਾਵਤ ਦੇ ਦਿੱਤੇ ਗਏ ਬਿਆਨ ਪਿੱਛੇ ਪੰਜਾਬ ਸੂਬੇ ਅਤੇ ਸਿੱਖ ਕੌਮ ਸੰਬੰਧੀ ਇਕ ਮੰਦਭਾਵਨਾ ਹੈ ਜੋ ਸ੍ਰੀ ਮੋਦੀ ਨਾਲ ਮਿਲਕੇ ਬਲਿਊ ਸਟਾਰ-2 ਦਾ ਫ਼ੌਜੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸ੍ਰੀ ਮੋਦੀ ਅਤੇ ਜਰਨਲ ਰਾਵਤ ਵਰਗੇ ਕੱਟੜਵਾਦੀ ਹਿੰਦੂ ਜਰਨੈਲ ਨੂੰ ਜਿਥੇ ਖ਼ਬਰਦਾਰ ਕਰਦੇ ਹਾਂ, ਉਥੇ ਯੂ.ਐਨ, ਅਮਨੈਸਟੀ ਇੰਟਰਨੈਸ਼ਨਲ ਅਤੇ ਏਸੀਆ ਵਾਚ ਹਿਊਮਨ ਰਾਈਟਸ ਅਤੇ ਹੋਰ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੀਜੇਪੀ-ਆਰ.ਐਸ.ਐਸ. ਅਤੇ ਕੱਟੜਵਾਦੀ ਫ਼ੌਜ ਮੁੱਖੀ ਜਰਨਲ ਰਾਵਤ ਦੀ ਮਨੁੱਖਤਾ ਵਿਰੋਧੀ ਵਿਊਤ ਵਿਰੁੱਧ ਸਖ਼ਤ ਸਟੈਂਡ ਲੈਣ ਅਤੇ ਪੰਜਾਬ ਵਿਚ ਫਿਰ ਤੋਂ ਖੂਨ-ਖਰਾਬਾ ਕਰਨ ਦੇ ਅਮਲਾਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ।