ਸਦੀ ਪੁਰਾਤਨ ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਕਲ ਨਾਮਜਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ਵਾਲਾ ਮਜੀਠਾ – ਅਣਖੀ ਧੜਾ ਅਤੇ ਮੌਜੂਦਾ ਸਮੇਂ ਦੀਵਾਨ ’ਤੇ ਕਾਬਜ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਧੜੇ ਤੋਂ ਇਲਾਵਾ ਕਿਸੇ ਹੋਰ ਵਲੋਂ ਨਾਮਜਦਗੀ ਲਈ ਅਗੇ ਨਾ ਆਉਣ ਨਾਲ ਇਹ ਚੋਣ ਇਨਾਂ ਦੋਹਾਂ ਧੜਿਆਂ ਵਿਚ ਹੋਣੀ ਤਹਿ ਹੋ ਗਈ ਹੈ। ਸਥਾਪਤੀ ਤੋਂ ਹੀ ਹਰੇਕ ਕੌਮੀ ਮਾਮਲੇ ਅਤੇ ਫੈਸਲਿਆਂ ’ਚ ਦੀਵਾਨ ਦੇ ਲੀਡਰਸ਼ਿਪ ਦੀ ਅਹਿਮ ਹਾਜਰੀ ਅਤੇ ਭੂਮਿਕਾ ਰਹੀ ਹੈ। ਇਤਿਹਾਸਕ ਪਰਿਪੇਖ ’ਚ ਸੁਯੋਗ ਲੀਡਰਸ਼ਿਪ ਦੀ ਪੈਂਠ ਕਾਰਨ ਇਸ ਸੰਸਥਾ ਨੂੰ ਵਖਰੀ ਪਛਾਣ ਮਿਲੀ।
ਪਛੋਕੜ ਤੇ ਯੋਗਦਾਨ – ਉਨੀਵੀਂ ਸਦੀ ਦੇ ਅੱਧ ਦੌਰਾਨ ਸਿੱਖ ਰਾਜ ਦੇ ਪਤਨ ਉਪਰੰਤ ਸਿਖ ਨੌਜਵਾਨਾਂ ’ਚ ਫੈਲ ਰਹੇ ਪਤਿਤਪੁਣੇ ਨੂੰ ਰੋਕਣ ਲਈ ਉਹਨਾਂ ’ਚ ਆਪਣੇ ਧਰਮ ਅਤੇ ਅਮੀਰ ਸਭਿਆਚਾਰਕ ਵਿਰਸੇ ਪ੍ਰਤੀ ਜਾਣੂ ਕਰਾਉਣ ਤੋਂ ਇਲਾਵਾ ਕੌਮੀ ਪਹਿਛਾਣ ਦੀ ਸਥਾਪਤੀ ਅਤੇ ਕੈਮ ਨੂੰ ਸਮੇ ਦੇ ਹਾਣੀ ਬਣਾਉਣ ਵਰਗੀਆਂ ਭਵਿਖ ਸਿਰਜਣ ਦੀਆਂ ਚੁਨੌਤੀਆਂ ਨਾਲ ਨਜਿਠਣ ਦੇ ਮਕਸਦ ਨਾਲ 1873 ਦੌਰਾਨ ’ਸਿੰਘ ਸਭਾ ਲਹਿਰ’ ਦਾ ਆਰੰਭ ਹੋਇਆ। ਉਸੇ ਦੌਰਾਨ ਸਮੁਚੇ ਪੰਜਾਬ ’ਚ ਵੱਧ ਫੈਲ ਰਹੀਆਂ ਸਿੰਘ ਸਭਾਵਾਂ ਨੂੰ ਇਕ ਲੜੀ ਅਤੇ ਕੇਦਰੀ ਧੁਰੇ ਨਾਲ ਜੋੜਣ ਲਈ ਕੇਦਰੀ ਸੰਸਥਾ ਚੀਫ ਖਾਲਸਾ ਦੀਵਾਨ ਦੀ 30 ਅਕਤੂਬਰ 1902 ਵਿਚ ਸਥਾਪਤੀ ਕੀਤੀ ਗਈ। ਇਸ ਸੰਸਥਾ ਦੀ ਲੀਡਰਸ਼ਿਪ ਵਲੋਂ ਤਨ, ਮਨ ਅਤੇ ਧਨ ਨਾਲ ਕੌਮ ਦੀ ਕੀਤੀ ਗਈ ਸ਼ਲਾਘਾਯੋਗ ਸੇਵਾ ਦੇ ਚਲਦਿਆਂ ਇਸ ਸੰਸਥਾ ਨੇ ਸਥਾਪਤੀ ਤੋਂ ਥੋੜੇ ਹੀ ਸਮੇਂ ’ਚ ਸਿੱਖ ਕੌਮ ਦੀ ਸਮਾਜਕ, ਧਾਰਮਿਕ, ਸਭਿਆਚਾਰਕ, ਆਰਥਿਕ, ਰਾਜਨੀਤਕ ਅਤੇ ਵਿਦਿਅਕ ਖੇਤਰ ਵਿਚ ਵਡੀਆਂ ਮਲਾਂ ਮਾਰੀਆਂ। ਮੁਢਲੇ ਯਤਨਾਂ ਵਜੋਂ ਇਸ ਸੰਸਥਾ ਦੀ ਪੰਜਾਬੀੇ ਭਾਸ਼ਾ ਅਤੇ ਸਿੱਖੀ ਦਾ ਪ੍ਰਚਾਰ ਕੀਤਾ, ਸ੍ਰੀ ਗੁਰੁ ਹਰਕ੍ਰਿਸ਼ਨ ਜੀ ਦੇ ਨਾਮ ਹੇਠ ਵਿਦਿਅਕ ਸੰਸਥਾਵਾਂ ਖੋਲੀਆਂ, ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਿਤੀ, 1909 ਵਿੱਚ ਅਨੰਦ ਮੈਰਿਜ ਐਕਟ ਪਾਸ ਕਰਵਾਉਣਾ, ਆਰਥਿਕ ਖੇਤਰ ਵਿੱਚ ਕੌਮੀ ਵਿਕਾਸ ਲਈ ਪੰਜਾਬ ਐਡ ਸਿੰਧ ਬੈਂਕ ਸਥਾਪਿਤ ਕਰਨ ਤੋਂ ਇਲਾਵਾ 1925 ਵਿੱਚ ਗੁਰਦੁਆਰਾ ਐਕਟ ( ਸ੍ਰੋਮਣੀ ਕਮੇਟੀ) ਬਣਾਉਣ ਵਿੱਚ ਵੀ ਅਹਿਮ ਭੂਮਿਕਾ ਰਹੀ। ਹੁਣ ਤਕ 47 ਸਕੂਲ, 3 ਕਿੱਤਾ ਮੁਖੀ ਕਾਲਜ ਅਤੇ ਸਮਾਜ ਦੇ ਦੁਖੀ ਤੇ ਲੋੜਵੰਦ ਵਰਗ ਦੀ ਸੇਵਾ ਲਈ 2 ਹਸਪਤਾਲ, ਸੈਟਰਲ ਖਾਲਸਾ ਯਤੀਮਖਾਨਾ, ਬਿਰਧ ਘਰ ਤੋਂ ਇਲਾਵਾ ਸਿਖੀ ਦੇ ਪਰਚਾਰ ਪਰਸਾਰ ਹਿੱਤ ਰਾਗੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਦੀ ਸਿਖਲਾਈ ਲਈ ਵਿਦਿਆਲੇ ਖੋਲੇ ਗਏ ਹਨ।
ਅਜੇਹੀਆਂ ਪ੍ਰਾਪਤੀਆਂ ਤਾਂ ਹੀ ਸੰਭਵ ਹੋਈਆਂ ਕਿਉਕਿ ਵਧੇਰੇ ਕਰਕੇ ਦੀਵਾਨ ਦੇ ਪ੍ਰਬੰਧਕੀ ਸੱਜਣ ਜਿਥੇ ਅਮੀਰ ਘਰਾਣਿਆਂ ਦੇ ਪੜੇ ਲਿਖੇ ਰਹੇ ਉਥੇ ਉਹ ਪੰਥਪ੍ਰਸਤੀ ਤੇ ਕੌਮੀ ਜਜਬੇ ਨਾਲ ਲਬਰੇਜ਼ ਅਤੇ ਸਿੱਖੀ ਸਿਧਾਂਤ ਅਤੇ ਕਦਰਾਂ ਕੀਮਤਾਂ ਨਾਲ ਪ੍ਰਣਾਏ ਹੋਏ ਸਨ। ਜਿਨਾਂ ’ਚ ਭਾਈ ਅਰਜਨ ਸਿੰਘ ਬਾਗੜੀਆਂ, ਸ: ਬਘੇਲ ਸਿੰਘ, ਸ; ਸ਼ਿਵਦੇਵ ਸਿੰਘ ਰਈਸ, ਸ: ਹਰਬੰਸ ਸਿੰਘ ਠੇਕੇਦਾਰ ਦਿੱਲੀ,ਸ: ਸੁੰਦਰ ਸਿੰਘ ਮਜੀਠੀਆ, ਸ: ਸੁਰਜੀਤ ਸਿੰਘ ਮਜੀਠੀਆ, ਸ: ਮੰਗਲ ਸਿੰਘ ਮਾਨ, ਸ: ਕਿਰਪਾਲ ਸਿੰਘ ਅਤੇ ਭਾਗ ਸਿੰਘ ਅਣਖੀ ਵਰਗਿਆਂ ਨੇ ਇਸ ਨੂੰ ਬੁਲੰਦੀਆਂ ਦਿਤੀਆਂ।
ਵਕਾਰ ਦੀ ਬਹਾਲੀ ਲਈ ਨਵੀਂ ਚੁਨੌਤੀਆਂ – ਲੇਕਿਨ ਬੀਤੇ ਦੌਰਾਨ ਦੀਵਾਨ ’ਤੇ ਸਥਾਪਿਤ ਚੱਢਾ ਧੜੇ ਦੀ ਕੁਝ ਇਕ ਲੀਡਰਸ਼ਿਪ ਦੀਆਂ ਸਾਹਮਣੇ ਆਈਆਂ ’ਗੈਰ ਇਖਲਾਕੀ ਹਰਕਤਾਂ’ ਅਤੇ ਜਿਮੇਵਾਰ ਆਗੂਆਂ ਵਲੋਂ ਲੇਡੀ ਸਟਾਫ ਮੈਬਰਾਂ ਨਾਲ ਸਟੇਜ ’ਤੇ ਲੁਡੀਆਂ ਪਾਉਣ ਵਰਗੀਆਂ ਇਤਰਾਜਯੋਗ ਕਾਰਿਆਂ ਕਾਰਨ ਕੌਮ ਦੀ ਇਸ ਵਕਾਰੀ ਸੰਸਥਾ ਦੇ ਅਕਸ ਨੂੰ ਵੱਡੀ ਢਾਹ ਲਗੀ ਰਹੀ। ਜੋ ਕਿ ਦੀਵਾਨ ਨਾਲ ਜੁੜੇ ਲੋਕਾਂ ਅਤੇ ਸਮੁਚੀ ਸਿੱਖ ਕੌਮ ’ਚ ਵੱਡੀ ਨਮੋਸ਼ੀ ਅਤੇ ਫਿਕਰਮੰਦੀ ਗਲ ਸੀ। ਇਸ ਦੀ ਲੀਡਰਸ਼ਿਪ ਵਲੋਂ ਪੰਥਪ੍ਰਸਤੀ ਦੀ ਥਾਂ ਆਪਣੇ ਵਪਾਰਕ ਅਤੇ ਸਿਆਸੀ ਹਿੱਤਾਂ ਜਾਂ ਲਾਭ ਲਈ ਇਸ ਸੰਸਥਾ ਦਾ ਦੁਰਉਪਯੋਗ ਆਮ ਗਲ ਬਣੀ ਰਹੀ, ਤਾਂ ਦੀਵਾਨ ’ਤੇ ਗਲਬਾ ਜਾਂ ਕਬਜਾ ਜਮਾਈ ਰਖਣ ਲਈ ਰਸੂਖ ਵਾਲੇ ਆਗੂਆਂ ਵਲੋਂ ਨਿਯਮਾਂ ਦੀਆਂ ਧਜੀਆਂ ਉਡਾਉਦਿਆਂ ਆਪਣੇ ਹੀ ਪਰਿਵਾਰਕ ਮੈਬਰਾਂ ਨੂੰ ਦੀਵਾਨ ਦੇ ਮੈਬਰ ਬਣਾ ਲਏ ਗਏ। ਪਰਿਵਾਰਵਾਦ ਦੇ ਇਸ ਕੈਦ ਤੋਂ ਦੀਵਾਨ ਨੂੰ ਸੁਰਖਰੂ ਕਰਨਾ ਆਉਣ ਵਾਲੀ ਨਵੀਂ ਲੀਡਰਸ਼ਿਪ ਲਈ ਇਕ ਵੱਡੀ ਚੁਨੌਤੀ ਹੋਵੇਗੀ। ਬੀਤੇ ਦੀਆਂ ਮੰਦਭਾਗੀ ਘਟਨਾਵਾਂ ਦੇ ਚਲਦਿਆਂ ਦੀਵਾਨ ਪ੍ਰਤੀ ਸੰਗਤ ਦੀ ਨਾਕਾਰਾਤਮਕ ਸੋਚ ਨੂੰ ਮਨਫੀ ਕਰਦਿਆਂ ਦੀਵਾਨ ਦੇ ਮਾਣ ਸਨਮਾਨ ਨੂੰ ਬਹਾਲ ਕਰਨ ਲਈ ਦੀਵਾਨ ਦੇ ਮੈਬਰਾਂ ’ਚ ਸਿਖੀ ਸਿਧਾਂਤ ਤੇ ਕਿਰਦਾਰ ਨੂੰ ਸੁਚਾਰੂ ਬਣਾਈ ਰਖਣ ਵਲ ਧਿਆਨ ਕੇਦਰਿਤ ਕਰਨਾ ਅਜ ਲਈ ਜਰੂਰੀ ਮੁਦਾ ਬਣ ਚੁਕਿਆ ਹੈ। ਦੇਖਣ ’ਚ ਆਇਆ ਕਿ ਸਥਾਪਿਤ ਧੜੇ ਦੇ ਮੈਬਰਾਂ ਵਲੋਂ ਹੁਣੇ ਤਾਜਾ ਤਾਜਾ ਅਮ੍ਰਿਤ ਛਕਣ ਦੀ ਗਲ ਕੀਤੀ ਗਈ ਹੈ ਅਤੇ ਦੂਜੇ ਧੜੇ ਦੀ ਅਲੋਚਨਾ ਕੀਤੀ ਗਈ, ਜੇ ਉਹਨਾਂ ਹੁਣ ਅਮ੍ਰਿਤਪਾਣ ਕੀਤਾ ਤਾਂ ਇਹ ਚੰਗੀ ਗਲ ਹੈ ਪਰ ਸੋਚਣ ਵਾਲੀ ਗਲ ਇਹ ਹੈ ਕਿ ਦੀਵਾਨ ਦੀ ਮੈਬਰਸ਼ਿਪ ਲਈ ਬੁਨਿਆਦੀ ਨਿਯਮਾਂ ’ਚ ਅਮ੍ਰਿਤਧਾਰੀ ਹੋਣਾ ਜਰੂਰੀ ਸ਼ਰਤ ਮੰਨਿਆ ਗਿਆ ਤਾਂ ਉਕਤ ਮੈਬਰ ਇਲਾ ਸਮਾਂ ਗੈਰ ਅਮ੍ਰਿਤਧਾਰੀ ਰਹਿ ਕੇ ਗੁਰੂ ਨੂੰ ਪੰਥ ਨੂੰ ਅਤੇ ਦੀਵਾਨ ਨੂੰ ਕਿਵੇਂ ਧੋਖਾ ਦਿੰਦੇ ਰਹੇ? ਸੰਸਥਾ ਅਤੇ ਸੰਸਥਾ ਨਾਲ ਸੰਬੰਧਿਤ ਇਕਾਈਆਂ ’ਚ ਪ੍ਰਬੰਧਕੀ ਸੁਧਾਰ ਦੀ ਮੰਗ ਬੜੀ ਜੋਰ ਨਾਲ ਚਲ ਰਹੀ ਹੈ। ਪੰਥਪ੍ਰਸਤ ਲੀਡਰਸ਼ਿਪ ਅਤੇ ਮੈਬਰਾਂ ਲਈ ਇਹ ਚੁਨੌਤੀ ਭਰਿਆ ਸਮਾਂ ਹੈ। ਮੈਬਰਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਸਨਮੁਖ ਇਹ ਪ੍ਰਾਣ ਲੈਣ ਦੀ ਲੋੜ ਹੈ ਕਿ ਉਹ ਪੰਥਪ੍ਰਸਤ ਉਸ ਲੀਡਰਸ਼ਿਪ, ਜੋ ਪੂਰੀਤਰਾਂ ਯੋਗਤਾ ਰਖਦੀ ਹੋਵੇ ਨੂੰ ਹੀ ਸੰਸਥਾ ਦੀ ਜਿਮੇਵਾਰੀ ਸੌਪੀ ਜਾਵੇਗੀ। ਆਉਣ ਵਾਲੀ ਨਵੀ ਲੀਡਰਸ਼ਿਪ ਲਈ ਇਹ ਅਹਿਦ ਵੀ ਕਰਨਾ ਹੋਵੇਗਾ ਕਿ ਉਹ ਪਿਛਲੀਆਂ ਕਮਜੋਰੀਆਂ ਜੋ ਪ੍ਰਬੰਧਕੀ ਅਤੇ ਕਿਰਦਾਰ ’ਚ ਦੇਖੀਆਂ ਗਈਆਂ ਉਹਨਾਂ ਤੋਂ ਕੋਸਾਂ ਦੂਰ ਰਹਿਣਗੇ ਅਤੇ ਸੰਸਥਾ ਅਤੇ ਕੌਮ ਦੀ ਚੜਦੀਕਲਾ ਨੁੰ ਸਮਰਪਿਤ ਰਹਿਣਗੇ। ਜੇਕਰ ਦੀਵਾਨ ਦੇ ਮੈਬਰ ਨਵੇਂ ਪ੍ਰਬੰਧ ਲਈ ਗੁਰੂ ਸਿਧਾਂਤ ’ਤੇ ਪਹਿਰਾਦੇਣ ਵਾਲੇ ਯੋਗ ਗੁਰਸਿੱਖਾਂ ਨੂੰ ਅਗੇ ਲਿਆਉਣ ’ਚ ਨਾਕਾਮ ਰਹੇ ਤਾਂ ਕੌਮ ’ਚ ਫੈਲਣ ਵਾਲੀ ਵਡੀ ਨਿਰਾਸ਼ਤਾ ਨੂੰ ਕੋਈ ਨਹੀਂ ਰੋਕ ਸਕੇਗਾ। ਆਪਣੇ ਮਾਣ ਸਨਮਾਨ ਦੀ ਬਹਾਲੀ ਲਈ ਚੀਫ ਖਾਲਸਾ ਦੀਵਾਨ ਅਜ ਮੁੜ ਬੇਸਬਰੀ ਨਾਲ ਪੰਥਪ੍ਰਸਤ ਲੀਡਰਸ਼ਿਪ ਦਾ ਰਾਹ ਦੇਖ ਰਿਹਾ ਹੈ।