ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਪਰ ਪੁਲਿਸ ਪ੍ਰਸਾਸ਼ਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਅਜੇ ਪਿੱਛਲੇ ਸਮੇਂ ਦੌਰਾਨ ਸ਼ਾਹਕੋਟ ਇਲਾਕੇ ਵਿੱਚ ਵਾਪਰੀਆ ਵਾਰਦਾਤਾਂ ਨੂੰ ਹੱਲ ਨਹੀਂ ਸੀ ਕਰ ਸਕੀ ਕਿ ਮੰਗਲਵਾਰ ਬਾਅਦ ਦੁਪਹਿਰ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਭੀੜ ਵਾਲੇ ਇਲਾਕੇ ਭੀੜਾ ਬਜ਼ਾਰ ਸ਼ਾਹਕੋਟ ਵਿਖੇ ਵਾਰਦਾਤ ਨੂੰ ਅੰਜਾਮ ਦੇ ਕੇ ਇੱਕ ਸਕੂਲ ਤੋਂ ਘਰ ਵਾਪਸ ਆ ਰਹੀ ਅਧਿਆਪਕਾਂ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨੀ ਝਪਟ ਲਈ ਅਤੇ ਫਰਾਰ ਹੋ ਗਏ। ਇਸ ਵਾਰਦਾਤ ਵਿੱਚ ਅਧਿਆਪਕਾਂ ਦੇ ਕਰੀਬ 7-8 ਮਹੀਨੇ ਦੇ ਬੱਚੇ ਦੇ ਵੀ ਮਾਮੂਲੀ ਸੱਟ ਲੱਗ ਗਈ। ਜਾਣਕਾਰੀ ਅਨੁਸਾਰ ਅਮਰਦੀਪ ਕੌਰ ਪਤਨੀ ਰੋਹਿਨ ਸੋਬਤੀ ਵਾਸੀ ਨਜ਼ਦੀਕ ਮਾਤਾ ਰਾਣੀ ਮੰਦਰ ਭੀੜਾ ਬਜ਼ਾਰ ਸ਼ਾਹਕੋਟ ਰੋਜ਼ਾਨਾਂ ਦੀ ਤਰਾਂ ਆਪਣੀ ਲੜਕੀ ਮਾਨਿਆ ਅਤੇ ਲੜਕੇ ਆਯੂਸ਼ਮਾਨ ਸੋਬਤੀ ਨਾਲ ਕਰੀਬ 3:15 ਵਜੇ ਸਕੂਲ ਤੋਂ ਆਪਣੀ ਡਿਊਟੀ ਕਰ ਵਾਪਸ ਆਪਣੇ ਘਰ ਆ ਰਹੇ ਸਨ। ਇਸੇ ਦੌਰਾਨ ਜਦ ਉਹ ਸਕੂਲ ਬਸ ਤੋਂ ਉਤਰ ਕੇ ਵਾਪਸ ਪੈਦਲ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਉਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਦ ਉਨਾਂ ਨੇ ਸਾਈਡ ਦੇ ਕੇ ਉਨਾਂ ਨੂੰ ਅੱਗੇ ਲੰਘਾ ਦਿੱਤਾ ਤਾਂ ਲੁਟੇਰੇ ਮੋਟਰਸਾਈਕਲ ਮੋੜ ਕੇ ਵਾਪਸ ਉਨਾਂ ਦੇ ਅੱਗੇ ਦੀ ਆਏ ਅਤੇ ਉਨਾਂ ਅਧਿਆਪਕਾ ਅਮਰਦੀਪ ਕੌਰ ਦੇ ਘਰ ਨਜ਼ਦੀਕ ਮਾਤਾ ਰਾਣੀ ਮੰਦਰ ਦੇ ਸਾਹਮਣੇ ਗਲੀ ਵਿੱਚ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਝਪਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਹਿੰਮਤ ਕਰਦਿਆ ਆਪਣੀ ਚੈਨ ਤਾਂ ਬਚਾ ਲਈ ਪਰ ਲੁਟੇਰੇ ਚੈਨ ਵਿੱਚ ਪਾਇਆ ਲਾਕਟ ਝਪਟਣ ਵਿੱਚ ਕਾਮਯਾਬ ਹੋ ਗਏ। ਇਹ ਸਾਰੀ ਵਾਰਦਾਤ ਨਜ਼ਦੀਕ ਦੁਕਾਨਾਂ ਵਿੱਚ ਲੱਗੇ ਸੀ.ਸੀ., ਟੀ.ਵੀ. ਕੈਮਰਿਆ ਵਿੱਚ ਕੈਦ ਹੋ ਗਈ। ਇਸ ਸਬੰਧੀ ਆਸ-ਪਾਸ ਦੇ ਦੁਕਾਨਦਾਰਾਂ ਨੇ ਲੁਟੇਰਿਆ ਨੂੰ ਫੜ੍ਹਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਪੀ.ਸੀ.ਆਰ. ਟੀਮ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ, ਜਿਨਾਂ ਵਾਰਦਾਤ ਸਬੰਧੀ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ। ਇਲਾਕੇ ਵਿੱਚ ਆਏ ਦਿਨ ਵਾਪਰ ਰਹੀਆ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਆਪਣੇ-ਆਪ ਨੂੰ ਅਸੁਰੱਖਿਆ ਮਹਿਸੂਸ ਕਰ ਰਹੇ ਹਨ।
ਸ਼ਾਹਕੋਟ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅਧਿਆਪਕਾ ਦੇ ਗਲੇ ਵਿੱਚੋ ਸੋਨੇ ਦੀ ਚੇਨ ਝਪਟੀ
This entry was posted in ਪੰਜਾਬ.