ਨਵੀਂ ਦਿੱਲੀ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਰਬਪੱਖੀ, ਧਰਮ ਨਿਰਪੱਖ ਅਤੇ ਦਿਲੇਰੀ ਭਰਿਆ ਰਾਜ ਸੀ। ਮਹਾਰਾਜਾ ਦੇ ਦਰਬਾਰ ’ਚ ਸਮੂਹ ਧਰਮਾਂ ਦੇ ਸੂਝਵਾਨ ਦਰਬਾਰੀ ਸਨ। ਇਸ ਕਰਕੇ ਮਹਾਰਾਜਾ ਦਾ ਇਤਿਹਾਸ ਸਕੂਲੀ ਕਿਤਾਬਾਂ ’ਚ ਸ਼ਾਮਿਲ ਕਰਨਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਮੌਕੇ ਰਣਜੀਤ ਫਲਾਈਓਵਰ ਦੇ ਨੇੜੇ੍ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੀ ਵਰਖਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਜੀ.ਕੇ. ਨੇ ਇਤਿਹਾਸਕਾਰਾਂ ਦੀ ਸੌੜ੍ਹੀ ਸੋਚ ਦੀ ਵੀ ਨਿਖੇਧੀ ਕਰਦੇ ਹੋਏ ਕਿਹਾ ਕਿ ਮਹਾਰਾਜਾ ਦਾ ਰਾਜ, ਧਰਮ ਨਿਰਪੇਖ ਹੋਣ ਦੇ ਨਾਲ ਹੀ ਸਿਆਸੀ ਅਤੇ ਕੂਟਨੀਤੀਕ ਤੌਰ ’ਤੇ ਪਰਪੱਕ ਰਾਜ ਸੀ। ਮਹਾਰਾਜਾ ਨੇ ਰਾਜ ਕਰੇਗਾ ਖਾਲਸਾ ਦੇ ਸਿਧਾਂਤ ਨੂੰ ਅਪਨਾਉਂਦੇ ਹੋਏ ਪੰਜਾਬ, ਕਸ਼ਮੀਰ, ਕਾਂਗੜਾ, ਲੱਦਾਖ, ਕਾਬੁਲ ਅਤੇ ਚੀਨ ਦੇ ਕਾਫੀ ਵੱਡੇ ਹਿੱਸੇ ’ਤੇ ਦਿਲੇਰੀ ਸੱਦਕਾ ਰਾਜ ਕੀਤਾ। ਮਹਾਰਾਜਾ ਨੇ ਜਿਥੇ ਦਰਬਾਰ ਸਾਹਿਬ ਵਿਖੇ ਸੋਨਾ ਚੜਵਾਇਆ ਉਥੇ ਹੀ ਸ਼ਿਵ ਮੰਦਰ ਬਨਾਰਸ ਅਤੇ ਸੁਨਹਿਰੀ ਮਸੀਤ ਲਾਹੌਰ ਵਿਖੇ ਵੀ ਬਰਾਬਰ ਸੋਨਾ ਲਗਵਾਇਆ। ਇਹੀ ਕਾਰਨ ਸੀ ਕਿ ਅੰਗਰੇਜ਼ ਪੂਰੇ ਦੇਸ਼ ਨੂੰ ਗੁਲਾਮ ਬਣਾਉਣ ਦੇ ਬਾਵਜੂਦ 40 ਸਾਲ ਤੱਕ ਸਤਲੁਜ ਦਰਿਆ ਟੱਪਣ ਦੀ ਹਿੰਮਤ ਨਹੀਂ ਕਰ ਸਕੇ। ਜੀ.ਕੇ. ਨੇ ਕਿਹਾ ਕਿ ਸੰਸਾਰ ਜੰਗ 1 ਅਤੇ 2 ’ਚ ਸਿੱਖ ਫੌਜੀਆਂ ਦੇ ਭਾਗ ਲੈਣ ਪਿੱਛੇ ਵੀ ਮਹਾਰਾਜਾ ਵੱਲੋਂ ਸਿੱਖ ਨੌਜਵਾਨਾਂ ਨੂੰ ਜੰਗਜੂ ਕੌਸ਼ਲ ਸਿਖਾਉਣਾ ਮੁਖ ਕਾਰਨ ਸੀ। ਇਸ ਕਰਕੇ ਹੀ ਅੰਗਰੇਜਾਂ ਨੇ ਵੱਡੀ ਗਿਣਤੀ ’ਚ ਸਿੱਖ ਫੌਜੀਆਂ ਨੂੰ ਸੰਸਾਰ ਜੰਗ ’ਚ ਉਤਾਰਿਆ ਸੀ। ਉਕਤ ਜੰਗਾਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ’ਚ ਵਸ ਗਏ ਸਿੱਖ, ਸੰਸਾਰ ਭਰ ’ਚ ਆਪਣੀ ਕਾਬਲੀਅਤ ਅਤੇ ਮਿਹਨਤ ਸੱਦਕਾ ਕਾਮਯਾਬੀ ਪ੍ਰਾਪਤ ਕਰਨ ’ਚ ਕਾਮਯਾਬ ਰਹੇ।
