ਲੰਡਨ, (ਮਨਦੀਪ ਖੁਰਮੀ) – ਕਲਚਰ ਯੂਨਾਈਟ ਅਤੇ ਲਾਈਕਾ ਰੇਡੀਓ ਵੱਲੋਂ ਸਾਲਾਨਾ ਭੰਗੜਾ ਐਵਾਰਡ ਬਰਮਿੰਘਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਬਰਤਾਨਵੀ ਪੰਜਾਬੀ ਮੀਡੀਆ ਵਿਚ ਆਪਣੀ ਮਿੱਠੀ ਬੋਲੀ ਅਤੇ ਨਿਵੇਕਲੇ ਅੰਦਾਜ਼ ਨਾਲ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੀ ਮਾਣਮੱਤੀ ਪੰਜਾਬਣ ਮੋਹਨਜੀਤ ਬਸਰਾ ਦੀ ਝੋਲੀ ਸਰਵੋਤਮ ਟੀ. ਵੀ. ਪੇਸ਼ਕਾਰਾ ਦਾ ਐਵਾਰਡ ਪਿਆ ਹੈ। ਜਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਵੱਖ ਵੱਖ 24 ਵੰਨਗੀਆਂ ਦੇ ਮੁਕਾਬਲੇਬਾਜਾਂ ਨੇ ਹਿੱਸਾ ਲਿਆ ਸੀ। ਮੋਹਨਜੀਤ ਬਸਰਾ ਚਰਚਿਤ ਮੀਡੀਆ ਸਾਧਨ ਅਕਾਲ ਚੈਨਲ ਦੀ ਤਰਫੋਂ ਭਾਗ ਲੈਣ ਉਪਰੰਤ ਜੇਤੂ ਰਹੀ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਸਨਮਾਨ ਦੇ ਅਸਲ ਹੱਕਦਾਰ ਕਲਾ, ਸਭਿਆਚਾਰ, ਵਿਰਸੇ ਨੂੰ ਪਿਆਰ ਕਰਨ ਵਾਲੇ ਉਹਨਾਂ ਸਮੂਹ ਲੋਕਾਂ ਨੂੰ ਮੰਨਦੀ ਹੈ ਜਿਹਨਾਂ ਨੇ ਉਸਦੇ ਹੱਕ ਵਿੱਚ ਖੜ੍ਹ ਕੇ ਸਾਥ ਦਿੱਤਾ। ਇਹੀ ਸਾਥ ਉਸਨੂੰ ਅੱਗੇ ਤੋਂ ਹੋਰ ਵਧੇਰੇ ਊਰਜ਼ਾ ਨਾਲ ਕੰਮ ਕਰਨ ਲਈ ਉਤਸਾਹਿਤ ਕਰਦਾ ਰਹੇਗਾ। ਮੋਹਨਜੀਤ ਦਾ ਬਚਪਨ ਜਲੰਧਰ ਬੀਤਿਆ ਹੈ ਤੇ ਬਾਅਦ ਵਿੱਚ ਉਹਨਾਂ ਦਾ ਪੇਕਾ ਪਰਿਵਾਰ ਉੱਤਰ ਪ੍ਰਦੇਸ਼ ਵਸ ਗਿਆ। ਲੰਮਾ ਸਮਾਂ ਉਤਰ ਪ੍ਰਦੇਸ਼ ਵਿਚਰਣ ਦੇ ਬਾਵਜੂਦ ਵੀ ਉਸਦੇ ਬੋਲਾਂ ਵਿੱਚ ਠੇਠ ਪੰਜਾਬੀਅਤ ਦੀ ਝਲਕ ਬਾਖੂਬੀ ਪੈਂਦੀ ਹੈ। ਪੇਸ਼ਕਾਰਾ ਵਜੋਂ ਲਗਭਗ 9 ਸਾਲ ਤੋਂ ਮੀਡੀਆ ਖੇਤਰ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਗਿੱਧਾ ਸੰਸਾਰ ਗਰੁੱਪ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਬਹੁਤ ਸਾਰੇ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਦੇ ਨਾਲ ਨਾਲ ਪੰਜਾਬੀ ਫ਼ੀਚਰ ਫਿਲਮ ਮਾਹੀ ਐਨ ਆਰ ਆਈ ਵਿੱਚ ਵੀ ਕਿਰਦਾਰ ਨਿਭਾ ਚੁੱਕੀ ਮੋਹਨਜੀਤ ਬਸਰਾ ਭਾਰਤ ਰਹਿੰਦਿਆਂ ਰਾਸ਼ਟਰੀ ਪੱਧਰ ਦੀ ਅਥਲੈਟਿਕ ਖਿਡਾਰਨ ਵੀ ਰਹਿ ਚੁੱਕੀ ਹੈ।
ਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ. ਵੀ. ਪੇਸ਼ਕਾਰਾ ਐਵਾਰਡ
This entry was posted in ਅੰਤਰਰਾਸ਼ਟਰੀ.