ਨਵੀਂ ਦਿੱਲੀ : ਦਿੱਲੀ ਸਰਕਾਰ ’ਤੇ ਕਾਬਿਜ ਆਮ ਆਦਮੀ ਪਾਰਟੀ ਵੱਲੋਂ ਸਿੱਖ ਦੇ ਖਿਲਾਫ਼ ਜਹਿਰ ਉਗਲਣ ਦੇ ਮਾਮਲੇ ’ਚ ਸਿਆਸਤ ਭੱਖ ਗਈ ਹੈ। ਜੂਨ 1984 ’ਚ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਦੇ ਨਾਲ ਛੱਲਣੀ ਕਰਨ ਦੇ ਕੀਤੇ ਗਏ ਕਾਰਜ ਨੂੰ ਆਪ ਵੱਲੋਂ ਜਾਇਜ਼ ਠਹਿਰਾਉਣ ’ਤੇ ਸਿੱਖ ਭੜਕ ਗਏ ਹਨ। ਨਾਲ ਹੀ 1984 ਸਿੱਖ ਕਤਲੇਆਮ ਮਾਮਲੇ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਦੋਸ਼ੀ ਠਹਿਰਾਏ ਗਏ 2 ਦੋਸ਼ੀਆਂ ਨੂੰ ਬੇਕਸੂਰ ਦੱਸ ਕੇ ਆਮ ਆਦਮੀ ਪਾਰਟੀ ਨੇ ਨਵੀਂ ਮੁਸ਼ੀਬਤ ਸਹੇੜ ਲਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿੱਖਾਂ ਪ੍ਰਤੀ ਨਫ਼ਰਤ ਬੇਨਕਾਬ ਹੋ ਗਈ ਹੈ। ਕਿਉਂਕਿ ਆਪ ਆਗੂ ਅਤੇ ਵਿਧਾਇਕ ਦੇਵੇਂਦਰ ਸਹਿਰਾਵਤ ਨੇ ਕਥਿਤ ਤੌਰ ’ਤੇ ਅਰਵਿੰਦ ਕੇਜਰੀਵਾਲ ਦੀ ਸ਼ਹਿ ’ਤੇ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੂੰ ਜਾਇਜ਼ ਦੱਸਿਆ ਹੈ ਸਗੋਂ ਨਵੰਬਰ 1984 ’ਚ ਮਾਰੇ ਗਏ 8000 ਸਿੱਖਾਂ ਦੇ ਕਤਲ ਨੂੰ ਵੀ ਠੀਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।ਆਮ ਆਦਮੀ ਪਾਰਟੀ ਨੇ ਸਾਕਾ ਨੀਲਾ ਤਾਰਾ ਦੌਰਾਨ ਮਾਰੀ ਗਈ ਬੇਗੁਨਾਹ ਸਿੱਖ ਸੰਗਤ ਦੀ ਸ਼ਹੀਦੀ ਨੂੰ ਇੱਕ ਤਰੀਕੇ ਨਾਲ ਜਾਇਜ਼ ਦੱਸ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਹਮਲੇ ਦਾ ਸਮਰਥਨ ਕੀਤਾ ਹੈ। ਇਹ ਸਿੱਧੇ ਤੌਰ ’ਤੇ ਕਾਂਗਰਸ ਵਰਗੀ ਸਿੱਖ ਵਿਰੋਧੀ ਅਤੇ ਨਫ਼ਰਤ ਭਰੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੁਲਕ ਦੀ ਪ੍ਰਧਾਨ ਮੰਤਰੀ ਦੇ 31 ਅਕਤੂਬਰ 1984 ਨੂੰ ਹੋਏ ਕਤਲ ਉਪਰੰਤ ਮਾਰੇ ਗਏ ਬੇਗੁਨਾਹ ਸਿੱਖਾਂ ਦੇ ਕਤਲੇਆਮ ਨੂੰ ਵਾਜ਼ਿਬ ਠਹਿਰਾਉਣ ਨਾਲ ਕੇਜਰੀਵਾਲ ਦੀ ਦੋਗਲੀ ਸਿਆਸਤ ਦਾ ਪਰਦਾਫ਼ਾਸ ਹੋਇਆ ਹੈ। ਇੱਕ ਪਾਸੇ ਪੰਜਾਬ ’ਚ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਚੋਣ ਮਨੋਰਥ ਪੱਤਰ ਅਤੇ ਰੈਲੀਆਂ ’ਚ ਕੇਜਰੀਵਾਲ ਸਿਰ ’ਤੇ ਦੱਸਤਾਰ ਸਜਾਉਣ ਦਾ ਢਕੋਸਲਾ ਕਰਦਾ ਹੈ ਤੇ ਦੂਜੇ ਪਾਸੇ ਆਪਣੇ ਆਗੂਆਂ ਤੋਂ ਸਿੱਖ ਵਿਰੋਧੀ ਬਿਆਨ ਦਿਵਾ ਕੇ ਫਿਰਕੂ ਤਨਾਵ ਪੈਦਾ ਕਰਕੇ ਵੋਟਾ ਦੀ ਫਸਲ ਕਟਣਾ ਚਾਹੁੰਦਾ ਹੈ। ਸਿਰਸਾ ਨੇ ਦੋਸ਼ ਲਗਾਇਆ ਕਿ ਅੰਗਰੇਜਾਂ ਦੀ ਨੀਤੀ ’ਤੇ ਚਲਦੇ ਹੋਏ ਆਮ ਆਦਮੀ ਪਾਰਟੀ ਸ਼ੇਰਾਂ ਵਰਗੀ ਸਿੱਖ ਕੌਮ ’ਚ ਸਿੱਖ ਦਿੱਖ ਵਾਲੇ ਭੇਡੂਆ ਨੂੰ ਵਾੜ੍ਹ ਕੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਚਾਲ ਚਲ ਰਹੀ ਹੈ। ਸਿਰਸਾ ਨੇ ਭਗਵੰਤ ਮਾਨ ਅਤੇ ਐਚ.ਐਸ. ਫੂਲਕਾ ’ਤੇ ਕੌਮ ਦੇ ਨਾਲ ਗੱਦਾਰੀ ਕਰਨ ਦਾ ਦੋਸ਼ ਲਗਾਊਂਦੇ ਹੋਏ ਪਾਰਟੀ ਦੀ ਸਿੱਖ ਵਿਰੋਧੀ ਨੀਤੀ ਦੇ ਖਿਲਾਫ਼ ਦੋਨਾਂ ਨੂੰ ਆਮ ਆਦਮੀ ਪਾਰਟੀ ਛੱੜਣ ਦੀ ਦਿਲੇਰੀ ਵਿਖਾਉਣ ਦੀ ਚੁਨੌਤੀ ਦਿੱਤੀ ਹੈ।
ਸਿਰਸਾ ਨੇ ਕਿਹਾ ਕਿ 1984 ਦੇ ਮਾਮਲੇ ’ਚ ਉਨ੍ਹਾਂ ਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ। ਜੋ ਵੀ 1984 ਦਾ ਇਨਸਾਫ ਲੈਣ ’ਚ ਰੋੜਾ ਅਟਕਾਏਗਾ, ਉਸ ਆਗੂ ਦੀ ਜ਼ਹਿਰੀਲੀ ਮਾਨਸਿਕਤਾ ਦਾ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ। ਸਿਰਸਾ ਨੇ ਕਿਹਾ ਕਿ ਇੱਖਲਾਕੀ ਤੌਰ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ 1984 ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ, ਕਿਊਂਕਿ ਜਗਦੀਸ਼ ਟਾਈਟਲਰ ਨੂੰ ਜੱਫ਼ੀ ਪਾਉਣ ਤੋਂ ਬਾਅਦ ਕੇਜਰੀਵਾਲ ਦੇ ਦਫਤਰ ਤੋਂ 1984 ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਦੀ ਫਾਇਲ ਗੁਮ ਹੋ ਜਾਂਦੀ ਹੈ। ਨਾਲ ਹੀ ਸੰਸਦ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਅੱਜ ਤਕ ਦਿੱਲੀ ਸਰਕਾਰ ਇੱਕ ਵੀ ਪੀੜਿਤ ਨੂੰ ਨੌਕਰੀ ਦੇਣ ਦਾ ਵਾਇਦਾ ਨਹੀਂ ਨਿਭਾ ਪਾਈ ਹੈ।