ਫ਼ਤਹਿਗੜ੍ਹ ਸਾਹਿਬ – “ਇੰਡੀਆ ਅਤੇ ਰੂਸ ਦੀਆਂ ਸਾਂਝੀਆਂ ਫ਼ੌਜੀ ਮਸ਼ਕਾਂ ਹੋ ਰਹੀਆਂ ਹਨ। ਦੂਸਰੇ ਪਾਸੇ ਅਫਗਾਨਿਸਤਾਨ ਦੇ ਤਾਲਿਬਾਨ ਮਸਲੇ ਨੂੰ ਹੱਲ ਕਰਨ ਲਈ ਮਾਸਕੋ ਵਿਖੇ ਹੋ ਰਹੀ ਮੀਟਿੰਗ ਵਿਚ ਇੰਡੀਆ ਜਾ ਰਿਹਾ ਹੈ । ਜਦੋਂਕਿ ਬੀਤੇ ਦੋ ਦਹਾਕਿਆਂ ਤੋਂ ਹਿੰਦੂਤਵ ਹੁਕਮਰਾਨ ਤਾਲਿਬਾਨ ਦੀ ਜਥੇਬੰਦੀ ਨੂੰ ਦਹਿਸ਼ਤਗਰਦੀ ਨਾਲ ਸਬੰਧ ਰੱਖਣ ਵਾਲੀ ਜਥੇਬੰਦੀ ਐਲਾਨਦੇ ਹੋਏ ਪ੍ਰਚਾਰ ਕਰਦਾ ਆ ਰਿਹਾ ਹੈ ਕਿ ਇਹ ਜਥੇਬੰਦੀ ਕੱਟੜ ਇਸਲਾਮਿਕ ਜਥੇਬੰਦੀ ਹੈ । ਜੋ ਹਿੰਦੂਤਵ ਹਕੂਮਤ ਮੁਸਲਮਾਨਾਂ ਨਾਲ ਗੈਰ-ਇਨਸਾਨੀਅਤ ਢੰਗ ਨਾਲ ਦੁਰਵਿਹਾਰ ਕਰਦੀ ਆ ਰਹੀ ਹੈ। ਉਹ ਬਹੁਤ ਸ਼ਰਮਨਾਕ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀਆਂ ਕਾਰਵਾਈਆਂ ਹਨ । 1992 ਵਿਚ ਬੀਜੇਪੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ, ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਨਰਸਿਮਾ ਰਾਓ ਅਤੇ ਕੱਟੜ ਹਿੰਦੂ ਜਥੇਬੰਦੀਆਂ ਇਕਸੁਰ ਹੋ ਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਜ਼ਬਰੀ ਢਹਿ-ਢੇਰੀ ਕਰ ਦਿੱਤਾ ਸੀ । ਹੁਣ ਉਥੇ ਇਹ ਕੱਟੜ ਹਿੰਦੂ ਜਥੇਬੰਦੀਆਂ ਅਤੇ ਹਿੰਦੂਤਵ ਹੁਕਮਰਾਨ ਰਾਮ ਮੰਦਰ ਬਣਾਉਣਾ ਚਾਹੁੰਦੀਆਂ ਹਨ, ਜੋ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਅਤੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਡੂੰਘਾਂ ਦੁੱਖ ਪਹੁੰਚਾਉਣ ਵਾਲੇ ਅਮਲ ਹਨ। ਜਦੋਂ ਹਿੰਦੂਤਵ ਹੁਕਮਰਾਨ ਦੇ ਮਨ ਅਤੇ ਆਤਮਾ ਵਿਚ ਮੁਸਲਿਮ ਕੌਮ ਪ੍ਰਤੀ ਅਤੇ ਮੁਸਲਿਮ ਹੱਕਾਂ ਦੇ ਲਈ ਸੰਘਰਸ਼ ਕਰਨ ਵਾਲੀਆ ਜਥੇਬੰਦੀਆਂ ਪ੍ਰਤੀ ਨਫ਼ਰਤ ਹੈ ਤਾਂ ਮਾਸਕੋ ਵਿਖੇ ਤਾਲਿਬਾਨ ਮੁੱਦੇ ਉਤੇ ਹੋਣ ਵਾਲੀ ਮੀਟਿੰਗ ਹਾਂਪੱਖੀ ਅਤੇ ਸਾਰਥਿਕ ਨਤੀਜਾ ਕਿਵੇਂ ਕੱਢ ਸਕਦੀ ਹੈ ? ਜਿਥੇ ਇਸਲਾਮਿਕ ਸੋਚ ਅਤੇ ਮੁਸਲਿਮ ਕੌਮ ਪੱਖੀ ਕੋਈ ਗੱਲ ਹੀ ਨਹੀਂ ਹੋਣੀ, ਅਜਿਹੀ ਮੀਟਿੰਗ ਵਿਚ ਕਿਸੇ ਵੀ ਇਸਲਾਮਿਕ ਮੁਲਕ ਜਾਂ ਇਸਲਾਮਿਕ ਆਗੂ ਨੂੰ ਸਾਮਿਲ ਹੀ ਨਹੀਂ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਇਸਲਾਮਿਕ ਅਤੇ ਮੁਸਲਿਮ ਕੌਮ ਵਿਰੁੱਧ ਕੀਤੀਆਂ ਜਾ ਰਹੀਆਂ ਨਫ਼ਰਤ ਭਰੀਆਂ ਕਾਰਵਾਈਆਂ ਅਤੇ ਉਨ੍ਹਾਂ ਵਿਰੁੱਧ ਗੈਰ-ਦਲੀਲ ਢੰਗ ਨਾਲ ਮੀਡੀਏ ਤੇ ਪ੍ਰੈਸ ਵਿਚ ਜ਼ਹਿਰ ਉਗਲਣ ਉਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਅਤੇ ਮੁਸਲਿਮ ਕੌਮ ਨੂੰ ਅਜਿਹੀਆਂ ਬੇਨਤੀਜਾ ਮੀਟਿੰਗਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ 2002 ਵਿਚ ਜਦੋਂ ਗੁਜਰਾਤ ਵਿਚ ਮੋਦੀ ਦੀ ਹਕੂਮਤ ਸੀ, 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਿਸੀ ਢੰਗ ਨਾਲ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਹਿੱਤ ਕਤਲੇਆਮ ਕੀਤਾ । ਅੱਜ ਮੋਦੀ ਹਕੂਮਤ ਅਤੇ ਯੂਪੀ ਦੀ ਸ੍ਰੀ ਅਦਿਤਾਨਾਥ ਜੋਗੀ ਦੀ ਹਕੂਮਤ, ਇਲਾਹਾਬਾਦ ਨੂੰ ਪਰਿਯਾਗਰਾਜ, ਫੈਸਲਾਬਾਦ ਨੂੰ ਅਯੁਧਿਆ, ਮੁਗਲ ਸਰਾਏ ਨੂੰ ਦੀਨਦਿਆਲ ਓਪਾਧਿਆ ਦੇ ਨਾਮ ਬਦਲਣ ਲੱਗੀ ਹੋਈ ਹੈ । ਅਹਿਮਦਾਬਾਦ ਦਾ ਨਾਮ ਵੀ ਹਿੰਦੂ ਨਾਮ ਰੱਖਣ ਲਈ ਵਿਚਾਰਾਂ ਹੋ ਰਹੀਆ ਹਨ । ਅਜਿਹੇ ਅਮਲ ਕਰਕੇ ਇਹ ਫਿਰਕੂ ਹੁਕਮਰਾਨ ਅਸਲੀਅਤ ਵਿਚ ਇਥੋਂ ਮੁਸਲਿਮ ਸੱਭਿਅਤਾ, ਰਸਮਾਂ-ਰਿਵਾਜ, ਉਨ੍ਹਾਂ ਦੀ ਜੁਬਾਨ ਨੂੰ ਬਦਲਕੇ ਹਿੰਦੂ ਪੁੱਠ ਚੜਾਉਣ ਦੇ ਅਮਲ ਕਰ ਰਹੀ ਹੈ । ਫਿਰ ਰੂਸ ਅਤੇ ਇੰਡੀਆ ਦੀਆਂ ਜੋ ਫ਼ੌਜਾਂ ਸਾਂਝੀਆ ਮਸ਼ਕਾਂ ਕਰ ਰਹੀਆ ਹਨ, ਉਨ੍ਹਾਂ ਵੱਲੋਂ ਮਾਸਕੋ ਵਿਖੇ ਵੀ ਹੋਣ ਵਾਲੀ ਮੀਟਿੰਗ ਵਿਚ ਮੁਸਲਮਾਨਾਂ ਦੇ ਹੱਕਾਂ ਦੀ ਰੱਖਿਆ ਕਿਵੇਂ ਹੋਵੇਗੀ ? ਤਾਜ ਮਹਿਲ ਨੂੰ ਵੀ ਹਿੰਦੂਤਵ ਅਸਥਾਨ ਐਲਾਨਣ ਦੀ ਗੱਲ ਕਰ ਰਹੇ ਹਨ । ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪਵਿੱਤਰ ਅਸਥਾਂਨ ਨੂੰ ਹਿੰਦੂ ਨਾਵਾਂ ਲਵ-ਕੁਸ਼ ਨਾਲ ਜੋੜਕੇ ਹਿੰਦੂਤਵ ਸੋਚ ਨੂੰ ਉਭਾਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ । ਅਜਿਹੇ ਅਮਲ ਹਿੰਦੂਤਵ ਸੋਚ ਨੂੰ ਜ਼ਬਰੀ ਘੱਟ ਗਿਣਤੀ ਕੌਮਾਂ ਉਤੇ ਠੋਸਣ ਦੇ ਕੀਤੇ ਜਾ ਰਹੇ ਹਨ । ਜੋ ਸਿੱਖ ਕੌਮ ਦੇ ਬਰਾਬਰਤਾ ਵਾਲੇ ਅਸੂਲਾਂ ਦਾ ਜਿਥੇ ਘਾਣ ਹੈ, ਉਥੇ ਹਿੰਦ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ, ਉਸਦਾ ਵੀ ਨਿਰਾਦਰ ਕਰਨ ਵਾਲੀ ਕਾਰਵਾਈ ਹੈ ।
