ਨਵੀਂ ਦਿੱਲੀ : ਪਾਕਿਸਤਾਨ ਵਿਖੇ ਸਥਾਪਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਨਾਂ ਵੀਜ਼ਾ ਦਰਸ਼ਨਾਂ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ ਕਈ ਅਹਿਮ ਮੱਤਿਆਂ ਨੂੰ ਅੱਜ ਪ੍ਰਵਾਨ ਕੀਤਾ ਹੈ। ਜਿਸ ’ਚ ਭਾਰਤੀ ਸੀਮਾ ’ਚ ਸਥਾਪਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਬਾਰਡਰ ਤਕ ਦੇ 1.5 ਕਿਲੋਮੀਟਰ ਲੰਬੇ ਰਾਹ ’ਤੇ ਅਤਿ ਆਧੂਨਿਕ ਸਹੂਲਤਾਂ ਨਾਲ ਲੈਸ ਗਲਿਆਰਾ ਬਣਾਉਣ ਨੂੰ ਮਨਜੂਰੀ ਦੇਣਾ ਵੀ ਸ਼ਾਮਿਲ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਲਾਂਘੇ ਨੂੰ ਬਣਾਉਣ ਦਾ ਐਲਾਨ ਕਰਨ ਉਪਰੰਤ ਪਾਕਿਤਸਾਨੀ ਵਿਦੇਸ਼ ਮੰਤਰੀ ਸ਼ਾਹ ਮੁਹੱਮਦ ਕੁਰੈਸ਼ੀ ਨੇ ਟਵੀਟ ਕਰਦੇ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਆਪਣੇ ਹਿੱਸੇ ਦੇ 2.5 ਕਿਲੋਮੀਟਰ ਲੰਬੇ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ 28 ਨਵੰਬਰ ਨੂੰ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਨੇ ਕੈਬਨਿਟ ਵੱਲੋਂ ਮਨਜੂਰ ਕੀਤੇ ਗਏ ਸਮੂਹ ਮੱਤਿਆ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਇਸਤੋਂ ਪਹਿਲਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਨੇ ਕੈਬਨਿਟ ਦੇ ਫੈਸਲੇ ਦੀ ਜਾਣਕਾਰੀ ਟਵੀਟਰ ਰਾਹੀਂ ਦਿੱਤੀ। ਬਾਦਲ ਜੋੜੇ ਨੇ ਦਿੱਲੀ ਸਥਿਤ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰਤਾਰਪੁਰ ਲਾਂਘੇ ਸਣੇ ਕੈਬਨਿਟ ਵੱਲੋਂ ਮਨਜੂਰ ਕੀਤੇ ਗਏ ਸਮੂਹ ਮੱਤਿਆਂ ਦੀ ਜਾਣਕਾਰੀ ਦਿੱਤੀ।
ਬਾਦਲ ਨੇ ਦੱਸਿਆ ਕਿ ਅਕਾਲੀ ਦਲ ਸਿੱਖਾਂ ਦੀ ਉਕਤ 70 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਾਉਣ ਲਈ ਸ਼ੁਰੂ ਤੋਂ ਕੋਸ਼ਿਸ਼ ਕਰ ਰਿਹਾ ਸੀ। ਪੰਜਾਬ ’ਚ ਅਕਾਲੀ ਸਰਕਾਰ ਨੇ ਪੰਜਾਬ ਵਿਧਾਨ ਸਭਾ ’ਚ ਕਰਤਾਰਪੁਰ ਲਾਂਘੇ ਨੂੰ ਖੋਲਣ ਸਬੰਧੀ ਮੱਤਾ ਪਾਸ ਕੀਤਾ ਸੀ। ਪ੍ਰਧਾਨ ਮੰਤਰੀ ਵੱਲੋਂ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਦੀ ਚੰਗੀ ਕਾਰਗੁਜਾਰੀ ਤੋਂ ਬਾਅਦ ਅੱਜ ਕੈਬਨਿਟ ਵੱਲੋਂ ਕਰਤਾਰਪੁਰ ਲਾਂਘੇ ਨੂੰ ਬਣਾਉਣ ਦੀ ਮਨਜੂਰੀ ਦੇਣਾ ਇਤਿਹਾਸਕ ਫੈਸਲਾ ਹੈ। ਭਾਰਤ ਸਰਕਾਰ ਆਪਣੇ ਹਿੱਸੇ ਦੇ ਗਲਿਆਰੇ ਦਾ ਕਾਰਜ ਛੇਤੀ ਆਰੰਭ ਕਰ ਦੇਵੇਗੀ ਤਾਂਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਗੁਰਦੁਆਰਾ ਕਰਤਾਰਪੁਰ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰ ਸਕੇ।
ਬਾਦਲ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਸਿੰਧਾਂਤ ’ਤੇ ਵਿਕਸਿਤ ਕਰਦੇ ਹੋਏ ਵਿਰਾਸਤੀ ਪਿੰਡ ਬਣਾਉਣ ਦਾ ਫੈਸਲਾ ਲਿਆ ਹੈ। ਇਥੇ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਨੂੰ ‘‘ਪਿੰਡ ਬਾਬੇ ਨਾਨਕ ਦਾ’’ ਵਿਰਾਸਤ ਕੰਪਲੈਕਸ ’ਚ ਦਰਸ਼ਾਇਆ ਜਾਵੇਗਾ। ਨਾਲ ਹੀ ਸੁਲਤਾਰਪੁਰ ਲੋਧੀ ਨੂੰ ਸੈਰ-ਸਪਾਟੇ ਅਤੇ ਸੈਲਾਨੀਪੱਖੀ ਬਣਾਉਣ ਵਾਸਤੇ ਉਥੇ ਦੇ ਰੇਲਵੇ ਸਟੇਸ਼ਨ ਨੂੰ ਆਧੂਨਿਕ ਤਕਨੀਕਾ ਨਾਲ ਲੈਸ ਕਰਕੇ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਗੁਰੂ ਸਾਹਿਬ ਆਪਣੇ ਜੀਵਨ ਕਾਲ ਦੌਰਾਨ ਭਾਰਤ ਦੇ ਜਿਨ੍ਹਾਂ ਸ਼ਹਿਰਾਂ ’ਚ ਗਏ ਉਨ੍ਹਾਂ ਸਾਰੇ ਸ਼ਹਿਰਾਂ ਨੂੰ ਰੇਲਵੇ ਨੈਟਵਰਕ ਰਾਹੀਂ ਸੁਲਤਾਨਪੁਰ ਲੋਧੀ ਨਾਲ ਜੋੜਿਆ ਜਾਵੇਗਾ।
ਬਾਦਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗੁਰੂ ਸਾਹਿਬ ਬਾਰੇ ਇੱਕ ਸਿੱਕਾ ਅਤੇ ਡਾਕ ਟਿਕਟ ਵੀ 550ਵੇਂ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੀ ਜਾਵੇਗੀ। ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਮੂਹ ਧਰਮਾਂ ਵਿਚਾਲੇ ਆਪਸੀ ਖੋਜ ਕਰਨ ਲਈ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਦਿੱਲੀ ਵਿਖੇ ਗੁਰੂ ਸਾਹਿਬ ਦੇ ਜੀਵਨ ਬਾਰੇ ਕੌਮਾਂਤਰੀ ਸੈਮੀਨਾਰ ਕਰਵਾਇਆ ਜਾਵੇਗਾ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਇੰਗਲੈਂਡ ਅਤੇ ਕੈਨੇਡਾ ਦੀ ਇੱਕ-ਇੱਕ ਯੂਨੀਵਰਸਿਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕੀਤੀ ਜਾਵੇਗੀ।
ਬਾਦਲ ਨੇ ਦੱਸਿਆ ਕਿ ਭਾਰਤ ਦੇ ਸਮੂਹ ਸੂਬਿਆਂ ਅਤੇ ਕੇਂਦਰ ਸਾਸ਼ਿਤ ਸੂਬਿਆਂ ਨੂੰ ਕੇਂਦਰ ਸਰਕਾਰ ਵੱਲੋਂ ਗੁਰੂ ਸਾਹਿਬ ਨਾਲ ਸਬੰਧਿਤ ਗੁਰਧਾਮਾਂ ’ਚ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਆਦਿਕ ਦੇ ਰੂਪ ’ਚ ਮਨਾਉਣ ਲਈ ਬੇਨਤੀ ਕੀਤੀ ਜਾਵੇਗੀ। ਦੂਰਦਰਸ਼ਨ ਵੱਲੋਂ ਗੁਰੂ ਸਾਹਿਬ ਨਾਲ ਸਬੰਧਿਤ ਹੋਣ ਵਾਲੇ ਸਮੂਹ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ਵੱਖ-ਵੱਖ ਭਾਰਤੀ ਭਾਸ਼ਾਵਾਂ ’ਚ ਗੁਰਬਾਣੀ ਛਾਪਣ ਦਾ ਉਪਰਾਲਾ ਕੀਤਾ ਜਾਵੇਗਾ।ਨਾਲ ਹੀ ਯੂਨਿਸਕੋ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿੱਖਤਾਂ ਨੂੰ ਵਿਦੇਸ਼ੀ ਭਾਸ਼ਾਵਾਂ ’ਚ ਛਾਪਣ ਲਈ ਬੇਨਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਭਾਰਤ ਸਰਕਾਰ ਦੇ ਵਿਦੇਸ਼ਾਂ ’ਚ ਸਥਿਤ ਸਾਰੇ ਮਿਸ਼ਨ (ਦੂਤਘਰ) ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣਗੇ।
ਹਰਸਿਮਰਤ ਨੇ ਦੱਸਿਆ ਕਿ ਉਕਤ ਸਾਰੇ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਜਿਸਦੀ ਪ੍ਰਧਾਨਗੀ ਰਾਜਨਾਥ ਸਿੰਘ ਕਰ ਰਹੇ ਹਨ। ਹਰਸਿਮਰਤ ਨੇ ਕਿਹਾ ਕਿ ਸਿੱਖ ਸਵੇਰੇ-ਸ਼ਾਮ ਗੁਰੂ ਮਹਾਰਾਜ ਦੇ ਚਰਨਾਂ ’ਚ ਪੰਥ ਤੋਂ ਵਿਛੋੜੇ ਗਏ ਗੁਰੂਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦੇ ਹਨ।ਸਿੱਖਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਕੇਂਦਰ ਸਰਕਾਰ ਨੇ ਮਨਜੂਰੀ ਦੇ ਕੇ ਇਤਿਹਾਸਕ ਕੰਮ ਕੀਤਾ ਹੈ। ਹਰਸਿਮਰਤ ਨੇ ਕਰਤਾਰਪੁਰ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਛੇਤੀ ਸ਼ੁਰੂ ਕਰਨ ਦੀ ਆਸ਼ ਜਤਾਉਂਦੇ ਹੋਏ ਪਾਕਿਸਤਾਨ ਸਰਕਾਰ ਨੂੰ ਇਸ ਮਸਲੇ ’ਤੇ ਸੁਹਿਰਦਰਤਾ ਦਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਮੌਜੂਦ ਸਨ।