ਮਹਾਰਾਜਾ ਰਣਜੀਤ ਸਿੰਘ ਦੇ ਕੂਟਨੀਤਿਕ ਕੌਸ਼ਲ ਦੀ ਚਰਚਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਚੀਨ ਸਾਨੂੰ ਅੱਜ 1962 ਦੀ ਜੰਗ ਦਾ ਹਵਾਲਾ ਦੇ ਕੇ ਬਾਰ-ਬਾਰ ਧਮਕਾਉਂਦਾ ਹੈ। ਪਰ ਇਸੇ ਚੀਨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਰਗਿਲ, ਗਿਲਗਿੱਤ ਅਤੇ ਸਿਲੀਕੇਨ ਵੈਲੀ ਜਿੱਤ ਕੇ ਹਿੰਦੂਸਤਾਨ ਦਾ ਹਿੱਸਾ ਬਣਾਇਆ ਸੀ। ਅਮਰੀਕਾ ਵਰਗੇ ਤਾਕਤਵਰ ਮੁਲਕ ਵੀ ਮਹਾਰਾਜਾ ਦੀ ਰਿਆਸਤ ਦਾ ਹਿੱਸਾ ਰਹੇ ਕਾਬੁਲ-ਕੰਧਾਰ ’ਤੇ ਕਬਜਾ ਕਰਨ ’ਚ ਕਾਮਯਾਬ ਨਹੀਂ ਹੋਏ।ਇਕ ਪਾਸੇ ਮਹਾਰਾਜਾ ਅੰਗਰੇਜ਼ਾ ਨਾਲ ਸਤਲੁਜ ਦਰਿਆ ਨਾ ਪਾਰ ਕਰਨ ਦਾ ਸਮਝੌਤਾ ਕਰਦਾ ਹੈ ਤੇ ਦੂਜੇ ਪਾਸੇ ਨੈਪੋਲੀਅਨ ਦੇ ਨਾਲ ਦੋਸਤੀ ਕਰਕੇ ਅੰਗਰੇਜ਼ਾ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਂਦਾ ਹੈ।
ਸਿਰਸਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਖਜਾਨੇ ਚੋਂ ਮਾਇਆ ਦੀ ਵੰਡ ਕਰਨ ਵੇਲੇ ਕਦੇ ਵਿੱਤਕਰਾ ਨਹੀਂ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਧਾਰਮਿਕ ਤੌਰ ’ਤੇ ਵਿੱਤਕਰੇ ਦੀ ਕੋਈ ਮਿਸਾਲ ਨਹੀਂ ਮਿਲਦੀ। ਅੰਗਰੇਜ਼ ਜਿਥੇ ਪੂਰੇ ਹਿੰਦੂਸਤਾਨ ’ਤੇ 200 ਸਾਲ ਤਕ ਹਕੂਮਤ ਕਰਨ ’ਚ ਕਾਮਯਾਬ ਰਹੇ ਪਰ ਉਥੇ ਹੀ ਪੰਜਾਬ ਆਪਣੇ ਬਹਾਦਰ ਸੂਰਮਿਆਂ ਦੇ ਕਰਕੇ ਸਿਰਫ 90 ਸਾਲ ਹੀ ਗੁਲਾਮ ਰਿਹਾ। ਇਸ ਕਰਕੇ ਧਰਮ ਨਿਰਪੇਖ, ਬਹਾਦਰ ਤੇ ਦੂਰਨਦੇਸ਼ੀ ਭਰਪੂਰ ਸੋਚ ਦੇ ਮਾਲਕ ਬਾਦਸ਼ਾਹ ਦੇ ਇਤਿਹਾਸ ਨੂੰ ਸਕੂਲੀ ਕਿਤਾਬਾ ਦਾ ਹਿੱਸਾ ਬਣਾਉਣਾ ਅਤਿ ਲੋੜੀਂਦਾ ਹੈ। ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਕੁਲਵੰਤ ਸਿੰਘ ਬਾਠ, ਨਿਸ਼ਾਨ ਸਿੰਘ ਮਾਨ, ਹਰਜੀਤ ਸਿੰਘ ਪੱਪਾ, ਆਤਮਾ ਸਿੰਘ ਲੁਬਾਣਾ, ਸਰਵਜੀਤ ਸਿੰਘ ਵਿਰਕ ਅਤੇ ਗੁਰਮੀਤ ਸਿੰਘ ਭਾਟੀਆ ਮੌਜੂਦ ਸਨ।