ਹਿੰਦੂਆਂ ਅਤੇ ਮੁਸਲਿਮ ਕੌਮ, ਇਸਲਾਮ ਅਤੇ ਹਿੰਦੂ ਸਟੇਟ ਵਿਚ ਵੱਧਦੀ ਜਾ ਰਹੀ ਨਫ਼ਰਤ ਨੂੰ ਦੂਰ ਕਰਨ ਦਾ ਇੱਕੋ ਇੱਕ ਸਹੀ ਅਮਲ ਇਹ ਹੋ ਸਕਦਾ ਹੈ ਕਿ ਜੋ ਸਿੱਖ ਕੌਮ ਜਿਸਦਾ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਨਾਲ ਵੈਰ-ਵਿਰੋਧ ਨਹੀਂ, ਉਹ ਹਿੰਦੂ, ਮੁਸਲਿਮ ਵਿਚਕਾਰ ਸਦਭਾਵਨਾ ਭਰਿਆ ਮਾਹੌਲ ਬਣਾਉਣ ਲਈ, ਸਰਕਾਰੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਹੀ ਇਨ੍ਹਾਂ ਦੋ ਕੱਟੜ ਦੁਸ਼ਮਣ ਕੌਮਾਂ ਅਤੇ ਇਸਲਾਮਿਕ ਮੁਲਕਾਂ ਵਿਚਕਾਰ ਪੁਲ ਦਾ ਕੰਮ ਕਰ ਸਕਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਰੂਸ ਅਤੇ ਚੀਨ ਦੀਆਂ ਵੀ ਸਾਂਝੀਆਂ ਫ਼ੌਜੀ ਮਸ਼ਕਾਂ ਹੋ ਰਹੀਆ ਹਨ । ਤਾਂ ਲੜਾਈ ਹੋਣ ਸਮੇਂ ਰੂਸ ਅਤੇ ਚੀਨ ਤਾਂ ਇਕ ਵੱਡੀ ਤਾਕਤ ਹੋਣਗੇ ਫਿਰ ਹਿੰਦੂ ਫ਼ੌਜ ਦੇ ਮੁੱਖੀ ਜਰਨਲ ਰਾਵਤ ਦਾ ਇਹ ਬੇਮਾਇਨਾ ਬਿਆਨ ਕਿ ਸਿੱਖ ਕੌਮ ਦਿਵਾਲੀ ਤੇ ਦਹਿਸਤਗਰਦੀ ਵਾਲੀ ਕਾਰਵਾਈ ਕਰੇਗੀ, ਇਹ ਤਾਂ ਹਿੰਦੂਤਵ ਹੁਕਮਰਾਨਾਂ ਅਤੇ ਹਿੰਦੂ ਫ਼ੌਜ ਦੇ ਮੁੱਖੀ ਦੀ ਸਿੱਖ ਕੌਮ ਵਿਰੋਧੀ ਇਕ ਸਾਜਿ਼ਸ ਦੀ ਕੜੀ ਦਾ ਹਿੱਸਾ ਹੈ । ਜਿਸ ਵਿਰੁੱਧ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਪੱਧਰ ਤੇ ਆਵਾਜ਼ ਬੁਲੰਦ ਕਰਦਾ ਹੋਇਆ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਨੂੰ ਉਜਾਗਰ ਕਰਦਾ ਹੋਇਆ ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਹਿੰਦੂਤਵ ਹੁਕਮਰਾਨਾਂ ਵੱਲੋਂ ਹਿੰਦੂ ਫ਼ੌਜ ਦੇ ਮੁੱਖੀ ਜਰਨਲ ਰਾਵਤ ਦੀ ਅਗਵਾਈ ਹੇਠ ਬਲਿਊ ਸਟਾਰ-2 ਕਰਨ ਦੀ ਸਾਜਿਸ਼ ਦਾ ਸਹੀ ਦਿਸ਼ਾ ਵੱਲ ਜਿੱਥੇ ਜੁਆਬ ਦੇਣ ਉਥੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸਾਜਿਸ਼ ਨੂੰ ਵੀ ਕੌਮਾਂਤਰੀ ਪੱਧਰ ਤੇ ਨੰਗਾ ਕਰਕੇ ਹਿੰਦੂਤਵ ਹੁਕਮਰਾਨਾਂ ਦੇ ਖੂੰਖਾਰ ਚਿਹਰਿਆਂ ਨੂੰ ਚੌਰਾਹੇ ਵਿਚ ਲਿਆਉਣ ਤਾਂ ਕਿ ਇਹ ਹੁਕਮਰਾਨ ਪੰਜਾਬ ਵਿਚ ਅਤੇ ਸਿੱਖ ਕੌਮ ਦੇ ਵਸੋਂ ਵਾਲੇ ਇਲਾਕੇ ਵਿਚ ਫਿਰ ਤੋਂ ਕੋਈ ਖੂਨ ਖਰਾਬਾ ਨਾ ਕਰ ਸਕਣ ।