ਛੁੱਟੀ ਹੋਣ ਤੇ ਕਾਲਜ ਵਿਚੋਂ ਅਜੇ ਨਿਕਲੀਆਂ ਹੀ ਸੀ ਕਿ ਚੁਰਾਹੇ ਵਾਲੇ ਮੋੜ ਤੇ ਦਿਲਪ੍ਰੀਤ ਮਿਲ ਪਿਆ। ਅੱਜ ਦਿਲਪ੍ਰੀਤ ਕਿਸੇ ਹੋਰ ਕੰਮ ਬਜ਼ਾਰ ਵਿਚ ਆਇਆ ਸੀ ਨਾ ਕਿ ਦੀਪੀ ਨੂੰ ਮਿਲਣ। ਦਰਅਸਲ ਆਲੇ-ਦੁਆਲੇ ਦੇ ਪਿੰਡਾਂ ਨੂੰ ਇਹ ਹੀ ਸ਼ਹਿਰ ਲੱਗਦਾ ਸੀ, ਜਿੱਥੋਂ ਲੋਕੀ ਆਪਣੀਆਂ ਲੋੜਾਂ ਪੂਰੀਆਂ ਕਰਨ ਤੁਰੇ ਹੀ ਰਹਿੰਦੇ ਹਨ।
ਦੀਪੀ ਨਾਲ ਅਚਾਨਕ ਹੋਈ ਮੁਲਾਕਾਤ ਦਿਲਪ੍ਰੀਤ ਨੂੰ ਚੰਗੀ ਵੀ ਲੱਗੀ। ਇਕ ਦੂਜੇ ਨੂੰ ਦੇਖ ਕੇ ਰੁੱਕ ਗਏ।
“ਸੋਚਿਆ ਨਹੀਂ ਸੀ ਕਿ ਅੱਜ ਵੀ ਤੁਹਾਡੇ ਦਰਸ਼ਨ ਹੋਣਗੇ।” ਦਿਲਪ੍ਰੀਤ ਨੇ ਕਿਹਾ, “ਮੈ ਤਾਂ ਖਾਦ ਲੈਣ ਲਈ ਬਜ਼ਾਰ ਆਇਆ ਸਾਂ।”
ਦੀਪੀ ਦੇ ਬੋਲਣ ਤੋਂ ਪਹਿਲਾਂ ਹੀ ਸਿਮਰੀ ਬੋਲੀ, “ਜਿੱਥੇ ਚਾਹ, ਉੱਥੇ ਰਾਹ’ ਵਧਾਈਆਂ ਤਹਾਨੂੰ, ਬੜੇ ਛੁਪੇ ਰੁਸਤਮ ਨਿਕਲੇ।”
“ਇਸ ਤਰ੍ਹਾਂ ਦੇ ਹੀ ਹਾਂ ਆਪਾਂ।” ਦਿਲਪ੍ਰੀਤ ਨੇ ਮਾਣ ਜਿਹੇ ਨਾਲ ਕਿਹਾ, “ਹੋਰ ਤੁਹਾਡੀ ਸਹੇਲੀ ਐਵੇਂ ਨਹੀ ਸਾਨੂੰ ਮੰਨਦੀ”।
“ਮੈ ਤਾਂ ਤੁਹਾਡੀ ਗ਼ੁਲਾਮ ਬਣੀ ਹੀ ਸੀ।” ਦੀਪੀ ਨੇ ਜ਼ਵਾਬ ਦਿੱਤਾ, “ਤੁਸੀ ਤਾਂ ਮੇਰੇ ਮਾਪਿਆ ਨੂੰ ਵੀ ਵੱਸ ਕਰ ਲਿਆ।”
“ਮੇਰੇ ਮੰਮੀ ਡੈਡੀ ਵੀ, ਤੁਹਾਨੂੰ ਦੇਖਣ ਤੋਂ ਬਾਅਦ ਤੁਹਾਡੇ ਹੀ ਗੁਣ ਗਾ ਰਹੇ ਨੇ।”
ਸਿਮਰੀ ਨੇ ਕਿਹਾ, “ਇਸ ਖੁਸ਼ੀ ਵਿਚ ਕੁਝ ਚਾਹ-ਪਾਣੀ ਵੀ ਪਿਲਾਉਂਗੇ ਜਾਂ ਇਕ ਦੂਜੇ ਦੀਆਂ ਸਿਫਤਾਂ ਹੀ ਕਰੀ ਜਾਊਂਗੇ”
