ਇਸਲਾਮਾਬਾਦ – ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦੇ ਲਈ ਪਾਕਿਸਤਾਨ ਵਾਲੇ ਹਿੱਸੇ ਵਿੱਚ 28 ਨਵੰਬਰ ਨੂੰ ਨੀਂਹ ਪੱਥਰ ਰੱਖਿਆ ਜਾਵੇਗਾ। ਪਾਕਿਸਤਾਨ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਦਾ-ਪੱਤਰ ਦਿੱਤਾ ਗਿਆ ਹੈ। ਵਿਦੇਸ਼ਮੰਤਰੀ ਸੁਸ਼ਮਾ ਨੂੰ ਵੀ ਨਿਓਤਾ ਦਿੱਆ ਗਿਆ ਹੈ।ਪਾਕਿਸਤਾਨ ਦੇ ਵਿਦੇਸ਼ਮੰਤਰੀ ਸ਼ਾਹ ਕੁਰੈਸ਼ੀ ਨੇ ਟਵੀਟ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਵਿਦੇਸ਼ਮੰਤਰੀ ਕੁਰੈਸ਼ੀ ਨੇ ਲਿਖਿਆ ਹੈ, ‘ਪਾਕਿਸਤਾਨ ਵੱਲੋਂ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ 28 ਨਵੰਬਰ ਨੂੰ ਕਰਤਾਰਪੁਰ ਵਿੱਚ ਆਯੋਜਿਤ ਨੀਂਹ-ਪੱਥਰ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਨਿਓਤਾ ਦਿੱਤਾ ਹੈ।’ ਪਾਕਿਸਤਾਨੀ ਵਿਦੇਸ਼ ਵਿਭਾਗ ਵੱਲੋਂ ਇਨ੍ਹਾਂ ਨੇਤਾਵਾਂ ਨੂੰ ਰਸਮੀ ਤੌਰ ਤੇ ਸਦ-ਪੱਤਰ ਵੀ ਭੇਜਿਆ ਗਿਆ ਹੈ। ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਖਾਵੇਂ ਬਣਾਉਣ ਦਾ ਇਹ ਬਹੁਤ ਹੀ ਸਲਾਘਾਯੋਗ ਕਦਮ ਉਠਾਇਆ ਹੈ। ਇਸ ਨਾਲ ਅੱਗੇ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ।
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਗਲਿਆਰੇ ਦਾ ਨਿਰਮਾਣ ਕਰਨ ਲਈ ਖੁਦ ਨੀਂਹ-ਪੱਥਰ ਰੱਖਣਗੇ। ਸਿੱਖ ਕੌਮ ਦੇ ਲਈ ਇਹ ਬਹੁਤ ਹੀ ਅਹਿਮੀਅਤ ਰੱਖਦਾ ਹੈ ਕਿ ਉਹ ਬਿਨਾਂ ਵੀਜ਼ਾ ਲਏ ਆਪਣੇ ਇਸ ਪਵਿੱਤਰ ਧਾਰਮਿਕ ਸਥਾਨ ਦੇ ਦਰਸ਼ਨ ਕਰ ਸਕਣਗੇ।
ਵਰਨਣਯੋਗ ਹੈ ਕਿ ਕਰਤਾਰਪੁਰ ਅੰਤਰਰਾਸ਼ਟਰੀ ਸੀਮਾ ਤੇ ਵੱਸਿਆ ਇੱਕ ਛੋਟਾ ਸ਼ਹਿਰ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿ਼ੰਦਗੀ ਦੇ ਆਖਰੀ 18 ਸਾਲ ਬਤੀਤ ਕੀਤੇ ਸਨ।