ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਾਲ ਹੀ ’ਚ ਨਿਰਦੇਸ਼ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਪੰਜਾਬ ’ਚ ਖੌਫ ਦਾ ਮਾਹੌਲ ਸਿਰਜਣ ਤੋਂ ਗੁਰੇਜ ਕਰਨ ਲਈ ਕਿਹਾ ਹੈ।
ਦਮਦਮੀ ਟਕਸਾਲ ਮੁਖੀ ਅਦਲੀਵਾਲ ਧਮਾਕੇ ਸਬੰਧੀ ਗਲ ਕਰ ਰਹੇ ਸਨ ਨੇ ਕਿਹਾ ਕਿ ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਨਾਲ ਸਿੱਖ ਭਾਈਚਾਰੇ ’ਚ ਚਿੰਤਾ ਅਤੇ ਅਸੁਰੱਖਿਅਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ, ਸੁਰੱਖਿਆ ਏਜੰਸੀਆਂ, ਕੁਝ ਮੀਡੀਆ ਘਰਾਣਿਆਂ ਵਲੋਂ ਆਪਣੇ ਫਾਇਦੇ ਲਈ ਉਕਤ ਵਾਰਦਾਤ ਨੂੰ ਸਮੁਚੀ ਸਿੱਖ ਨੌਜਵਾਨਾਂ ਨਾਲ ਜੋੜ ਕੇ ਫਿਰਕੂ ਰੰਗਤ ਦੇਣਾ, ਪ੍ਰਚਾਰਨਾ ਸਰਹੱਦੀ ਸੂਬਾ ਪੰਜਾਬ ਲਈ ਹੀ ਨਹੀਂ ਸਗੋਂ ਇਹ ਦੇਸ਼ ਦੇ ਹਿੱਤ ’ਚ ਵੀ ਨਹੀਂ ਹੋਵੇਗਾ। ਉਹਨਾਂ ਅਤੇ ਸਿਆਸੀ ਕਾਰਕੁਨਾਂ ਵਲੋਂ ਘਟਨਾ ਦੇ ਅਸਲ ਪਰਿਪੇਖ ਨੂੰ ਵਾਚਨ ਤੋਂ ਬਿਨਾ ਰਾਜਨੀਤੀ ਤੋ ਪ੍ਰੇਰਿਤ ਕੀਤੀ ਜਾ ਰਹੀ ਬਿਆਨਬਾਜੀ ਨੂੰ ਵੀ ਹਲਕੇ ਪਧਰ ਦੀ ਅਤੇ ਗੈਰ ਜਿਮੇਵਾਰਾਨਾ ਕਰਾਰ ਦਿਤਾ। ਉਹਨਾਂ ਕਿਹਾ ਕਿ 80 ਵਿਆਂ ਦੌਰਾਨ ਕਾਂਗਰਸ ਦੀਆਂ ਗੱਲਤ ਨੀਤੀਆਂ ਕਾਰਨ ਪੰਜਾਬ ਨੂੰ ਬਹੁਤ ਮਾੜਾ ਸਮਾਂ ਦੇਖਣਾ ਪਿਆ, ਸਿੱਖਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਜਿਸ ਦਾ ਸੇਕ ਦੇਸ਼ ਦੇ ਦੂਜੇ ਹਿਸਿਆਂ ’ਚ ਵੀ ਪੂਰੀ ਤਰਾਂ ਮਹਿਸੂਸ ਕੀਤਾ ਗਿਆ। ਉਹਨਾਂ ਪੰਜਾਬ ਨੂੰ ਅਸ਼ਾਂਤ ਅਤੇ ਗੜਬੜ ਵਾਲੇ ਰਾਜਾਂ ਦੀ ਸੂਚੀ ਤੋਂ ਬਾਹਰ ਕਰਨ ਦੀ ਲੋੜ ’ਤੇ ਜੋਰ ਦਿਤਾ। ਉਹਨਾਂ ਭੜਕਾਹਟ ਵਾਲੀ ਬਿਆਨਬਾਜੀ ਤੋਂ ਹਰੇਕ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਹਾਲ ਹੀ ਵਿਚ ਫੌਜੀ ਮੁਖੀ ਵਿਪਿਨ ਰਾਵਤ ਦਾ ਪੰਜਾਬ ਪ੍ਰਤੀ ਬਿਆਨ ਕਿਸੇ ਤਰਾਂ ਵੀ ਸਲਾਹੁਣਯੋਗ ਨਹੀਂ ਰਿਹਾ। ਉਹਨਾਂ ਜੋਰ ਦੇ ਕੇ ਕਿਹਾ ਕਿ ਕਿਸੇ ਵੀ ਘਟਨਾ ਲਈ ਬੇਕਸੂਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ, ਸਿਖਾਂ ਪ੍ਰਤੀ ਸ਼ੱਕੀ ਅਤੇ ਨਫਰਤ ਦੀ ਭਾਵਨਾ ਨੂੰ ਪੈਦਾ ਕਰਨਾ ਆਦਿ ਫਿਰਕੂ ਪੱਤਾ ਖੇਡਣਾ ਸਿੱਖਾਂ ’ਚ ਅਲਹਿਦਗੀ ਦੀ ਭਾਵਨਾਂ ਨੂੰ ਹੋਰ ਮਜਬੂਤ ਕਰਨ ਦਾ ਕਾਰਨ ਬਣੇਗਾ। ਉਹਨਾਂ ਪੰਜਾਬ ਨੂੰ ਮੁੜ ਤੋਂ ਸਿਆਸੀ ਪ੍ਰਯੋਗਸ਼ਾਲਾ ਬਣਾਉਣ ਤੋਂ ਵਰਜਦਿਆਂ ਕਿਹਾ ਕਿ ਰਾਜ ਦੇ ਅਮਨ ਚੈਨ ਲਈ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ। ਹਰ ਘਟਨਾ ਪਿਛੇ ਗੁਆਂਢੀ ਮੁਲਕ ’ਤੇ ਤੋੜਾ ਝਾੜਣ ਦੀ ਥਾਂ ਸੁਰਖਿਆ ਏਜੰਸੀਆਂ ਨੂੰ ਕੰਮ ਕਾਜ ਨੂੰ ਕਾਰਗਰ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਤੇ ਦੌਰਾਨ ਚੋਣਾਂ ਮੌਕੇ ਮੌੜ ਬੰਬ ਧਮਾਕਾ ਹੋਇਆ ਤਾਂ ਸਰਕਾਰ ਅਤੇ ਸੁਰਖਿਆ ਏਜੰਸੀਆਂ ਨੇ ਇਸ ਦਾ ਤੋੜਾ ਗੁਆਂਢੀ ਮੁਲਕ ’ਤੇ ਝਾੜ ਦਿਤਾ ਪਰ ਸਮਾ ਪਾ ਕੇ ਕਸੂਰਵਾਰ ਅਤੇ ਅਸਲੀਅਤ ਕੁਝ ਹੋਰ ਨਿਕਲਿਆ।
ਇਸ ਮੌਕੇ ਦਮਦਮੀ ਟਕਸਾਲ ਮੁੱਖੀ ਨੇ ਨਵੰਬਰ ’84 ਦੇ ਸਿੱਖ ਕਤਲੇਆਮ ’ਚ ਸ਼ਾਮਿਲ ਦੋ ਦੋਸ਼ੀਆਂ ਨੂੰ ਦਿਲੀ ਦੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ’ਤੇ ਤਸਲੀ ਪ੍ਰਗਟ ਕਰਦਿਆਂ ਇਸ ਨੂੰ ਦੇਰ ਆਏ ਦਰੁਸਤ ਆਏ ਕਿਹਾ। ਉਹਨਾਂ ਕਿਹਾਕਿ 34 ਸਾਲ ਬਾਅਦ ਆਏ ਫੈਸਲੇ ਨਾਲ ਸਿਖ ਕੌਮ ਨੂੰ ਅਗੇ ਤੋਂ ਨਿਆਂ ਮਿਲਣ ਦੀ ਆਸ ਬਝੀ ਹੈ।