ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋ ਕੇ ਚਾਂਦਨੀ ਚੌਂਕ, ਫਤਿਹਪੁਰੀ, ਖਾਰੀ ਬਾਉਲੀ, ਲਾਹੌਰੀ ਗੇਟ, ਕੁਤਬਰੋਡ, ਤੇਲੀਵਾੜਾ, ਆਜ਼ਾਦ ਮਾਰਕੀਟ, ਪੁਲ ਬੰਗਸ਼, ਰੋਸ਼ਨਆਰਾ ਰੋਡ, ਘੰਟਾ ਘਰ ਸਬਜ਼ੀ ਮੰਡੀ, ਗੁੜ ਮੰਡੀ, ਰਾਣਾ ਪ੍ਰਤਾਪ ਬਾਗ, ਬੇਬੇ ਨਾਨਕੀ ਚੌਂਕ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਪੁੱਜਾ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਦਲੇਰੀ ਨਾਲ ਜਿਥੇ ਹਿੰਦੁਸਤਾਨ ਦੀ ਜਨਤਾ ਨੂੰ ਫੋਕੀਆਂ ਰਸਮਾਂ ਰੀਤਾਂ, ਪਾਖੰਡਾਂ ਤੇ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਸੁਚੇਤ ਕੀਤਾ ਉਥੇ ਵਿਦੇਸ਼ੀ ਹਮਲਾਵਾਰਾਂ ਨੂੰ ਵੰਗਾਰ ਪਾਈ ਜੋ ਆਏ ਦਿਨ ਇਥੇ ਹਮਲੇ ਕਰਕੇ ਇਥੋਂ ਦੀ ਪਹਿਲਾਂ ਤੋਂ ਹੀ ਸਾਹ ਸਤਹੀਨ ਹੋਈ ਪਰਜਾ ’ਤੇ ਜ਼ੁਲਮ ਢਾਹੁੰਦੇ ਰਹਿੰਦੇ ਸਨ ਅਤੇ ਇਥੋਂ ਦੇ ਧਨ ਦੌਲਤ ਦੇ ਨਾਲ-ਨਾਲ ਇਥੋਂ ਦੀ ਪੱਤ ਲੁੱਟਣ ਤੋਂ ਵੀ ਸੰਕੋਚ ਨਹੀਂ ਕਰਦੇ ਸਨ। ਐਮਨਾਬਾਦ ਦੇ ਹਮਲੇ ਦੌਰਾਨ ਗੁਰੂ ਸਾਹਿਬ ਨੇ ਇੱਕ ਤਾਕਤਵਰ ਮੁਗਲ ਬਾਦਸ਼ਾਹ ਬਾਬਰ ਨੂੰ ਜਾਬਰ ਤੱਕ ਕਹਿਣ ਦੀ ਜੁਰਅਤ ਕੀਤੀ।
ਗੁਰੂ ਨਾਨਕ ਸਾਹਿਬ ਦੇ ਸਮੇਂ ਇਥੋਂ ਦੀ ਜਨਤਾ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਤੇ ਵੰਡ ਵਿਤਕਰੇ ਦਾ ਪੂਰੀ ਤਰ੍ਹਾਂ ਸ਼ਿਕਾਰ ਸੀ। ਇਥੋਂ ਦੀ ਪਰਜਾ ਦੀ ਰਾਖੀ ਕਰਨ ਵਾਲੇ ਹਾਕਮ ਸ਼੍ਰੇਣੀ ਦੇ ਲੋਕ ਖੁਦ ਵੀ ਆਪਣੀ ਪਰਜਾ ’ਤੇ ਜ਼ੁਲਮ ਢਾਹ ਰਹੇ ਸਨ। ਧਾਰਮਿਕ ਸਿੱਖਿਆ ਦੇਣ ਵਾਲੇ ਲੋਕ ਵੀ ਜਨਤਾ ਨੂੰ ਅੰਧ ਵਿਸ਼ਵਾਸ ਵਿੱਚ ਡੋਬ ਕੇ ਪੂਰੀ ਤਰ੍ਹਾਂ ਲੁੱਟ ਰਹੇ ਸਨ।