“ਸਾਹਮਣੇ ਦੁਰਗੇ ਦੀ ਦੁਕਾਨ ਤੇ ਚਲੋ, ਛੋਲੇ ਭਟੂਰੇ ਖਾਂਦੇ ਹਾਂ।” ਦਿਲਪ੍ਰੀਤ ਨੇ ਸੁਝਾਅ ਦਿੱਤਾ, “ਨਾਲੇ ਬੈਠ ਕੇ ਗੱਲ-ਬਾਤ ਕਰਦੇ ਹਾਂ।”
“ਏਡੀ ਵੱਡੀ ਖੁਸ਼ੀ ਵਿਚ ਛੋਲੇ ਭਟੂਰੇ ਖੁਆ ਕੇ ਹੀ ਸਾਰ ਦੇਣਾ।” ਸਿਮਰੀ ਨੇ ਕਿਹਾ।
“ਹੋਰ ਦਸੋ, ਫਿਰ ਕੀ ਖਾਣਾ?” ਦਿਲਪ੍ਰੀਤ ਨੇ ਪੁੱਛਿਆ।
“ਸ਼ਹਿਰ ਵਿਚ ਨਵੇਂ ਖੁੱਲੇ ਲਵਲੀ ਰੈਸਟੋਂਰੈਂਟ ਵਿਚ ਪਾਰਟੀ ਦਿਉ।” ਸਿਮਰੀ ਨਾਲ ਦੀ ਨਾਲ ਜਵਾਬ ਦੇ ਰਹੀ ਸੀ, “ਪਤਾ ਵੀ ਲੱਗੇ ਕਿ ਸਾਲ੍ਹੀ ਦੀ ਕਦਰ ਕਿਵੇਂ ਕਰੀਦੀ ਏ।”
“ਜੇ ਲਵਲੀ ਰੈਸਟੋਰੈਂਟ ਵਿਚ ਜਾਣ ਨਾਲ ਹੀ ਸਾਲ੍ਹੀ ਦੀ ਕਦਰ ਹੁੰਦੀ ਆ, ਤਾਂ ਮੇਰੇ ਵਲੋਂ ਹੁਣੇ ਹੀ ਤੁਰੋ।”
“ਅੱਜ ਨਹੀ।” ਦੀਪੀ ਬੋਲੀ, “ਤੁਸੀਂ ਫਿਰ ਕਿਸੇ ਵੇਲੇ ਇਸ ਨੂੰ ਲਵਲੀ ਰੈਸਟੋਰੈਂਟ ਵਿਚ ਖਾਣਾ ਖੁਆ ਦਿਉ।”
“ਤੇ ਤੂੰ ਨਹੀ ਖਾਣਾ।” ਸਿਮਰੀ ਨੇ ਅਪਣੱਤ ਨਾਲ ਕਿਹਾ, “ਚਲੋ, ਠੀਕ ਆ, ਤੁਸੀਂ ਮੈਨੂੰ ਵੀ ਨਾਲ ਲੈ ਜਾਇਉ।”
“ਪੁੱਛ ਲੈ ਆਪਣੀ ਸਹੇਲੀ ਤੋਂ।” ਦਿਲਪ੍ਰੀਤ ਨੇ ਟਿੱਚਰ ਨਾਲ ਕਿਹਾ, “ਮੈ ਤਾਂ ਕਿਸੇ ਵੇਲੇ ਵੀ ਲੈ ਜਾੳੂ।”
ਇਹ ਗੱਲ ਸੁਣ ਕੇ ਦੀਪੀ ਹੱਸ ਪਈ, ਪਰ ਸਿਮਰੀ ਸ਼ਰਮਿੰਦੀ ਜਿਹੀ ਹੋ ਗਈ। ਥੋੜੇ ਚਿਰ ਹੋਰ ਖਲੋਤੇ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਰੈਸਟੋਰੈਂਟ ਦਾ ਪਰੋਗਰਾਮ ਬਣਾ ਕੇ ਆਪਣੇ ਆਪਣੇ ਟਿਕਾਣਿਆ ਵੱਲ ਚੱਲ ਪਏ।