‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ।
ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ ਜੱਗ ਸਮੁੱਚਾ।
‘ਮਨ ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮੰਨ ਦੇ ਅੰਦਰ,
ਗੁਰੁ ਨਾਨਕ ਹੈ ਪੀਰ ਪੈਗੰਬਰ , ਜੋ ਦੁਨੀਆ ਦਾ ਮੱਕਾ ਮੰਦਿਰ।
‘ਊਚੋਂ ਨੀਚ ਕਰੇ ਮੇਰਾ ਗੋਬਿੰਦ’ ਰਖਣ ਵਾਲਾ ਸਭ ਦੀ ਪੱਤ।
ਕੌਡੇ ਰਾਖ਼ਸ਼ ਬਣ ਗਏ ਏਥੇ, ਕਈ ਲੋਕਾਂ ਦੀ ਪੀਤੀ ਰੱਤ।
ਭਾਈ ਲਾਲੋ ਦੇ ਕੋਧਰੇ ‘ਚੋਂ, ਦੁੱਧ ਦੀਆ ਧਾਰਾਂ ਜਿੳੁਂ ਸਮੁੰਦਰ,
ਗੁਰੁ ਨਾਨਕ ਹੈ , ਪੀਰ ਪੈਗੰਬਰ, ਜੋ ਦੁਨੀਆਂ ਦਾ ਮੱਕਾ ਮੰਦਿਰ।
ਨਂਾਨਕ ਦਾ ਮਰਦਾਨਾ ਸਾਥੀ , ਜਿਸ ਉਮਰਾਂ ਸਾਥ ਨਿਭਾਇਆ।
ਵਲੀ ਕੰਧਾਰੀ ਦਾ ਬੱਲ ਟੁੱਟਾ, ਪੰਜਾ ਲਾ ਪਰਬਤ ਅਟਕਾਇਆ।
ਕਿਰਤ ਕਮਾਈ ਕਰਨ ਵਾਲੇ ਦਾ, ਕਦੇ ਖੇਤ ਨਾ ਬਣਿਆਂ ਬੰਜਰ,
ਗੁਰੁ ਨਾਨਕ ਹੈ ਪੀਰ ਪੈਗੰਬਰ, ਸਭ ਦੁਨੀਆ ਦਾ ਮੱਕਾ ਮੰਦਿਰ।
‘ਆਪੇ ਬੀਜ ਆਪੇ ਹੀ ਖਾਹੁ’ ਦਸਾਂ ਨੁਹਾਂ ਦੀ ਕਿਰਤ ਕਮਾਉ।
ਇਹ ਗੁਰੁ ਨਾਨਕ ਦਾ ਫਰੁਮਾਣ , ਆਪਣਾ ਕੀਤਾ ਆਪੇ ਪਾਉ।
ਗੁਰੂ ਨਾਨਕ ਦੀ ਬਾਣੀ ਪੜ੍ਹੀਏ, ਉਡ ਜਾਣਗੇ ਕਲਾ- ਕਲੰਦਰ,
ਗੁਰੂ ਨਾਨਕ ਹੈ ਪੀਰ ਪੈਗੰਬਰ, ਸਭ ਦੁਨੀਆਂ ਦਾ ਮੱਕਾ ਮੰਦਿਰ।
ਇਸ ਨਾਨਕ ਦੀ ਧਰਤੀ ਉਤੇ, ਹੁਣ ਤਾਂ ਕੂੜ ਹੋਇਆ ਪਰਧਾਨ।
ਉਪਰੋਂ ਦੇਵਤਿਆਂ ਜਿਹੇ ਚਿਹਰੇ, ਅੰਦਰੋਂ ਨੇ ਉਹ ਬਹੁਤ ਸ਼ੈਤਾਨ।
ਆ ਕੇ ਧਰਮ ਤਮਾਸ਼ਾ ਵੇਖੋ, ਬਣ ਗਏ ਏਥੇ ਗੁਰੂ ਅਡੰਬਰ,
ਗੁਰੂ ਨਾਨਕ ਹੈ ਪੀਰ ਪੈਗੰਬਰ, ਸੱਚਾ-ਸੁੱਚਾ ਜਿਉਂ ਹਰਿਮੰਦਰ।
ਜਿਥੇ ਨਾਨਕ ਪਰਗਟ ਹੋਇਆ, ਉਸ ਧਰਤੀ ਨੂੰ ਸੀਸ ਨਿਵਾਈਏ।
“ਸੁਹਲ” ਸੱਚੇ ਸਤਿਗੁਰਾਂ ਦੀ, ਮਨ-ਚਿਤ ਹੋ ਕੇ ਸੇਵ ਕਮਾਈਏ।
ਇਹ ਮਲਕੀਅਤ ਗੁਰੂ ਨਾਨਕ ਦੀ, ਗੁਰੂ ਨਾਨਕ ਹੈ ਮਨ ਦੇ ਅੰਦਰ,
ਗੁਰੂ ਨਾਨਕ ਹੈ ਪੀਰ ਪੈਗੰਬਰ, ਵਸਦਾ ਮੱਕੇ, ਮਸਜਿ਼ਦ, ਮੰਦਰ।