ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਇਤਿਹਾਸ ਅਤੇ ਵਿਚਾਰਧਾਰਾ ਦੀ ਜਾਣਕਾਰੀ ਦੇਣ ਲਈ ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸਨੀ ਦੀ ਅੱਜ ਸ਼ੁਰੂਆਤ ਹੋਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ 17 ਨਵੰਬਰ ਤੋਂ 26 ਨਵੰਬਰ ਤਕ ਉਕਤ ਪ੍ਰਦਰਸ਼ਨੀ ਲਗਾਈ ਗਈ ਹੈ। ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਨਿਹੰਗ ਜੋੜੇ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ’ਚ ਉੱਘੇ ਪ੍ਰਕਾਸ਼ਕਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ’ਤੇ ਛੋਟ ਵੀ ਦਿੱਤੀ ਜਾ ਰਹੀ ਹੈ।
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਜਿਸਦਾ ਸਿਰਲੇਖ ‘‘ਰਬਾਬ ਤੋਂ ਨਗਾੜਾ’’ ਹੈ। ਚਿੱਤਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਅਧਿਆਤਮਿਕ ਸਫ਼ਰ ਨੂੰ ਰਬਾਬ ਤੋਂ ਲੈ ਕੇ ਨਗਾੜੇ ਤਕ ਬੇਹਤਰੀਨ ਤਰੀਕੇ ਨਾਲ ਦਰਸ਼ਾਇਆ ਗਿਆ ਹੈ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਉਦਘਾਟਨ ਉਪਰੰਤ ਵੱਖ-ਵੱਖ ਸਟਾਲਾਂ ਦਾ ਜਾਇਜ਼ਾ ਲਿਆ।
ਜੀ.ਕੇ. ਨੇ ਕਿਹਾ ਕਿ ਉਕਤ ਪ੍ਰਦਰਸ਼ਨੀ ਸਿੱਖ ਇਤਿਹਾਸ, ਵਿਚਾਰਧਾਰਾ, ਸਭਿਆਚਾਰ ਅਤੇ ਇਤਿਹਾਸ ਨਾਲ ਜੋੜਨ ਦਾ ਵੱਡਾ ਉਪਰਾਲਾ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਜੋੜਨ ਦਾ ਸੁਨੇਹਾ ਦਿੱਤਾ ਸੀ। ਉਸੇ ਸੁਨੇਹੇ ਨੂੰ ਸਾਹਿਤ ਅਤੇ ਚਿੱਤਰ ਰਾਹੀਂ ਸੰਗਤ ਨੂੰ ਸਮਝਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਿੱਖ ਖੋਜਕਾਰ ਰੋਜ਼ਾਨਾ ਨਵੀਂਆਂ ਖੋਜਾਂ ਨੂੰ ਅੰਜਾਮ ਦੇ ਕੇ ਸੁਖਾਲੇ ਤਰੀਕੇ ਨਾਲ ਸੰਗਤ ਦੇ ਤਰਕ ਨੂੰ ਸਮਝ ਰਹੇ ਹਨ।
ਜੀ.ਕੇ. ਨੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਲਗਾਈ ਗਈ ਚਿੱਤਰ ਪ੍ਰਦਰਸ਼ਨੀ ਨੂੰ ਸ਼ਾਨਦਾਰ ਦੱਸਦੇ ਹੋਏ ਕਿਹਾ ਕਿ ‘‘ਰਬਾਬ ਤੋਂ ਨਗਾੜੇ’’ ਤਕ ਦਾ ਸਿਰਲੇਖ ਹੀ ਆਪਣੇ ਆਪ ’ਚ ਸਭ ਕੁਝ ਬਿਆਨ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਰਬਾਬ ਨਾਲ ਅਧਿਆਤਮਿਕ ਭਗਤੀ ਨੂੰ ਸੁਰਜੀਤ ਕੀਤਾ ਸੀ ਜਦਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਗਾੜੇ ਰਾਹੀਂ ਬੀਰ ਰਸ ਦੀ ਸ਼ਕਤੀ ਦਾ ਸੋਮਾ ਪੁਟਿਆ ਸੀ। ਇਸ ਕਰਕੇ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਇਸ ਸਰੋਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਦੇ ਰੂਪ ’ਚ ਸਾਨੂੰ ਸੌਂਪ ਕੇ ਅਧਿਆਤਮ ਅਤੇ ਬੀਰ ਰਸ ਨੂੰ ਇੱਕਤ੍ਰ ਕਰ ਦਿੱਤਾ ਹੈ। ਜੀ.ਕੇ. ਨੇ ਸੰਗਤਾਂ ਨੂੰ ਪ੍ਰਦਰਸ਼ਨੀ ’ਚ ਆਉਣ ਦਾ ਸੱਦਾ ਦਿੰਦੇ ਹੋਏ ਪੰਜਾਬ ਐਂਡ ਸਿੰਧ ਬੈਂਕ, ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਪੰਜਾਬੀ ਯੂਨੀਵਰਸਿਟੀ, ਦਮਦਮੀ ਟਕਸਾਲ,ਨੈਸ਼ਨਲ ਬੁੱਕ ਟਰੱਸਟ ਇੰਡੀਆ ਅਤੇ ਮਿਸ਼ਨਰੀ ਸੋਸਾਈਟੀਆਂ ਦੇ ਸਟਾਲ ਲਗਣ ਦੀ ਜਾਣਕਾਰੀ ਦਿੱਤੀ।