ਗੁਰੂ ਸਾਹਿਬ ਨੇ ਭਾਰਤੀ ਸਮਾਜ ਦੀ ਇਸ ਨਿਘਰ ਵਾਲੀ ਦਸ਼ਾ ਨੂੰ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਆਪਣੇ ਆਪ ਨੂੰ ਅਖੌਤੀ ਨੀਚ ਸਮਝੇ ਜਾਣ ਵਾਲਿਆਂ ਦਾ ਸੰਗੀ ਸਾਥੀ ਕਿਹਾ। ਉਚ ਸ਼੍ਰੇਣੀ ਕਹਾਉਣ ਵਾਲੇ ਲੋਕਾਂ ’ਤੇ ਕਰਾਰੀ ਸੱਟ ਮਾਰਦਿਆਂ ਜਾਤਾਂ-ਪਾਤਾਂ ਦਾ ਖੰਡਨ ਕੀਤਾ। ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਥਾਂ-ਥਾਂ ਜਾ ਕੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਨਾਲ-ਨਾਲ ਦਿਖਾਵੇ ਦੀ ਪੂਜਾ ਪਾਠ ਕਰਨ ਵਾਲਿਆਂ ਨੂੰ ਵੀ ਝੰਜੋੜਿਆ ਤੇ ਕੇਵਲ ਇਕੋਂ ਅਕਾਲ ਪੁਰਖ ਦੀ ਉਸਤਤਿ ਕਰਦਿਆਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕਨ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਉਹ ਅਕਾਲ ਪੁਰਖ ਹੀ ਸਭ ਨੂੰ ਪੈਦਾ ਕਰਨ ਵਾਲਾ, ਦਾਤਾ ਦੇਣ ਵਾਲਾ ਤੇ ਇਨਸਾਫ ਕਰਨ ਵਾਲਾ ਹੈ।
ਨਗਰ ਕੀਰਤਨ ਵਿੱਚ ਸੱਜੀ ਹੋਈ ਗੱਡੀ ਵਿੱਚ ਨਗਾਰਾ, ਸਮੂਹ ਖਾਲਸਾ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਬੈਂਡ ਵਾਜਿਆਂ ਸਮੇਤ, ਹੋਰ ਬੈਂਡ ਵਾਜੇ, ਲਾਡਲੀਆਂ ਫੌਜਾਂ (ਘੋੜ ਸਵਾਰ) ਜਿਥੇ ਨਗਰ ਕੀਰਤਨ ਦੀ ਸੋਭਾ ਵਧਾ ਰਹੇ ਸਨ ਤੇ ਝਾੜੂ ਜਥੇ ਸ਼ਰਧਾ ਨਾਲ ਸੇਵਾ ਕਰ ਰਹੇ ਸਨ, ਉਥੇ ਸ਼ਬਦੀ ਜਥੇ, ਅਖੰਡ ਕੀਰਤਨੀ ਜਥੇ, ਕੀਰਤਨ ਨਾਲ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜ ਰਹੇ ਸਨ। ਨਗਰ ਕੀਰਤਨ ਵਿੱਚ ਸ਼ਸਤਰ ਵਿਦਿਆ ਦਲ ਦੇ ਕਈ ਅਖਾੜੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਸਨ। ਰਸਤੇ ਵਿੱਚ ਗੁਰੂ ਮਹਾਰਾਜ ਦਾ ਸਤਿਕਾਰ ਕਰਨ ਹਿੱਤ ਥਾਂ-ਥਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਵਾਗਤੀ ਗੇਟ ਬਣਾਏ ਹੋਏ ਸਨ ਤੇ ਹਰ ਥਾਂ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਸੀ। ਸੰਗਤਾਂ ਦੀ ਸਹੂਲੀਅਤ ਲਈ ਜਲ ਆਦਿ ਅਤੇ ਮੈਡੀਕਲ ਸਹੂਲਤਾ ਲਈ ਸੇਵਕ ਜਥਿਆਂ ਵੱਲੋਂ ਛਬੀਲਾਂ ਅਤੇ ਐਬੂਲੈਂਸ ਬ੍ਰਿਗੇਡ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਮੌਕੇ ਕਮੇਟੀ ਸੀਨੀਅਰ ਮੀਤ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਸ. ਅਮਰਜੀਤ ਸਿੰਘ ਪੱਪੂ ਫਤਹਿ ਨਗਰ, ਮੈਂਬਰ ਸ. ਚਮਨ ਸਿੰਘ ਸਾਹਿਬਪੁਰਾ, ਸ. ਹਰਿੰਦਰ ਸਿੰਘ ਕੇ.ਪੀ., ਸ. ਹਰਜਿੰਦਰ ਸਿੰਘ, ਸ. ਅਮਰਜੀਤ ਸਿੰਘ ਪਿੰਕੀ, ਸ. ਵਿਕਰਮ ਸਿੰਘ ਰੋਹਿਣੀ, ਸ. ਗੁਰਮੀਤ ਸਿੰਘ ਮੀਤਾ, ਸ. ਹਰਜੀਤ ਸਿੰਘ ਪੱਪਾ, ਸ. ਬਲਦੇਵ ਸਿੰਘ ਰਾਣੀਬਾਗ, ਡਾ.ਨਿਸ਼ਾਨ ਸਿੰਘ ਮਾਨ, ਸ. ਸਰਬਜੀਤ ਸਿੰਘ ਵਿਰਕ, ਸ. ਮਨਮੋਹਨ ਸਿੰਘ, ਸ. ਹਰਜੀਤ ਸਿੰਘ ਜੀ.ਕੇ., ਸ. ਜਸਬੀਰ ਸਿੰਘ ਜੱਸੀ, ਸ. ਗੁਰਮੀਤ ਸਿੰਘ ਭਾਟੀਆ, ਸ. ਜਸਮੇਲ ਸਿੰਘ ਨੋਨੀ, ਸ. ਮਨਜੀਤ ਸਿੰਘ ਔਲਖ, ਸ. ਪਰਮਜੀਤ ਸਿੰਘ ਰਾਣਾ, ਸ. ਭੁਪਿੰਦਰ ਸਿੰਘ ਭੁੱਲਰ, ਸ. ਪਰਮਜੀਤ ਸਿੰਘ ਚੰਢੋਕ, ਸ. ਤਰਲੋਚਨ ਸਿੰਘ ਮਣਕੂ, ਸ. ਜਤਿੰਦਰ ਪਾਲ ਸਿੰਘ ਗੋਲਡੀ, ਸ. ਸਵਰਨ ਸਿੰਘ ਬਰਾੜ, ਬੀਬੀ ਰਣਜੀਤ ਕੌਰ ਅਤੇ ਅਕਾਲੀ ਦਲ ਦੇ ਆਗੂ ਸ. ਕੁਲਮੋਹਨ ਸਿੰਘ, ਸ. ਕੁਲਦੀਪ ਸਿੰਘ ਭੋਗਲ, ਸ. ਰਵਿੰਦਰ ਸਿੰਘ ਖੁਰਾਣਾ, ਸ. ਸਤਪਾਲ ਸਿੰਘ, ਸ. ਗੁਰਵਿੰਦਰ ਸਿੰਘ, ਸ. ਜਸਪ੍ਰੀਤ ਸਿੰਘ ਵਿੱਕੀਮਾਨ ਤੇ ਹੋਰ ਪੱਤਵੰਤੇ ਸੱਜਣਾਂ ਨੇ ਹਾਜ਼ਰੀਆਂ ਭਰੀਆਂ।